ਲੋਕਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਪੀਤੀ ਜ਼ਹਿਰੀਲੀ ਦਵਾਈ, ਇਲਾਜ ਦੌਰਾਨ ਹੋਈ ਮੌਤ
ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਦੱਸੀ ਸੱਚਾਈ , ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਅਲੀਸ਼ੇਰ ਵਿਖੇ ਪੇਂਟ ਦਾ ਕੰਮ ਕਰਨ ਵਾਲੇ ਛਿੰਦਾ ਨਾਮ ਦੇ ਇੱਕ ਵਿਅਕਤੀ ਵੱਲੋਂ ਕੁਝ ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਲਈ ਗਈ ਸੀ ਅਤੇ ਬੀਤੇ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਪਿੰਡ ਦੇ ਹੀ ਪਿਓ ਪੁੱਤ ਤੇ ਦੋਸ਼ ਲਗਾ ਰਿਹਾ ਸੀ ਕਿ ਉਹਨਾਂ ਵੱਲੋਂ ਉਸ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸਨੇ ਕਿਸੇ ਦੇ ਪੈਸੇ ਦੇਣੇ ਸੀ ਪਰ ਇਹਨਾਂ ਪਿਓ ਪੁੱਤ ਦਾ ਉਹਨਾਂ ਪੈਸਿਆਂ ਨਾਲ ਕੋਈ ਵਾਸਤਾ ਨਹੀਂ ਹੈ ਫਿਰ ਵੀ ਉਹ ਉਸ ਨੂੰ ਉਸ ਦੇ ਮਾਲਕ ਦੀ ਦੁਕਾਨ ਤੇ ਆ ਕੇ ਜਲੀਲ ਕੀਤਾ ਗਿਆ ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਕਦਮ ਚੁੱਕਿਆ ਹੈ।
ਉਧਰ ਛਿੰਦਾ ਦੇ ਬੇਟੇ ਲਵ ਅਤੇ ਪਤਨੀ ਅੰਜੂ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਛਿੰਦਾ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਿਸੇ ਝੂਠੇ ਕੇਸ ਵਿੱਚ ਫਸਾਉਂਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਬੀਤੇ ਦਿਨੀ ਉਸਨੇ ਕੋਈ ਜਹਰੀਲੀ ਦਵਾਈ ਪੀ ਲਈ ਜਿਸਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਤੇ ਫਿਰ ਨਿਜੀ ਹਸਪਤਾਲ ਲੈ ਜਾਂਦਾ ਗਿਆ ਪਰ ਜਦੋਂ ਉਸ ਦੀ ਹਾਲਤ ਹੋਰ ਵਿਗੜ ਗਈ ਤਾਂ ਉਸ ਨੂੰ ਲੁਧਿਆਣੇ ਲੈ ਕੇ ਜਾ ਰਹੇ ਸੀ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮਰਨ ਤੋਂ ਪਹਿਲਾਂ ਛਿੰਦੇ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਸੀ ਅਤੇ ਇਸ ਦੀ ਰਿਕਾਰਡਿੰਗ ਵੀ ਵਾਇਰਲ ਹੋਈ ਹੈ ।
ਉਧਰ ਸਬੰਧਤ ਜੋੜਾ ਚੌਂਕੀ ਦੇ ਇਨਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਅਲੀਸੇ਼ਰ ਦੇ ਰਹਿਣ ਵਾਲੇ ਛਿੰਦਾ ਵੱਲੋਂ ਜਹਰੀਲੀ ਦਵਾਈ ਖਾਧੀ ਗਈ ਸੀ ਜਿਸ ਦੇ ਬਿਆਨ ਸਰਕਾਰੀ ਹਸਪਤਾਲ ਵਿੱਚ ਜਾ ਕੇ ਲਏ ਗਏ ਸਨ। ਹੁਣ ਉਸ ਦੀ ਮੌਤ ਹੋ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਜਾਂਚ ਕੀਤੀ ਜਾਏਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ।