ਮੋਹਾਲੀ ਪ੍ਰੈਸ ਕਲੱਬ ਵੱਲੋਂ ਹੜ੍ਹ ਪੀੜਤਾਂ ਲਈ 1.51 ਲੱਖ ਦੀ ਰਾਸ਼ੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕੀਤੀ ਭੇਂਟ
ਪ੍ਰੈਸ ਕਲੱਬ ਲਈ ਜ਼ਮੀਨ ਅਲਾਟ ਕਰਾਉਣ ਲਈ ਗਮਾਡਾ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਜਲਦ: ਖਜ਼ਾਨਾ ਮੰਤਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਨਵੰਬਰ, 2025:
ਮੋਹਾਲੀ ਪ੍ਰੈਸ ਕਲੱਬ ਨੇ ਅੱਜ ਪੰਜਾਬ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮੱਦਦ ਲਈ 1.51 ਲੱਖ ਦੀ ਰਾਸ਼ੀ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੂੰ ਭੇਂਟ ਕੀਤੀ।
ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੋਹਾਲੀ ਪ੍ਰੈਸ ਕਲੱਬ ਵਿਚ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨਾਲ ਪਹੁੰਚੇ। ਉਨ੍ਹਾਂ ਮੋਹਾਲੀ ਪ੍ਰੈਸ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੀ ਇਹ ਸਹਾਇਤਾ ਵਿਲੱਖਣ ਪਹਿਲ ਹੈ ਅਤੇ ਅਜਿਹੇ ਛੋਟੇ-ਛੋਟੇ ਉਪਰਾਲੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਮੱਦਦਗਾਰ ਸਾਬਿਤ ਹੋ ਰਹੇ ਹਨ।
ਇਸ ਮੌਕੇ ਖਜ਼ਾਨਾ ਮੰਤਰੀ ਨੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਮੋਹਾਲੀ ਪ੍ਰੈਸ ਕਲੱਬ ਬਣਾਉਣ ਲਈ ਦਿੱਤੇ ਮੰਗ ਪੱਤਰ ਦੇ ਜਵਾਬ ਵਿਚ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪੰਜਾਬ ਦੇ ਹਾਊਸਿੰਗ ਅਤੇ ਅਰਬਨ ਵਿਭਾਗ ਦੇ ਮੰਤਰੀ, ਗਮਾਡਾ ਤੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਿਸ ਵਿਚ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਮੋਹਾਲੀ ਪੰਜਾਬ ਦਾ ਸਭ ਤੋਂ ਆਧੁਨਿਕ ਤੇ ਉਦਯੋਗਿਕ ਤੇ ਵਾਪਰਕ ਕੇਂਦਰ ਵਜੋਂ ਉਭਰ ਰਿਹਾ ਸ਼ਹਿਰ ਹੈ ਜੋ ਅੰਤਰ ਰਾਸ਼ਟਰੀ ਏਅਰਪੋਰਟ, ਕ੍ਰਿਕਟ ਸਟੇਡੀਅਮ ਤੇ ਹਾਕੀ ਸਟੇਡੀਅਮ ਰਾਹੀਂ ਕੌਮਾਂਤਰੀ ਪੱਧਰ ਤੇ ਜੁੜਿਆ ਹੋਇਆ ਹੈ। ਮੀਡੀਆ ਦਾ ਵੱਡਾ ਕੇਂਦਰ ਹੋਣ ਕਾਰਨ ਮੋਹਾਲੀ ਵਿਚ ਪ੍ਰੈਸ ਕਲੱਬ ਦੀ ਹੋਂਦ ਜਰੂਰੀ ਹੈ, ਜੋ ਜਲਦੀ ਹੀ ਪੂਰੀ ਕੀਤੀ ਜਾਵੇਗੀ।
ਇਸ ਮੌਕੇ ਮੋਹਾਲੀ ਦੇ ਐਮ.ਐਲ.ਏ. ਸ. ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਕੋਲ ਜਨਤਕ ਸੇਵਾਵਾਂ ਲਈ ਜ਼ਮੀਨ ਰਾਖਵੀਂ ਹੈ ਅਤੇ ਉਹ ਪ੍ਰੈਸ ਕਲੱਬ ਨੂੰ ਵੀ ਜ਼ਮੀਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ’ਚ ਪ੍ਰੈਸ ਕਲੱਬ ਬਨਣਾ ਚਾਹੀਦਾ ਹੈ ਤੇ ਉਹ ਪੂਰਾ ਜ਼ੋਰ ