ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਅਤੇ ED ਦੀਆਂ ਕਾਰਵਾਈਆਂ ਖ਼ਿਲਾਫ਼ BJP ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 10 ਮਈ 2026 : ਆਮ ਆਦਮੀ ਪਾਰਟੀ ਬਠਿੰਡਾ ਦੀ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਰਾਜਨੀਤਿਕ ਬਦਲਾਖੋਰੀ ਦੀਆਂ ਕਾਰਵਾਈਆਂ ਖ਼ਿਲਾਫ਼ ਭਾਜਪਾ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਕੇ ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਪਾਰਟੀ ਆਗੂਆਂ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਸਿਰਫ਼ ਰਾਜਨੀਤਿਕ ਦਬਾਅ ਬਣਾਉਣ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਭਾਜਪਾ ਆਪਣੇ ਰਾਜਨੀਤਿਕ ਹਥਿਆਰ ਵਜੋਂ ਵਰਤ ਰਹੀ ਹੈ, ਜਦਕਿ ਭਾਜਪਾ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਏਜੰਸੀਆਂ ਚੁੱਪ ਧਾਰ ਲੈਂਦੀਆਂ ਹਨ।
ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦੇ ਲੋਕਤੰਤਰ ਵਿਰੋਧੀ ਕਦਮਾਂ ਦਾ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜਾਂਚ ਏਜੰਸੀਆਂ ਦਾ ਇਸਤੇਮਾਲ ਰਾਜਨੀਤਿਕ ਵਿਰੋਧੀਆਂ ਨੂੰ ਤੰਗ ਕਰਨ ਲਈ ਨਹੀਂ, ਸਗੋਂ ਨਿਰਪੱਖ ਜਾਂਚ ਲਈ ਕੀਤਾ ਜਾਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਦੀ ਸੁਤੰਤਰਤਾ ਖ਼ਤਰੇ ਵਿੱਚ ਪੈ ਗਈ ਹੈ। ਲੋਕਾਂ ਦੇ ਅਸਲੀ ਮੁੱਦਿਆਂ "ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਸੰਕਟ ਅਤੇ ਨੌਜਵਾਨਾਂ ਦੇ ਭਵਿੱਖ" ਤੋਂ ਧਿਆਨ ਹਟਾਉਣ ਲਈ ਵਿਰੋਧੀ ਧਿਰਾਂ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਪ੍ਰਦਰਸ਼ਨ ਵਿੱਚ ਸ਼ਾਮਲ ਵਰਕਰਾਂ ਨੇ ਭਾਜਪਾ ਸਰਕਾਰ ਅਤੇ ਈਡੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਤੁਰੰਤ ਬੰਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਸੱਚ ਅਤੇ ਲੋਕਤੰਤਰ ਦੀ ਲੜਾਈ ਲੜਦੀ ਰਹੀ ਹੈ ਅਤੇ ਹਮੇਸ਼ਾ ਲੜਦੀ ਰਹੇਗੀ ਅਤੇ ਲੋਕਾਂ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ‘ਤੇ ਦਬਣ ਨਹੀਂ ਦਿੱਤਾ ਜਾਵੇਗਾ।ਆਪ ਆਗੂਆਂ ਨੇ ਕਿਹਾ ਕਿ ਭਾਰਤ ਦੇਸ ਦੇ ਨਾਗਰਿਕ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਨੇ ਕਿ ਭਾਜਪਾ ਵੱਲੋਂ ਕਿਸ ਤਰ੍ਹਾਂ ਆਪਣੇ ਚੰਦ ਮਿੱਤਰਾ ਨੂੰ ਜਿਹੜੇ ਕਾਰਪੋਰੇਟ ਨਾਲ ਸੰਬੰਧਿਤ ਨੇ ਓਹਨਾ ਨੂ ਪੂਰਾ ਫਾਇਦਾ ਪਹੁੰਚਾਉਣ ਲਈ ਕੁਦਰਤ ਦੇ ਸੋਮਿਆਂ ਨੂੰ ਲੁਟਾਇਆ ਜਾ ਰਿਹਾ ਹੈ ਅਤੇ ਪਾਰਟੀ ਲਈ ਫੰਡ ਦੇ ਰੂਪ ਵਿਚ ਇਹਨਾ ਤੋਂ ਪੈਸਾ ਇਕੱਤਰ ਕਰਕੇ ਵਿਰੋਧੀਆਂ ਨੂੰ ਖਰੀਦਣ ਅਤੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਪੱਖ ਵਿੱਚ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰ , ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ, ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਫੂਲ, ਸੁਖਵੀਰ ਸਿੰਘ ਮਾਈਸਰਖਾਨਾ ਵਿਧਾਇਕ ਹਲਕਾ ਮੌੜ, ਇੰਦਰਜੀਤ ਸਿੰਘ ਮਾਨ ਸੂਬਾ ਸਕੱਤਰ ਅਤੇ ਚੇਅਰਮੈਨ ਮਾਰਕਫੈੱਡ ਪੰਜਾਬ, ਨਵਦੀਪ ਸਿੰਘ ਜੀਦਾ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਸ਼ੂਗਰਫੈੱਡ ਪੰਜਾਬ, ਅਨਿਲ ਠਾਕਰ ਚੇਅਰਮੈਨ ਐਕਸਾਈਜ਼ ਅਤੇ ਵਪਾਰੀ ਵਿੰਗ ਪੰਜਾਬ, ਪਦਮਜੀਤ ਮਹਿਤਾ ਸਾਬਕਾ ਮੇਅਰ ਬਠਿੰਡਾ,ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਪ੍ਰੋ. ਰਿਪਨਦੀਪ ਸਿੰਘ ਸਿੱਧੂ ਜਿਲ੍ਹਾ ਮੀਡੀਆ ਸਕੱਤਰ, ਰੁਪਿੰਦਰ ਕੌਰ ਵਾਈਸ ਚੇਅਰ ਪਰਸਨ ਮਹਿਲਾ ਕਮਿਸ਼ਨ, ਮਨਦੀਪ ਕੌਰ ਰਾਮਗੜੀਆ ਸੂਬਾ ਸਕੱਤਰ ਬੀ ਸੀ ਵਿੰਗ ਅਤੇ ਅਮਰਦੀਪ ਰਾਜਨ ਚੇਅਰਮੈਨ ਕੋਆਪਰੇਟਿਵ ਬੈਂਕ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।
- Download Babushahi App
-
-