ਅੰਦੋਲਨ ਵਿਚ ਕਿਸੇ ਵੀ ਔਰਤ ਨਾਲ ਕਿਸੇ ਵੀ ਕਿਸਮ ਦੀ ਕੋਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ - ਕਿਸਾਨ ਮੋਰਚਾ
- ਸਯੁੰਕਤ ਕਿਸਾਨ ਮੋਰਚਾ ਸ਼ਹੀਦ ਔਰਤ ਲਈ ਇਨਸਾਫ ਦੀ ਲੜਾਈ ਦੇ ਨਾਲ ਖੜਾ ਹੈ: ਅੰਦੋਲਨ ਵਿਚ ਕਿਸੇ ਵੀ ਔਰਤ ਨਾਲ ਕਿਸੇ ਵੀ ਕਿਸਮ ਦੀ ਕੋਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ
ਨਵੀਂ ਦਿੱਲੀ, 9 ਮਈ 2021 - ਅੱਜ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ, ਪਿਛਲੇ ਮਹੀਨੇ ਟਿਕਰੀ ਬਾਰਡਰ 'ਤੇ ਬੰਗਾਲ ਦੀ ਇਕ ਮਹਿਲਾ ਸਾਥੀ ਨਾਲ ਬਦਸਲੂਕੀ ਦੀ ਖ਼ਬਰਾਂ ਬਾਰੇ ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਹ ਆਪਣੀ ਸ਼ਹੀਦ ਔਰਤ ਸਾਥੀ ਲਈ ਨਿਆਂ ਦੀ ਲੜਾਈ ਦੇ ਨਾਲ ਖੜਾ ਹੈ। ਸੰਯੁਕਤ ਕਿਸਾਨ ਮੋਰਚਾ ਇਸ ਕੇਸ ਦੇ ਦੋਸ਼ੀਆਂ ਖ਼ਿਲਾਫ਼ ਪਹਿਲਾਂ ਤੋਂ ਹੀ ਕਾਰਵਾਈ ਕਰ ਰਿਹਾ ਹੈ ਅਤੇ ਅਸੀਂ ਇਨਸਾਫ਼ ਦੀ ਇਸ ਲੜਾਈ ਨੂੰ ਅੰਤ ’ਤੇ ਲੈ ਕੇ ਜਾਵਾਂਗੇ।
ਇਹ ਸਾਥੀ 12 ਅਪ੍ਰੈਲ ਨੂੰ ਟਿਕਰੀ ਬਾਰਡਰ 'ਤੇ "ਕਿਸਾਨ ਸੋਸ਼ਲ ਆਰਮੀ" ਨਾਮ ਦੀ ਜਥੇਬੰਦੀ ਦੇ ਕੁਝ ਕਾਰਕੁਨਾਂ ਦੇ ਨਾਲ ਬੰਗਾਲ ਤੋਂ ਆਈ ਸੀ। ਦਿੱਲੀ ਜਾਂਦੇ ਹੋਏ ਅਤੇ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੇ ਉਸ ਨਾਲ ਬਦਸਲੂਕੀ ਕੀਤੀ। ਇੱਕ ਹਫ਼ਤੇ ਬਾਅਦ ਔਰਤ ਨੂੰ ਬੁਖਾਰ ਹੋਇਆ, ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ 30 ਅਪ੍ਰੈਲ ਨੂੰ ਕੋਵਿਡ ਕਾਰਨ ਦੁਖਦਾਈ ਮੌਤ ਹੋ ਗਈ।
ਜਿਵੇਂ ਹੀ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ, ਸੰਯੁਕਤ ਕਿਸਾਨ ਮੋਰਚਾ ਦੀਆਂ ਕਮੇਟੀਆਂ ਨੇ ਇਸ ‘ਤੇ ਵਿਚਾਰ ਕਰਕੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ। ਮੋਰਚੇ ਦੀ ਟਿਕਰੀ ਕਮੇਟੀ ਦੇ ਫੈਸਲੇ ਅਨੁਸਾਰ ਚਾਰ ਦਿਨ ਪਹਿਲਾਂ “ਕਿਸਾਨ ਸੋਸ਼ਲ ਆਰਮੀ” ਨਾਮੀ ਸੰਸਥਾ ਦੇ ਤੰਬੂ ਅਤੇ ਬੈਨਰ ਹਟਾ ਦਿੱਤੇ ਗਏ ਸਨ। ਮੋਰਚੇ ਦੀ ਸਟੇਜ ਤੋਂ, ਇਸ ਘਟਨਾ ਦੇ ਦੋਸ਼ੀਆਂ ਨੂੰ ਅੰਦੋਲਨ ਤੋਂ ਬਾਹਰ ਕਰਨ ਅਤੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸੰਗਠਨ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਧਿਕਾਰਤ ਪ੍ਰਤੀਨਿਧੀ ਨਹੀਂ ਸੀ, ਅਤੇ ਇਸ ਤੋਂ ਬਾਅਦ ਇਸ ਦੇ ਕਿਸੇ ਵੀ ਹੈਂਡਲ ਦਾ ਸਾਡੀ ਲਹਿਰ ਨਾਲ ਕੋਈ ਸਬੰਧ ਨਹੀਂ ਰਹੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਔਰਤ ਦੇ ਪਰਿਵਾਰ ਨੂੰ ਪਹਿਲੇ ਦਿਨ ਤੋਂ ਭਰੋਸਾ ਦਿਵਾਇਆ ਹੈ ਕਿ ਉਹ ਇਨਸਾਫ ਲਈ ਇਸ ਮਾਮਲੇ ਵਿੱਚ ਜੋ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹੈ, ਉਹ ਕਾਰਵਾਈ ਕਰਨ ਲਈ ਆਜ਼ਾਦ ਹਨ, ਅਤੇ ਇਸ ਵਿੱਚ ਸਯੁੰਕਤ ਮੋਰਚਾ ਪੂਰਾ ਸਹਿਯੋਗ ਕਰੇਗਾ। ਕੱਲ੍ਹ 8 ਮਈ ਨੂੰ ਉਸ ਦੇ ਪਿਤਾ ਨੇ ਇਸ ਬਾਰੇ ਬਹਾਦੁਰਗੜ ਪੁਲਿਸ ਥਾਣੇ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਅਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਸਯੁੰਕਤ ਕਿਸਾਨ ਮੋਰਚਾ ਇਸ ਜਾਂਚ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦੇਵੇਗਾ ਅਤੇ ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਅਗਵਾਈ ਇਸ ਕਿਸਾਨੀ ਲਹਿਰ ਦੀ ਇੱਕ ਵਿਲੱਖਣ ਤਾਕਤ ਹੈ। ਅਸੀਂ ਹਰ ਔਰਤ ਕਿਸਾਨ ਅਤੇ ਔਰਤ ਸੰਸਥਾਵਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਔਰਤ ਦੀ ਆਜ਼ਾਦੀ ਪ੍ਰਭਾਵਤ ਨਹੀਂ ਹੋਏਗੀ ਅਤੇ ਕਿਸੇ ਵੀ ਤਰਾਂ ਦੀ ਦੁਰਵਿਵਹਾਰ ਜਾਂ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਹਿਰ ਦੀ ਅਗਵਾਈ ਅਤੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਔਰਤਾਂ ਨੂੰ ਲਹਿਰ ਵਿਚ ਖੁੱਲ੍ਹੀ ਅਤੇ ਪੂਰੀ ਭਾਗੀਦਾਰੀ ਲਈ ਮਾਹੌਲ ਬਣਾਇਆ ਜਾਵੇ। ਅਜਿਹੀ ਘਟਨਾ ਨੂੰ ਅੱਗੇ ਤੋਂ ਰੋਕਣ ਲਈ, ਸੰਯੁਕਤ ਕਿਸਾਨ ਮੋਰਚਾ ਇਕ ਕਮੇਟੀ ਦਾ ਗਠਨ ਕਰੇਗੀ, ਜਿਸ ਦੇ ਸਾਹਮਣੇ ਔਰਤਾਂ ਤੇ ਹਰ ਤਰ੍ਹਾਂ ਦੇ ਦੁਰਵਿਵਹਾਰ ਦੇ ਕੇਸ ਪੇਸ਼ ਕੀਤੇ ਜਾਣਗੇ।