ਨਵੀਂ ਦਿੱਲੀ, 19 ਫਰਵਰੀ 2021 - 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਵਾਪਰੀ ਘਟਨਾ ਮਾਮਲੇ 'ਚ ਦਿੱਲੀ ਪੁਲਿਸ ਲਗਾਤਾਰ ਉਸ 'ਚ ਸ਼ਾਮਲ ਹੋਏ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਨੋਟਿਸ ਕੱਢ ਰਹੀ ਹੈ ਤੇ ਕਿਸੇ ਦੀ ਕਾਰ ਨੰਬਰ ਦੇ ਅਧਾਰ 'ਤੇ ਜਾਂ ਫੇਰ ਟਰੈਕਟਰ ਦੇ ਅਧਾਰ 'ਤੇ ਦਿੱਲੀ ਪੁਲਿਸ ਇਹ ਨੋਟਿਸ ਭੇਜ ਰਹੀ ਹੈ। ਪੰਜਾਬ ਅੰਦਰ ਤਾਂ ਦਿੱਲੀ ਪੁਲਿਸ ਕਈ ਜਗ੍ਹਾ ਛਾਪੇਮਾਰੀ ਵੀ ਕਰ ਰਹੀ ਹੈ। ਇਸੇ ਬਾਰੇ ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ।
ਗੁਰਨਾਮ ਚੜੂਨੀ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਨਜਾਇਜ਼ ਹੀ ਸਖਤੀ ਵਰਤਣ ਲੱਗੀ ਹੈ। ਕਈ ਕਿਸਾਨਾਂ ਤੇ ਨੌਜਵਾਨਾਂ 'ਤੇ ਕੇਸ ਬਣਾ ਦਿੱਤੇ ਨੇ ਤੇ ਕਈਆਂ ਨੂੰ ਨੋਟਿਸ ਆ ਰਹੇ ਨੇ। ਜਿੰਨਾਂ ਨੂੰ ਨੋਟਿਸ ਭੇਜੇ ਹਨ ਉਨ੍ਹਾਂ ਨੂੰ ਬੁਲਾ ਕੇ ਉਥੇ ਹੀ ਬਿਠਾ ਲਿਆ ਜਾਂਦਾ ਹੈ। ਚੜੂਨੀ ਨੇ ਕਿਹਾ ਕਿ ਜੇ ਹੁਣ ਕੋਈ ਨੋਟਿਸ ਕਿਸੇ ਨੂੰ ਆਉਂਦਾ ਹੈ ਤਾਂ ਦਿੱਲੀ ਪੁਲਿਸ ਦੇ ਨੋਟਿਸ ਦਾ ਜਵਾਬ ਨਾ ਦਿਉ ਤੇ ਜੇਕਰ ਉਨ੍ਹਾਂ ਨੂੰ ਘਰੋਂ ਪੁਲਿਸ ਚੁੱਕਣ ਆਉਂਦੀ ਹੈ ਤਾਂ ਪੁਲਿਸ ਦਾ ਘਿਰਾਉ ਕਰੋ, ਬਿਨਾ ਕਿਸੇ ਪੁਲਿਸ ਕਰਮੀ ਨਾਲ ਹੱਥੋਪਾਈ ਕੀਤਿਆਂ। ਅਤੇ ਇਹ ਵੀ ਕਿਹਾ ਕਿ ਉਦੋਂ ਤੱਕ ਪੁਲਿਸ ਨੂੰ ਛੱਡੋ ਨਾ ਜਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਇਹ ਭਰੋਸਾ ਨਾ ਦਿਵਾਏ ਕਿ ਉਨ੍ਹਾਂ ਦੇ ਪਿੰਡ 'ਚ ਪੁਲਿਸ ਨਹੀਂ ਆਏਗੀ।
ਚੜੂਨੀ ਨੇ ਕਿਹਾ ਕਿ ਪੁਲਿਸ ਨੂੰ ਬਿਠਾਉ ਤੇ ਉਨ੍ਹਾਂ ਨੂੰ ਖਿਲਾਉ ਪਿਲਾਉ ਤੇ ਕੋਈ ਵੀ ਧੱਕਾ ਨਹੀਂ ਕਰਨਾ। ਚੜੂਨੀ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਧੱਕੇ ਦਾ ਹੁਣ ਇੱਕੋ ਇੱਕ ਹੱਲ ਇਹੀ ਹੈ, ਇਸ ਤੋਂ ਇਲਾਵਾ ਪੁਲਿਸ ਦੇ ਧੱਕੇਸ਼ਾਹੀ ਦਾ ਕੋਈ ਤੋੜ ਨਹੀਂ।