ਕਾਂਗਰਸ ਵੱਲੋਂ ਕੀਤਾ ਡੰਕਲ ਸਮਝੌਤਾ ਲਾਗੂ ਕਰ ਰਹੀ ਮੋਦੀ ਸਰਕਾਰ - ਭੈਣੀ ਬਾਘਾ
ਅਸ਼ੋਕ ਵਰਮਾ
ਮਾਨਸਾ,28ਅਪਰੈਲ2021:ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਤੋਂ ਘਬਰਾਈ ਹੋਈ ਮੋਦੀ ਸਰਕਾਰ ਅੰਦੋਲਨ ਨੂੰ ਫੇਲ ਕਰਨ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਜਿਸ ਵਿੱਚ ਮੋਦੀ ਸਰਕਾਰ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਅੱਜ ਪਿੰਡ ਕੋਟ ਲੱਲੂਆਣਾ ਦੇ ਗੁਰੂਘਰ ਵਿੱਚ ਜਿਲ੍ਹਾ ਪੱਧਰ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਹਨ ਜਿੰਨ੍ਹਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਹੀ ਨਹੀਂ ਦੇਸ਼ ਦੇ ਕਿਸਾਨ ਮਜਦੂਰ, ਔਰਤਾਂ, ਨੋਜਵਾਨ, ਮੁਲਾਜਮ ਅਤੇ ਹਰ ਤਰ੍ਹਾਂ ਦੇ ਛੋਟੇ ਕਾਰੋਬਾਰੀਆਂ ਦੇ ਲੋਕ ਕਿਸਾਨ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ ।
ਉਨ੍ਹਾਂ ਕਿਹਾ ਕਿ 1992 ਵਿੱਚ ਨਰਸਿੰਮਾ ਰਾਓ ਦੀ ਕੇਂਦਰ ਸਰਕਾਰ ਵੱਲੋਂ ਡੰਕਲ ਸਮਝੌਤੇ ਉੱਤੇ ਦਸਤਖਤ ਕੀਤੇ ਹੋਏ ਹਨ ਜਿੰਨ੍ਹਾਂ ਨੂੰ ਮੋਦੀ ਹਕੂਮਤ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡੰਕਲ ਸਮਝੌਤੇ ਦੀਆਂ ਨੀਤੀਆਂ ਦੇ ਤਹਿਤ ਹਰ ਤਰ੍ਹਾਂ ਦੇ ਸਰਕਾਰੀ ਅਤੇ ਸਹਿਕਾਰੀ ਅਦਾਰੇ ਵੱਡੇ ਘਰਾਣਿਆਂ ਦੇ ਹਵਾਲੇ ਕਰਨੇ ਹਨ ਅਤੇ ਇਸੇ ਨੀਤੀ ਤਹਿਤ ਐਮ.ਐਸ.ਪੀ. ਬੰਦ ਕਰਨੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਮੰਡੀ ਬੋਰਡ ਸਿਸਟਮ ਤੋੜ ਦਿੱਤਾ ਜਾਵੇਗਾ, ਹਰ ਤਰ੍ਹਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਹੋਵੇਗੀ, ਖਾਦਾਂ, ਡੀਜਲ ਅਤੇ ਖੇਤੀ ਨਾਲ ਸਬੰਧਤ ਹੋਰ ਖਰਚੇ ਮਹਿੰਗੇ ਹੋਣਗੇ। ਉਨ੍ਹਾਂ ਕਿਹਾ ਕਿ ਅੰਤ ਵਿੱਚ ਇਸ ਦਾ ਸਿੱਟਾ ਕਿਸਾਨਾਂ ਕੋਲੋਂ ਜਮੀਨ ਖੋਹ ਕੇ ਅਡਾਨੀਆਂ, ਅੰਬਾਨੀਆਂ ਦੇ ਵੱਡੇ ਖੇਤੀ ਫਾਰਮ ਬਣਾਉਣੇ ਹਨ ਜਦੋਂ ਅਜਿਹਾ ਹੋਵੇਗਾ ਤਾਂ ਦੇਸ਼ ਦਾ 70ਫੀਸਦੀ ਛੋਟਾ ਕਾਰੋਬਾਰ ਤਬਾਹ ਹੋ ਜਾਵੇਗਾ।
ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇੰਨ੍ਹਾਂ ਲੋਕ ਵਿਰੋਧੀ ਫੈਸਲਿਆਂ ਕਾਰਨ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣਗੀਆਂ ਅਤੇ ਜਿਹੜੀਆਂ ਕੰਪਨੀਆਂ ਪਾਣੀ ਨੂੰ ਬੋਤਲ ਵਿੱਚ ਬੰਦ ਕਰਕੇ 20 ਰੁਪਏ ਲੀਟਰ ਵੇਚਦੀਆਂ ਹਨ ਜਦੋਂ ਉਹਨਾਂ ਦਾ ਕਬਜਾ ਕਣਕ, ਝੋਨੇ ਅਤੇ ਹਰ ਤਰ੍ਹਾਂ ਦੇ ਅਨਾਜ ਉੱਪਰ ਹੋਵੇਗਾ ਤਾਂ ਲੋਕਾਂ ਦੀ ਕਿਸ ਤਰ੍ਹਾਂ ਛਿੱਲ ਲਾਹੀ ਜਾਵੇਗੀ ਇਹ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਹ ਅੰਦੋਲਨ ਕਿਸਾਨਾਂ ਲਈ ਜਿੰਦਗੀ-ਮੌਤ ਦਾ ਸਵਾਲ ਹੈ ਜਿਸ ਨੂੰ ਜਿੱਤੇ ਬਿਨਾਂ ਵਾਪਸ ਨਹੀਂ ਮੁੜਿਆ ਜਾ ਸਕਦਾ। ਉਹਨਾਂ ਕਿਹਾ ਕਿ ਬੀ.