ਹੁਸ਼ਿਆਰਪੁਰ: ਸਿਵਲ ਹਸਪਤਾਲ ’ਚ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਉਪਲਬਧ : ਡੀ ਸੀ
- ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ-19 ਦੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ
- ਹਸਪਤਾਲ ’ਚ ਲੱਗਣ ਵਾਲੇ ਆਕਸੀਜਨ ਪਲਾਂਟ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਕੀਤੀ ਹਾਸਲ
- ਕਿਹਾ, ਸਿਵਲ ਹਸਪਤਾਲ ’ਚ ਕੋਵਿਡ ਇਲਾਜ ਸਬੰਧੀ ਸਾਰੀਆਂ ਸੁਵਿਧਾਵਾਂ ਮੌਜੂਦ, ਮਰੀਜ਼ਾਂ ਦਾ ਰੱਖਿਆ ਜਾ ਰਿਹੈ ਵਧੀਆ ਧਿਆਨ
- ਕੋਵਿਡ ਡਿਊਟੀ ’ਚ ਦਿਨ ਰਾਤ ਲੱਗੇ ਹੈਲਥ ਸਟਾਫ ਦੀ ਸ਼ਲਾਘਾ ਕਰਕੇ ਵਧਾਇਆ ਹੌਂਸਲਾ
ਹੁਸ਼ਿਆਰਪੁਰ, 7 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਲੱਗਣ ਵਾਲੇ ਆਕਸੀਜਨ ਪਲਾਂਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਕੋਵਿਡ ਵਾਰਡ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦੀ ਸਮੀਖਿਆਂ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੰਮ ਕਰ ਰਹੇ ਹਨ ਅਤੇ ਮਰੀਜ਼ਾਂ ਤੱਕ ਹਰ ਸਿਹਤ ਸੁਵਿਧਾ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ, ਐਸ.ਐਮ.ਓ ਡਾ. ਜਸਵਿੰਦਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਦੇ ਲਈ ਲੱਗੇ ਸਟਾਫ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਬੇਹਤਰੀਨ ਸੇਵਾਵਾਂ ਲਈ ਉਨ੍ਹਾਂ ਹੌਂਸਲਾ ਅਫਜਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਕੋਵਿਡ ਇਲਾਜ ਸਬੰਧੀ ਆਕਸੀਜਨ ਅਤੇ ਸਾਰੀਆਂ ਦਵਾਈਆਂ ਮੌਜੂਦ ਹਨ ਅਤੇ ਮਰੀਜ਼ਾਂ ਵਧੀਆਂ ਢੰਗ ਨਾਲ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਇਸ ਦੌਰਾਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੇ ਹਸਪਤਾਲ ਵਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
ਅਪਨੀਤ ਰਿਆਤ ਨੇ ਇਸ ਦੌਰਾਨ ਕੋਵਿਡ ਡਿਊਟੀ ਵਿੱਚ ਲੱਗੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਰੀਜ਼ਾਂ ਦੀ ਬੇਹਤਰੀ ਲਈ ਬਿਨ੍ਹਾਂ ਥੱਕੇ ਅਤੇ ਛੁੱਟੀ ਦੇ ਦਿਨ ਰਾਤ ਸੇਵਾ ਕਰ ਰਹੇ ਹਨ। ਇਸ ਲਈ ਸਾਡੀ ਸਾਰਿਆਂ ਦੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਸਿਹਤ ਪ੍ਰੋਟੋਕੋਲ ਦੀ ਗੰਭੀਰਤਾ ਨਾਲ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਜੋ ਕੰਮ ਕਰ ਰਹੇ ਹਨ ਉਸ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਘਰ ਤੋਂ ਬਾਹਰ ਨਿਕਲਣ ਅਤੇ ਮਾਸਕ ਪਹਿਨਣ, ਸਮਾਜਿ ਦੂਰੀ ਬਣਾਉਣ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਹੱਥ ਧੋਣ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ।