ਕੋਰੋਨਾ ਕਾਲ ’ਚ ਡਾਕਟਰਾਂ ਦੇ ਅਸਤੀਫਿਆਂ ਨੇ ਮੰਜੇ ਤੇ ਪਾਈਆਂ ਸਿਹਤ ਸੇਵਾਵਾਂ
ਅਸ਼ੋਕ ਵਰਮਾ
ਬਠਿੰਡਾ,8 ਮਈ2021: ਪਹਿਲਾਂ ਤੋਂ ਹੀ ਸਟਾਫ ਦੀ ਘਾਟ ਨਾਲ ਜੂਝ ਰਹੇ ਸਿਵਲ ਹਸਪਤਾਲ ਬਠਿੰਡਾ ’ਚ ਡਾਕਟਰਾਂ ਵੱਲੋਂ ਦਿੱਤੇ ਅਸਤੀਫਿਆਂ ਕਾਰਨ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੋਣ ਦਾ ਖਦਸ਼ਾ ਬਣ ਗਿਆ ਹੈ। ਕਰੋਨਾ ਮਹਾਂਮਾਰੀ ਕਾਰਨ ਹਸਪਤਾਲ ਦੇ ਕੁੱਝ ਡਾਕਟਰਾਂ ਵੱਲੋਂ ਲਏ ਫੈਸਲੇ ਕਾਰਨ ਸਿਹਤ ਵਿਭਾਗ ਦੇ ਫਿਕਰ ਵਧ ਗਏ ਹਨ ਅਤੇ ਮਰੀਜਾਂ ਲਈ ਮੁਸ਼ਕਲਾਂ ਦਾ ਪਹਾੜ ਖੜ੍ਹਾ ਹੋ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾ ਜੈਅੰਤ ਅਗਰਵਾਲ ਤੋਂ ਬਾਅਦ ਡਾ. ਰਮਨਦੀਪ ਗੋਇਲ (ਦੋਵੇਂ ਐਮ ਡੀ ਮੈਡੀਸਨ)ਅਤੇ ਅੱਖਾਂ ਦੇ ਮਾਹਰ ਡਾ. ਦੀਪਕ ਗੁਪਤਾ ਵੱਲੋਂ ਅਸਤੀਫੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੱਕ ਐਮ ਡੀ ਡਾਕਟਰ ਨੇ ਨੌਕਰੀ ਛੱਡਣ ਲਈ ਤਿੰਨ ਮਹੀਨਿਆਂ ਦਾ ਨੋਟਿਸ ਦੇ ਦਿੱਤਾ ਹੈ। ਡਾ ਜੈਅੰਤ ਅਗਰਵਾਲ ਸਿਵਲ ਹਸਪਤਾਲ ’ਚ ਕਰੋਨਾ ਆਈਸੋਲੇਸ਼ਨ ਵਾਰਡ ਦੀ ਜਿੰਮੇਵਾਰੀ ਸੰਭਾਲ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਡਾਕਟਰ ਅਗਰਵਾਲ ਦੇ ਅਸਤੀਫੇ ਕਾਰਨ ਕਰੋਨਾ ਮਰੀਜਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਵੇਂ ਹੀ ਨੌਕਰੀ ਛੱਡਣ ਵਾਲੀ ਡਾ ਰਮਨਦੀਪ ਗੋਇਲ ਨੇ ਕਾਫੀ ਸਮਾਂ ਪਹਿਲਾਂ ਸਿਹਤ ਵਿਭਾਗ ਨੂੰ ਆਪਣਾ ਨੋਟਿਸ ਸਿਹਤ ਵਿਭਾਗ ਨੂੰ ਭੇਜਿਆ ਸੀ ਪਰ ਅਧਿਕਾਰੀਆਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਸੀ। ਉਨ੍ਹਾਂ ਇੱਕ ਵਾਰ ਫਿਰ ਨੋਟਿਸ ਭੇਜ ਦਿੱਤਾ ਅਤੇ ਅੰਤ ਨੂੰ ਅਸਤੀਫਾ ਦੇ ਗਏ ਜਦੋਂ ਉਨ੍ਹਾਂ ਦੀ ਵੱਡੀ ਲੋੜ ਸੀ। ਡਾ ਰਮਨਦੀਪ ਗੋਇਲ ਅਜਿਹੀ ਡਾਕਟਰ ਸੀ ਜਿਸ ਕੋਲ ਇਲਾਜ ਲਈ ਅਕਸਰ ਹੀ ਔਰਤਾਂ ਦੀ ਭੀੜ ਦੇਖੀ ਜਾ ਸਕਦੀ ਸੀ। ਡਾ ਗੋਇਲ ਨੇ ਨੌਕਰੀ ਛੱਡਣ ਦੀ ਵਜ੍ਹਾ ਜਾਤੀ ਰੁਝੇਵੇਂ ਦੱਸਦਿਆਂ ਕਿਹਾ ਕਿ ਇਸ ਦਾ ਕੋਵਿਡ-19 ਨਾਲ ਕੋਈ ਸਬੰਧ ਨਹੀਂ ਹੈ। ਡਾ ਗੋਇਲ ਦੇ ਪਤੀ ਦਾ ਸ਼ਹਿਰ ’ਚ ਆਪਣਾ ਨਾਮੀ ਗਿਰਾਮੀ ਹਸਪਤਾਲ ਹੈ।
ਸੂਤਰ ਦੱਸਦੇ ਹਨ ਕਿ ਸਰਕਾਰੀ ਡਿਊਟੀ ਦੌਰਾਨ ਦਿਨੋ ਦਿਨ ਵਧ ਰਹੇ ਬੋਝ ਨੂੰ ਹਲਕਾ ਕਰਨ ਅਤੇ ਆਪਣੇ ਪਤੀ ਦਾ ਹੱਥ ਵਟਾਉਣ ਦੇ ਮੰਤਵ ਨਾਲ ਨੌਕਰੀ ਤਿਆਗੀ ਹੈ। ਉਂਜ ਅੱਖਾਂ ਦੀ ਮਾਹਿਰ ਡਾਕਟਰ ਦੀਪਕ ਗੁਪਤਾ ਨੇ ਆਪਣੇ ਅਸਤੀਫੇ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਿਹਤ ਵਿਭਾਗ ਬਠਿੰੰਡਾ ਦੇ ਇੱਕ ਅਧਿਕਾਰੀ ਨੇ ਮੰਨਿਆ ਹੈ ਕਿ ਹਾਲਾਤ ਪੂਰੀ ਤਰਾਂ ਮੁਸ਼ਕਲ ਬਣ ਗਏ ਹਨ ਜਿੰਨ੍ਹਾਂ ’ਚ ਫੌਰੀ ਤੌਰ ਤੇ ਸੁਧਾਰਾਂ ਦੀ ਉਮੀਦ ਵੀ ਨਹੀਂ ਦਿਖਾਈ ਦਿੰਦੀ ਹੈ। ਉਨ੍ਹਾਂ ਆਖਿਆ ਕਿ ਕਰੋਨਾ ਦੇ ਲਗਾਤਾਰ ਗੰਭੀਰ ਹੋ ਰਹੇ ਸੰਕਟ ਕਾਰਨ ਜਦੋਂ ਆਮ ਲੋਕ ਬਹੁਤ ਹੀ ਮੁਸ਼ਕਲਾਂ ਭਰੇ ਦੌਰ ਚੋਂ ਗੁਜ਼ਰ ਰਹੇ ਹਨ ਤਾਂ ਸੀਨੀਅਰ ਡਾਕਟਰਾਂ ਵੱਲੋਂ ਨੌਕਰੀਆਂ ਛੱਡਣ ਦਾ ਫੈਸਲਾ ਹੈਰਾਨਜਨਕ ਅਤੇ ਤਕਲੀਫਦੇਹ ਹੈ ਜੋ ਸਰਕਾਰੀ ਸਿਸਟਮ ਤੇ ਵੀ ਸਵਾਲ ਖੜ੍ਹੇ ਕਰਨ ਵਾਲਾ ਹੈ।
ਕਰੋਨਾ ਲਈ ਐਮ ਡੀ ਮੈਡੀਸਨ ਅਹਿਮ
ਕਰੋਨਾ ਮਰੀਜਾਂ ਦੇ ਇਲਾਜ ’ਚ ਐਮ ਡੀ ਮੈਡੀਸਨ ਮਾਹਿਰ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ। ਕਰੋਨਾ ਮਰੀਜ ਦਾ ਲੈਵਲ ਤੇ ਉਸ ਦੀ ਸਥਿਤੀ ਅਤੇ ਕਿਹੋ ਜਿਹਾ ਇਲਾਜ ਕਰਨਾ ਹੈ ਇਹ ਸੀਨੀਅਰ ਡਾਕਟਰਾਂ ਤੈਅ ਕਰਦੇ ਹਨ। ਸਿਹਤ ਵਿਭਾਗ ਦੇ ਅਧਿਕਾਰੀ ਵੀ ਮੰਨਦੇ ਹਨ ਕਿ ਕਰੋਨਾ ਮਰੀਜਾਂ ਲਈ ਐਮ ਡੀ ਮੈਡੀਸਨ ਵਰਦਾਨ ਹੈ ਜਿੰਨ੍ਹਾਂ ਦੀ ਘਾਟ ਬਣ ਗਈ ਹੈ।
ਮਰੀਜਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ
ਡਾਕਟਰਾਂ ਵੱਲੋਂ ਨੌਕਰੀ ਛੱਡਣ ਉਪਰੰਤ ਸਿਵਲ ਹਸਪਤਾਲ ਬਠਿੰਡਾ ’ਚ ਓ ਪੀ ਡੀ ਦੀ ਸਮੁੱਚੀ ਜਿੰਮੇਵਾਰੀ ਸਿਰਫ ਦੋ ਡਾਕਟਰਾਂ ਤੇ ਪੈ ਗਈ ਹੈ। ਅਜਿਹੇ ਹਾਲਤਾਂ ਦਰਮਿਆਨ ਮਰੀਜਾਂ ਦੀਆਂ ਪਰੇਸ਼ਾਨੀਆਂ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਸਿਵਲ ਹਸਪਤਾਲ ’ਚ ਬਹੁਤ ਸਾਰੇ ਮਰੀਜ ਮੱਧਵਰਗੀ ਅਤੇ ਗਰੀਬ ਪ੍ਰੀਵਾਰਾਂ ਤੋਂ ਆਉਂਦੇ ਹਨ ਜੋ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਸਿਵਲ ਹਸਪਤਾਲ ’ਚ ਇਲਾਜ ਲਈ ਆਏ ਪਿੰਡ ਮਹਿਰਾਜ ਦੇ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੋ ਘੰਟੇ ਇੰਤਜ਼ਾਰ ਤੋਂ ਬਾਅਦ ਡਾਕਟਰ ਤੋਂ ਸਮਾਂ ਮਿਲਿਆ ਹੈ। ਇੱਥੇ ਖਲੋਤੇ ਹੋਰ ਵੀ ਮਰੀਜਾਂ ਨੇ ਆਪਣੀਆਂ ਮੁਸ਼ਕਲਾਂ ਬਿਆਨ ਕੀਤੀਆਂ ਹਨ।
ਸਰਕਾਰੀ ਨੀਤੀਆਂ ਦਾ ਸਿੱਟਾ
ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਰਕਾਰੀ ਨੀਤੀਆਂ ਦਾ ਹੀ ਸਿੱਟਾ ਹੈ ਜਿਸ ਤਹਿਤ ਡਾਕਟਰ ਮੁਸਤਫੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਅਦਾਰਿਆਂ ਪ੍ਰਫੁੱਲਤ ਕਰਨ ਦੀ ਥਾਂ ਸਰਕਾਰ ਆਪਣੇ ਹਸਪਤਾਲਾਂ ਨੂੰ ਸਹੂਲਤਾਂ ਦਿੰਦੀ ਤਾਂ ਇੰਜ ਨਹੀਂ ਹੋਣਾ ਸੀ। ਉਨ੍ਹਾਂ ਸਰਕਾਰੀ ਡਾਕਟਰਾਂ ਨੂੰ ਇਸ ਔਖੀ ਘੜੀ ’ਚ ਅਜਿਹੇ ਫੈਸਲੇ ਨਾਂ ਲੈਣ ਦੀ ਸਲਾਹ ਵੀ ਦਿੱਤੀ ਹੈ।
ਬੇਹੱਦ ਮੰਦਭਾਗਾ-ਐਸ.ਐਮ.ਓ
ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਇਹ ਬੇਹੱਦ ਮੰਦਭਾਗਾ ਹੈ ਕਿਉਂਕਿ ਜਿਸ ਵੇਲੇ ਡਾਕਟਰਾਂ ਦੀਆਂ ਸੇਵਾਵਾਂ ਦੀ ਸਭ ਤੋਂ ਵੱਧ ਜਰੂਰਤ ਹੈ ਉਸ ਵਕਤ ਉਹ ਨੌਕਰੀਆਂ ਛੱਡ ਰਹੇ ਹਨ। ਉਨ੍ਹਾਂ ਆਖਿਆ ਕਿ ਫਿਰ ਵੀ ਮਰੀਜਾਂ ਨੂੰ ਕੋਈ ਸਮੱਸਿਆ ਨਾਂ ਆਏ ਇਸ ਲਈ ਲੁੜੀਂਦੇ ਯਤਨ ਕੀਤੇ ਜਾ ਰਹੇ ਹਨ।
ਜਲਦੀ ਪ੍ਰਬੰਧ: ਡਿਪਟੀ ਕਮਿਸ਼ਨਰ ਬਠਿੰਡਾ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਐਮਡੀ ਮੈਡੀਸਨ ਡਾਕਟਰਾਂ ਵੱਲੋਂ ਅਸਤੀਫੇ ਦੇਣਾ ਚਿੰਤਤ ਕਰਨ ਵਾਲਾ ਹੈ ਪਰ ਇਸ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੋਰਨਾਂ ਥਾਵਾਂ ਤੋਂ ਮਾਹਿਰਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰੀਜਾਂ ਨੂੰ ਫਿਕਰ ਕਰਨ ਦੀ ਲੋੜ ਨਹੀ ਪ੍ਰਸ਼ਾਸ਼ਨ ਆਪਣੇ ਤਰਫੋਂ ਹਰ ਤਰਾਂ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।