ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖੋਲ੍ਹਿਆ ਮੈਡੀਕਲ ਵਾਰਡ
- 50 ਬੈੱਡਾਂ ਵਾਲੇ ਕੇਂਦਰ ਵਿਚ ਆਕਸੀਜਨ ਦਾ ਹੈ ਵਿਸ਼ੇਸ ਪ੍ਰਬੰਧ, ਮੈਡੀਕਲ ਟੀਮਾਂ ਰਹਿਣਗੀਆਂ ਤਾਇਨਾਤ
- ਕੋਵਿਡ ਕੇਅਰ ਕੇਂਦਰ ਦੀ ਆਰੰਭਤਾ ਮੌਕੇ ਬੀਬੀ ਜਗੀਰ ਕੌਰ ਤੇ ਸ. ਸੁਖਬੀਰ ਸਿੰਘ ਬਾਦਲ ਰਹੇ ਮੌਜੂਦ
ਤਲਵੰਡੀ ਸਾਬੋ/ਅੰਮ੍ਰਿਤਸਰ, 8 ਮਈ 2021 - ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਕਾਲ ਵਿਚ ਮਾਨਵਤਾ ਦੀ ਸੇਵਾ ਲਈ ਇਕ ਕਦਮ ਹੋਰ ਪੁੱਟਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕੋਰੋਨਾ ਕੇਅਰ ਕੇਂਦਰ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅਜਿਹਾ ਕੇਂਦਰ ਖੋਲ੍ਹਿਆ ਜਾ ਚੁੱਕਾ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਅੱਜ ਖੋਲ੍ਹੇ ਗਏ 50 ਬੈੱਡਾਂ ਵਾਲੇ ਕੇਂਦਰ ਵਿਚ ਆਕਸੀਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਮੈਡੀਕਲ ਟੀਮਾਂ ਵੀ ਤਾਇਨਾਤ ਰਹਿਣਗੀਆਂ। ਕੋਵਿਡ ਕੇਅਰ ਕੇਂਦਰ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਉਚੇਚੇ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਨੇ ਸਿੱਖ ਸੰਸਥਾ ਦੇ ਮਾਨਵ ਭਲਾਈ ਕਾਰਜਾਂ ਵਿਚ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਜਮਾਤ ਹੈ ਅਤੇ ਇਹ ਲੋਕ ਹਿੱਤਕਾਰੀ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਮੌਜੂਦਾ ਕੋਰੋਨਾ ਦੇ ਦੌਰ ਵਿਚ ਹਰ ਤਰ੍ਹਾਂ ਲੋੜਵੰਦਾਂ ਨਾਲ ਖੜ੍ਹਦਿਆਂ ਆਪਣਾ ਫ਼ਰਜ਼ ਬਾਖੂਬੀ ਨਿਭਾਅ ਰਹੀ ਹੈ। ਇਸੇ ਅਨੁਸਾਰ ਹੀ ਵੱਖ-ਵੱਖ ਥਾਵਾਂ ’ਤੇ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਕੰਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਗਏ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਸਰਕਾਰਾਂ ਨੂੰ ਆਕਸੀਜਨ ਲਈ ਪ੍ਰਬੰਧ ਕਰਨ ਲਈ ਸੰਜੀਦਾ ਹੋਣਾ ਚਾਹੀਦਾ ਹੈ ਅਤੇ ਟੀਕਾਕਰਣ ਲਈ ਵੀ ਜ਼ੋਰਦਾਰ ਮੁਹਿੰਮ ਆਰੰਭਣੀ ਜ਼ਰੂਰੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੁਫ਼ਤ ਟੀਕਾਕਰਣ ਕਰ ਰਹੀ ਹੈ ਅਤੇ ਇਸੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਕਸੀਜਨ ਪਲਾਂਟ ਦਾ ਵੀ ਪ੍ਰਬੰਧ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ’ਚ ਸਥਾਪਿਤ ਕੀਤੇ ਜਾ ਰਹੇ ਕੋਵਿਡ ਕੇਅਰ ਕੇਂਦਰਾਂ ਲਈ ਆਕਸੀਜਨ ਕੰਸਨਟਰੇਟਰ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਹਨ।
ਸਿੱਖ ਸੰਸਥਾ ਦਾ ਮੰਤਵ ਕੋਰੋਨਾ ਦੌਰਾਨ ਲੋਕਾਂ ਨੂੰ ਸੇਵਾਵਾਂ ਦੇ ਕੇ ਰਾਹਤ ਪ੍ਰਦਾਨ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਲਈ ਵੀ ਯਤਨਸ਼ੀਲ ਹੈ ਅਤੇ ਆਸ ਹੈ ਕਿ ਇਸ ਵਿਚ ਜਲਦ ਕਾਮਯਾਬੀ ਮਿਲੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕੇਅਰ ਕੇਂਦਰਾਂ ਵਿਚ ਓਨੀ ਦੇਰ ਤੱਕ ਸੇਵਾਵਾਂ ਜਾਰੀ ਰਹਿਣਗੀਆਂ, ਜਿੰਨਾ ਚਿਰ ਹਾਲਾਤਾਂ ਆਮ ਵਾਂਗ ਨਹੀਂ ਹੋ ਜਾਂਦੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸਹਿਯੋਗ ਲਈ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਵਾਰਡ ਸਥਾਪਿਤ ਕਰ ਕੇ ਆਕਸੀਜਨ ਦੇ ਲੰਗਰ ਲਗਾਉਣ ਦੀ ਸ਼ਲਾਘਾ ਕਰਦਿਆਂ ਸਿੱਖ ਸੰਸਥਾ ਨੂੰ ਸੇਵਾ ਕਾਰਜਾਂ ਵਿਚ ਭਰਵੇਂ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨਾਲ ਖੜ੍ਹਨ ਦਾ ਸਮਾਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਸ ਵਿਚ ਪਿੱਛੇ ਨਹੀਂ ਹਟੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਸੀਨੀਅਰ ਅਕਾਲੀ ਆਗੂ ਸ. ਸਿਕੰਦਰ ਸਿੰਘ ਮਲੂਕਾ, ਸ. ਜੀਤ ਮਹਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਡਾ. ਏ. ਪੀ. ਸਿੰਘ, ਸ. ਦਰਸ਼ਨ ਸਿੰਘ ਕੋਟਫੱਤਾ, ਸ. ਬਲਕਾਰ ਸਿੰਘ ਬਰਾੜ ਆਦਿ ਮੌਜੂਦ ਸਨ।