ਰਾਏਕੋਟ : ਪ੍ਰੇਮ ਨਗਰ ਦੇ ਗੁਰਦੁਆਰਾ ਸੁਖਮਨੀ ਸਾਹਿਬ 'ਚ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਇਆ ਜਾਵੇਗਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 18 ਫਰਵਰੀ 2025 - ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ ਵਿਚਲੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ (ਨੇੜੇ : ਦਾਣਾ ਮੰਡੀ) ਵਿਖੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਤਿੰਨ ਦਿਨਾ ਗੁਰਮਤਿ ਸਮਾਗਮ ਕਰਕੇ ਰਵਿਦਾਸ ਮਹਾਰਾਜ ਦਾ 648 ਵਾਂ ਪ੍ਰਕਾਸ਼ ਦਿਹਾੜਾ 20 ਫ਼ਰਵਰੀ ਦਿਨ ਵੀਰਵਾਰ ਤੋਂ 22 ਫ਼ਰਵਰੀ ਦਿਨ ਸ਼ਨਿੱਚਰਵਾਰ ਤੱਕ ਮਨਾਇਆ ਜਾ ਰਿਹਾ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਰੂਪ ਸਿੰਘ, ਖਜ਼ਾਨਚੀ ਦਰਸ਼ਨ ਸਿੰਘ, ਗੁਰਬਖਸ਼ ਸਿੰਘ ਅਤੇ ਬਾਬਾ ਹਰਜੀਤ ਸਿੰਘ (ਮੁੱਖ ਸੇਵਾਦਾਰ ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ) ਨੇ ਸਾਂਝੇ ਤੌਰ 'ਤੇ ਦੱਸਿਆ ਕਿ 20 ਫ਼ਰਵਰੀ ਨੂੰ ਸਵੇਰੇ 8 ਵਜੇ ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ, ਜਿਨ੍ਹਾਂ ਦੀ ਸੰਪੂਰਨਤਾ/ਸਮਾਪਤੀ ਦੇ ਭੋਗ 22 ਫ਼ਰਵਰੀ ਨੂੰ ਸਵੇਰੇ 10 ਵਜੇ ਦੇ ਕਰੀਬ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜੇਗਾ।ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇਗਾ।
ਇਸ ਗੁਰਮਤਿ ਸਮਾਗਮ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਇਸ ਸੇਵਾ ਦੇ ਕੁੰਭ 'ਚ ਤਨ-ਮਨ-ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕਰਨ/ਹਰ ਜਸ ਲਾਹਾ ਖੱਟਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ।ਇਸ ਗੁਰਮਤਿ ਸਮਾਗਮ ਦੇ ਤਿੰਨੇ ਦਿਨ ਹੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ।