ਅਸ਼ੋਕ ਵਰਮਾ
ਮਾਨਸਾ,25ਫਰਵਰੀ2021:ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਆਖਿਆ ਹੈ ਕਿ ਦਿਨੋ ਦਿਨ ਬੁਲੰਦੀਆਂ ਵੱਲ ਜਾ ਰਹੇ ਕਾਲੇ ਖੇਤਮੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਹੋਰ ਜਿਆਦਾ ਮਜਬੂਤ ਕਰਨ ਲਈ ਨਾਂ ਕੇਵਲ ਜਨਸੰਪਰਕ ਮੁਹਿੰਮ ਜਾਰੀ ਰੱਖੀ ਜਾਏਗੀ ਬਲਕਿ ਇਸ ਦਾ ਦਾਇਰਾ ਹੋਰ ਵੀ ਮੋਕਲਾ ਕੀਤਾ ਜਾਏਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜੰਗ ’ਚ ਸ਼ਾਮਲ ਹੋ ਸਕਣ। ਉਨ੍ਹਾਂ ਆਖਿਆ Çਕਿ ਮੋਦੀ ਸਰਕਾਰ ਵੱਲੋ ਲਿਆਦੇ ਤਿੰਨ ਖੇਤੀ ਵਿਰੋਧੀ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੇ ਕੇਂਦਰ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਹਨ ਇਸ ਲਈ ਮੋਦੀ ਸਰਕਾਰ ਅੰਦੋਲਨ ਨੂੰ ਕਮਜੋਰ ਅਤੇ ਫੇਲ੍ਹ ਕਰਨ ਲਈ ਤਰਾਂ ਤਰਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਜਿਸ ਕਰਕੇ ਲੋਕਾਂ ਨਾਲ ਸੰਪਰਕ ਬਣਾ ਕੇ ਰੱਖਣ ਦੀ ਹੋਰ ਵੀ ਅਹਿਮੀਅਤ ਵਧ ਗਈ ਹੈ।
ਮਾਨਸਾ ’ਚ ਜਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਰਸ਼ੀ ਨੇ ਸਮੂਹ ਮੈਂਬਰਾਂ ਇਸ ਮੁਹਿੰਮ ਪ੍ਰਤੀ ਹਮੇਸ਼ਾ ਮੁਸਤੈਦ ਰਹਿਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਅਵੇਸਲੇ ਹੁੰਦੇ ਹਾਂ ਤਾਂ ਇਸਦਾ ਫਾਇਦਾ ਕੇਂਦਰ ਸਰਕਾਰ ਨੂੰ ਮਿਲੇਗਾ ਜੋ ਪਹਿਲਾਂ ਹੀ ਅੰਦੋਲਨ ਦਬਾਉਣ ਲਈ ਕਿਸਾਨ ਆਗੂਆਂ ਤੇ ਝੂਠੇ ਪੁਲਿਸ ਕੇਸ ਦਰਜ ਕਰ ਰਹੀ ਹੈ ਅਤੇ ਵੱਖ ਵੱਖ ਪ੍ਰ੍ਰਚਾਰ ਮਾਧਿਅਮਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵੱਲੋਂ ਦੇਸ਼ ਧਰੋਹ ਦੇ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਅਰਸ਼ੀ ਨੇ ਆਖਿਆ ਕਿ ਇਸ ਨੂੰ ਸਹਿਣ ਨਹੀਂ ਕੀਤਾ ਜਾਏਗਾ।ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਦੇਸ਼ ਦੇ ਹਰ ਵਰਗ ਲਈ ਘਾਤਕ ਸਿੱਧ ਹੋਣਗੇ ਜਿੰਨ੍ਹਾਂ ਖਿਲਾਫ ਅਤੇ ਉਨ੍ਹਾ ਨੂੰ ਰੱਦ ਕਰਾਉਣ ਲਈ ਅੰਦੋਲਨ ’ਚ ਹਰ ਵਰਗ ਦੀ ਸ਼ਮੂਲੀਅਤ ਵਕਤ ਦੀ ਅਣਸਰਦੀ ਤੇ ਮੁੱਚ ਜਰੂਰਤ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਾਲ ਖਜਾਨੇ ਅਤੇ ਕੁਦਰਤੀ ਸਾਧਨ ਅੰਬਾਨੀ ,ਅਡਾਨੀ ਨੂੰ ਲੁਟਾਉਣ ਲਈ ਗੈਰ ਸੰਵਿਧਾਨਕ ਤਰੀਕੇ ਰਾਹੀ ਲੋਕ ਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ,ਮਜਦੂਰਾਂ , ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਤੱਕ ਸੰਘਰਸ਼ ਦੇ ਮੈਦਾਨ ’ਚ ਡਟੇ ਰਹਿਣ ਦੀ ਅਪੀਲ ਕੀਤੀ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਕਿਹਾ ਕਿਸਾਨ ਅੰਦੋਲਨ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਬਲਕਿ ਜਨਤਕ ਲੜਾਈ ਬਣ ਚੁੱਕਿਆ ਹੈ ਜੋ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰੱਖਿਆ ਜਾਏਗਾ। ਇਸ ਮੌਕੇ ਜਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ,ਵੇਦ ਪ੍ਰਕਾਸ਼ ਬੁਢਲਾਡਾ,ਰੂਪ ਢਿੱਲੋ,ਦਲਜੀਤ ਮਾਨਸਾਹੀਆ,ਮਲਕੀਤ ਮੰਦਰਾਂ ,ਮਨਜੀਤ ਕੌਰ ਗਾਮੀਵਾਲਾ,ਕਿਰਨਾ ਰਾਣੀ ਐਮ ਸੀ,ਰਤਨ ਭੋਲਾ,ਦਰਸ਼ਨ ਪੰਧੇਰ, ਜੱਗਾ ਸ਼ੇਰ ਖਾਂ ਵਾਲਾ,ਰਾਜਵਿੰਦਰ ਸਿੰਘ ਚੱਕ ਭਾਈਕੇ,ਪੂਰਨ ਸਰਦੂਲਗੜ੍ਹ,ਗੁਰਤੇਜ ਬਾਜੇਵਾਲਾ ਅਤੇ ਕਾਕਾ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।