ਮੇਰੇ ਵੱਲੋਂ ਦਿੱਤੀ ਗਈ ਰਿਪੋਰਟ ਦੀ ਇਕ-ਇਕ ਲਾਈਨ ਸਬੂਤ: ਕੁੰਵਰ
ਕੁਲਵਿੰਦਰ ਸਿੰਘ
- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਨਮਾਨਤ
ਅੰਮ੍ਰਿਤਸਰ 30 ਅਪ੍ਰੈਲ 2021 - ਅੱਜ ਅੰਮ੍ਰਿਤਸਰ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੋਰੀਡੋਰ ਵਿਖੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਹੜਾ ਕੰਮ ਕੋਈ ਅਫ਼ਸਰ ਨਹੀਂ ਕਰ ਸਕਿਆ ਉਹ ਕੁੰਵਰ ਵਿਜੇ ਪ੍ਰਤਾਪ ਨੇ ਕਰ ਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਰਿਪੋਰਟਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਨਵੀਆਂ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ। ਪਰ ਇਕ ਅਫ਼ਸਰ ਵਜੋਂ ਜੋ ਡਿਊਟੀ ਕੁੰਵਰ ਵਿਜੇ ਪ੍ਰਤਾਪ ਨੇ ਨਿਭਾਈ ਹੈ ਉਹ ਸ਼ਲਾਘਾਯੋਗ ਹੈ। ਜਿਸ ਕਾਰਨ ਅੱਜ ਉਨ੍ਹਾਂ ਦੇ ਇਸ ਸ਼ਲਾਘਾਯੋਗ ਕੀਤੇ ਕਾਰਜ ਨੂੰ ਵੇਖਦਿਆਂ ਉਨ੍ਹਾਂ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਗੋਲਡ ਮੈਡਲ ਨਾਲ ਨਿਵਾਜਿਆ ਗਿਆ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਜਮ੍ਹਾ ਕਰਵਾਈ ਗਈ ਰਿਪੋਰਟ ਦੀ ਇੱਕ ਇੱਕ ਲਾਈਨ ਆਪਣੇ ਆਪ ਵਿਚ ਇਕ ਸਬੂਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀਗਤ ਤੌਰ ਤੇ ਇਸ ਰਿਪੋਰਟ ਤੇ ਉਨ੍ਹਾਂ ਨਾਲ ਬਹਿਸ ਕਰਨਾ ਚਾਹੇ ਤਾਂ ਉਹ ਉਸ ਨੂੰ ਖੁੱਲ੍ਹਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸਹੀ ਰਿਪੋਰਟ ਨੂੰ ਰੱਦ ਕਰਕੇ ਨਵੀਂ ਕਮੇਟੀ ਬਣਾਉਣਾ ਸਿਰਫ਼ ਜਨਤਾ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਭਾਰਤ ਦੇ ਕਨੂੰਨ ਨੂੰ ਉਨ੍ਹਾਂ ਨੇ ਕਲੋਨੀਅਲ ਲਾ ਯਾਨੀ ਕਿ ਅੰਗਰੇਜ਼ਾਂ ਦਾ ਕਾਨੂੰਨ ਕਹਿੰਦੇ ਹੋਏ, ਕਿਹਾ ਕਿ ਅਜਿਹੇ ਰਾਜ ਵਿੱਚ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਪਣੀ ਰਿਪੋਰਟ ਵਿੱਚ ਬੇਅਦਬੀ ਦੇ ਦੋਸ਼ੀ ਕਰਾਰ ਦਿੱਤੇ ਹੋਏ ਵਿਅਕਤੀਆਂ ਬਾਰੇ ਕਿਹਾ ਕਿ ਉਹ ਬਹੁਤ ਸਰਮਾਏਦਾਰ ਲੋਕ ਹਨ ਅਤੇ ਕੁਝ ਵੀ ਖ਼ਰੀਦ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਸੰਵਿਧਾਨ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਸਕਦੇ ਹਨ ਸੰਵਿਧਾਨ ਦੀ ਹੱਤਿਆ ਕਰਨਾ ਉਨ੍ਹਾਂ ਲਈ ਬਹੁਤ ਛੋਟਾ ਕੰਮ ਹੈ।
ਆਉਣ ਵਾਲੇ ਵਿਧਾਨ ਸਭਾ ਚੋਣਾਂ ਵੱਲ ਇਸ਼ਾਰਾ ਕਰਦੇ ਹੋਏ ਬਿਨਾਂ ਕਿਸੇ ਪਾਰਟੀ ਜਾਂ ਵਿਅਕਤੀ ਦਾ ਨਾਮ ਲਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਮਾਏਦਾਰਾਂ ਦੇ ਅੱਜ ਗੋਦੀ ਮੀਡੀਆ ਚੈਨਲ ਚੱਲ ਰਹੇ ਹਨ। ਉਹੀ ਚੈਨਲ ਅੱਜ ਤੋਂ ਸੱਤ ਅੱਠ ਮਹੀਨੇ ਬਾਅਦ 'ਚ ਜਨਤਾ ਦੀ ਆਵਾਜ਼ ਬਣਨਗੇ ਅਤੇ ਉਨ੍ਹਾਂ ਚੈਨਲਾਂ ਨੂੰ ਮਜਬੂਰ ਹੋ ਕੇ ਜਨਤਾ ਦੀ ਆਵਾਜ਼ ਬਣਨਾ ਪਵੇਗਾ।
ਨੌਕਰੀ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚ ਸਮਝ ਕੇ ਇਹ ਕਦਮ ਚੁੱਕਿਆ ਹੈ ਅਤੇ ਜਿਹੜੀ ਨੌਕਰੀ ਕਰਕੇ ਉਹ ਆਪਣੇ ਆਪ ਨੂੰ ਬੱਝਿਆ ਹੋਇਆ ਮਹਿਸੂਸ ਕਰ ਰਹੇ ਸਨ। ਹੁਣ ਉਹ ਖੁੱਲ੍ਹੇ ਤੌਰ ਤੇ ਉਸ ਬੇਅਦਬੀ ਅਤੇ ਨਾ ਇਨਸਾਫ਼ੀ ਨੂੰ ਜਨਤਾ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣਾਉਣਗੇ। ਹਾਲਾਂਕਿ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਤੇ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪਹਿਲਾਂ ਸ਼ਕਤੀ ਦੇ ਕੇ ਇਹ ਜਾਂਚ ਪੂਰੀ ਕਰਵਾਈ ਹੈ ਅੱਗੇ ਜਿਸ ਤਰ੍ਹਾਂ ਉਨ੍ਹਾਂ ਦਾ ਹੁਕਮ ਹੋਵੇਗਾ ਉਹ ਅਗਲਾ ਕਦਮ ਚੁੱਕਣਗੇ।