ਲੁਧਿਆਣਾ ਪੁਲਿਸ ਵੱਲੋ ਕਈ ਚੋਰੀਆਂ ਦਾ ਖੁਲਾਸਾ, ਮੋਟਰਸਾਇਕਲ ਤੇ ਇਲੈਕਟ੍ਰਾਨਿਕ ਸਮਾਨ ਬਰਾਮਦ 2 ਦੋਸ਼ੀ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 27 ਨਵੰਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ.ਅਤੇ ਰੁਪਿੰਦਰ ਸਿੰਘ ਆਈ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ, ਸਿਟੀ/ਦਿਹਾਤੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਕਈ ਚੋਰੀਆਂ ਦਾ ਖੁਲਾਸਾ ਕੀਤਾ, 02 ਦੋਸ਼ੀ ਗ੍ਰਿਫਤਾਰ ਕਰਕੇ ਮੋਟਰਸਾਇਕਲ ਤੇ ਇਲੈਕਟ੍ਰਾਨਿਕ ਸਮਾਨ ਬਰਾਮਦ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵੈਭਵ ਸਹਿਗਲ ਪੀ.ਪੀ.ਐਸ./ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-4 ਅਤੇ ਸੁਮੀਤ ਸੂਦ ਪੀ.ਪੀ.ਐਸ. /ਸਹਾਇਕ ਕਮਿਸ਼ਨਰ ਪੁਲਿਸ ਪੂਰਬੀ ਲੁਧਿਆਣਾ ਨੇ ਦੱਸਿਆ ਕਿ ਇਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਦੀ ਅਗਵਾਈ ਵਿੱਚ ਏ.ਐਸ.ਆਈ ਦਿਨੇਸ਼ ਕੁਮਾਰ ਚੌਂਕੀ ਇੰਚਾਰਜ ਤਾਜਪੁੁਰ ਪੁਲਿਸ ਪਾਰਟੀ ਨੇ ਮਿਤੀ 23/11/2025 ਨੂੰ
ਚੌਕੀ ਤਾਜਪੁਰ ਦੇ ਸਾਹਮਣੇ ਨਾਕਾਬੰਦੀ ਕੀਤੀ ਸੀ ।ਦੌਰਾਨੇ ਨਾਕਾਬੰਦੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਾਜਨ ਖੁਰਾਣਾ ਪੁੱਤਰ ਸੰਜੀਵ ਖੁਰਾਣਾ ਵਾਸੀ ਜਲੰਧਰ ਜੋ ਚੋਰੀਆ ਕਰਨ ਦਾ ਆਦੀ ਹੈ ਉਹ ਚੋਰੀ ਕੀਤੇ ਸਮਾਨ ਨੂੰ ਵੇਚਣ ਲਈ ਪਿੰਡ ਤਾਜਪੁਰ ਸਾਈਡ ਤੋਂ ਧਰਮਕੰਡੇ ਵੱਲ ਆ ਰਿਹਾ ਹੈ। ਜਿਸਤੇ ਏ.ਐੱਸ.ਆਈ ਗੁਰਦਿਆਲ ਸਿੰਘ ਚੌਂਕੀ ਤਾਜਪੁਰ ਨੇ ਸਾਜਨ ਖੁਰਾਨਾ ਪੁੱਤਰ ਸੰਜੀਵ ਖੁਰਾਨਾ ਵਾਸੀ ਜਲੰਧਰ ਨੂੰ ਨਾਕੇ ਪਰ ਮੋਟਰਸਾਇਕਲ ਨੰਬਰ PB10GM-0493 ‘ਤੇ ਆਉਂਦੇ ਰੋਕਿਆ, ਜੋ ਇਸ ਮੋਟਰਸਾਈਕਲ ਦੀ ਮਾਲਕੀ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਜਿਸਦੀ ਤਲਾਸ਼ੀ ਦੌਰਾਨ ਉਸਦੀ ਲੋਅਰ ਦੀਆਂ ਜੇਬਾਂ ਤੋਂ 5 ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਹੋਏ। ਜਿਸ ਤੇ ਸਾਜਨ ਖੁਰਾਣਾ ਦੇ ਖਿਲਾਫ ਮੁਕੱਦਮਾ ਨੰਬਰ 302 ਮਿਤੀ 23-11-25 ਅ/ਧ 303(2), 317(2) ਬੀ.ਐਨ.ਐਸ. ਤਹਿਤ ਥਾਣਾ ਡਵੀਜ਼ਨ ਨੰਬਰ-7 ਲੁਧਿਆਣਾ ਵਿੱਚ ਦਰਜ ਰਜਿਸਟਰ ਕਰਕੇ ਸਾਜਨ ਖੁਰਾਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਸਾਜਨ ਖੁਰਾਣਾ ਨੇ ਆਪਣੇ ਸਾਥੀ ਵਰਿੰਦਰ ਸਿੰਘ ਗਰਚਾ ਉਰਫ਼ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਬਾਰੇ ਦੱਸਿਆ, ਜਿਸਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕਰਕੇ ਦੋਵੇਂ ਦੋਸ਼ੀਆਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਕਈ ਚੋਰੀਆਂ ਦਾ ਖੁਲਾਸਾ ਹੋਇਆ। ਦੋਨੋਂ ਦੋਸ਼ੀਆਂ ਤੋਂ ਉਕਤ ਨੰਬਰੀ ਮੋਟਰਸਾਈਕਲ ਤੋਂ ਇਲਾਵਾ 02 ਮੋਟਰਸਾਇਕਲ ਮਾਰਕਾ ਹੀਰੋ ਹਾਂਡਾ ਸਪਲੈਂਡਰ, 02 ਐਲ.ਪੀ.ਜੀ ਸਿਲੰਡਰ, 01 ਫਰਾਟਾ ਪੱਖਾ, 01 ਰੈਡਮੀ ਐਲ.ਸੀ.ਡੀ ਅਤੇ 06 ਮੋਬਾਇਲ ਟੱਚ ਸਕਰੀਨ ਬਰਾਮਦ ਕੀਤੇ ਗਏ। ਦੋਸ਼ੀ ਵਰਿੰਦਰ ਸਿੰਘ ਗਰਚਾ ਦੇ ਖਿਲਾਫ ਪਹਿਲਾਂ ਵੀ ਥਾਣਾ ਸਾਹਨੇਵਾਲ ਵਿੱਚ ਐੱਨ.ਡੀ.ਪੀ.ਐਸ ਐੱਕਟ ਤਹਿਤ ਮੁਕੱਦਮਾ ਦਰਜ ਹੈ। ਮੁਕੱਦਮੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।