ਵਿੱਤ ਮੰਤਰੀ ਦੇ ਵਤੀਰੇ ਤੋਂ ਭੜਕੇ ਸਪੈਸ਼ਲ ਕਾਡਰ ਅਧਿਆਪਕਾਂ ਵੱਲੋਂ ਬਾਲ ਮੇਲੇ ਦਾ ਬਾਈਕਾਟ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025 : ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੇ ਕਥਿਤ ਤੌਰ ਤੇ ਮਾੜੇ ਵਤੀਰੇ ਨੂੰ ਲੈ ਕੇ 14 ਨਵੰਬਰ ਦੇ ਬਾਲ ਮੇਲੇ ਦਾ ਬਾਈਕਾਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਥੇਬੰਦੀ ਪੰਜਾਬ ਵਿੱਚ ਪੁਤਲੇ ਫੂਕ ਕੇ ਆਪਣਾ ਰੋਸ ਜਤਾ ਚੁੱਕੀ ਹੈ। ਯੂਨੀਅਨ ਦੀ ਆਗੂ ਵੀਰਪਾਲ ਕੌਰ ਸਿਧਾਣਾ ਅਤੇ ਦਵਿੰਦਰ ਸੰਧੂ ਨੇ ਦੱਸਿਆ ਕਿ ਲੰਘੀ 10 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਨੇ ਸਕੱਤਰੇਤ ਵਿਖੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ। ਉਹਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਗੱਲ ਸੁਣਨ ਦੀ ਬਜਾਏ ਵਿੱਤ ਮੰਤਰੀ ਦਾ ਵਤੀਰਾ ਅਤੇ ਰਵੱਈਆ ਬੇਹਦ ਨਿਰਾਸ਼ਾਜਨਕ ਅਤੇ ਕਥਿਤ ਤੌਰ ਤੇ ਮਾੜਾ ਸੀ। ਉਹਨਾਂ ਕਿਹਾ ਕਿ ਜਥੇਬੰਦੀ ਵਿੱਤ ਮੰਤਰੀ ਦੇ ਇਸ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਹਨਾਂ ਦੱਸਿਆ ਕਿ ਵਿੱਤ ਮੰਤਰੀ ਦੇ ਰਵਈਏ ਖਿਲਾਫ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ 14 ਨਵੰਬਰ ਦੇ ਬਾਲ ਮੇਲੇ ਦਾ ਬਾਈਕਾਟ ਕਰਨ ਸਬੰਧੀ ਫੈਸਲਾ ਲਿਆ ਗਿਆ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਢੁਕਵੇਂ ਢੰਗ ਨਾਲ ਗੱਲ ਨਾ ਸੁਣੀ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।