ਕੇ.ਯੂ. ਉਗਰਾਹਾਂ ਦੀ ਸੂਬਾ ਲੀਡਰਸ਼ਿਪ ਵੱਲੋਂ ਪੰਜਾਬ ਵਿੱਚ ਦਰਜਨਾਂ ਅਜਿਹੇ ਅੰਦੋਲਨ ਲੜੇ ਗਏ ਹਨ ਜਿੰਨਾਂ ਵਿੱਚ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ , ਜਥੇਬੰਦੀ ਦੇ ਚੋਟੀ ਦੇ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਹਕੂਮਤੀ ਲਾਣੇ ਦੇ ਗੁੰਡਿਆਂ ਨੇ ਜਾਨ ਲੈ ਲਈ ਪਰ ਜਿੱਤ ਪ੍ਰਾਪਤ ਕਰਕੇ ਹੀ ਹਟੇ ਹਨ।
ਭੈਣੀਬਾਘਾ ਨੇ ਕਿਹਾ ਕੁੱਝ ਲੋਕ ਦਿੱਲੀ ਅੰਦੋਲਨ ਨੂੰ ਸਰਕਾਰ ਦੀ ਸ਼ਹਿ ਤੇ ਹਿੰਸਕ ਕਰਨਾ ਚਾਹੁੰਦੇ ਹਨ ਤਾਂ ਜੋ ਸਖਤਾਈ ਵਰਤ ਕੇ ਸਰਕਾਰ ਨੂੰ ਅੰਦੋਲਨ ਖਤਮ ਕਰਨ ਦਾ ਮੌਕਾ ਮਿਲ ਸਕੇ ਪਰ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਅਜਿਹਾ ਨਹੀਂ ਹੋਣ ਦੇਵੇਗੀ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਇਹ ਅੰਦੋਲਨ ਹੋਰ ਲੰਬਾ ਚੱਲੇਗਾ ਜਿਸ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੈ ਇਸ ਲਈ ਪਿੰਡਾਂ ਵਿੱਚ ਫੰਡ ਮੁਹਿੰਮ ਤੁਰੰਤ ਤੋਰੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਮਾਵਾਂ, ਭੈਣਾਂ ਅਤੇ ਕਿਸਾਨਾਂ ਦੀਆਂ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਕਰਵਾਈਆਂ ਜਾਣਗੀਆਂ, ਦਿੱਲੀ ਮੋਰਚੇ ਵਿੱਚ ਪਹਿਲਾਂ ਹੀ ਲੱਖਾਂ ਕਿਸਾਨ ਵਾਰੀ ਸਿਰ ਆਪਣਾ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਆਖਿਆ ਕਿ ਹੁਣ ਹਾੜੀ ਦਾ ਸੀਜਨ ਖਤਮ ਹੋ ਗਿਆ ਹੈ ਇਸ ਲਈ ਦਿੱਲੀ ਕਿਸਾਨ ਮੋਰਚੇ ’ਚ ਗਿਣਤੀ ਹੋਰ ਵਧਾਉਣ ਦਾ ਫੈਸਲਾ ਲੈਂਦਿਆਂ ਹਰ ਰੋਜ ਦਿੱਲੀ ਨੂੰ ਕੂਚ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ’ਚ ਯੋਗਦਾਨ ਪਾਉਣ ਲਈ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਵੀ ਦਿੱਤਾ। ਅੱਜ ਦੀ ਮੀਟਿੰਗ ਨੂੰ ਸਰੋਜ ਰਾਣੀ ਦਿਆਲਪੁਰਾ, ਜਸਵਿੰਦਰ ਕੌਰ, ਰਾਣੀ ਕੌਰ, ਰਾਜਵੀਰ ਕੌਰ ਭੈਣੀਬਾਘਾ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਜੋਗਿੰਦਰ ਸਿੰਘ ਦਿਆਲਪੁਰਾ, ਮਲਕੀਤ ਸਿੰਘ ਕੋਟ ਧਰਮੂ ਅਤੇ ਲੀਲਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ।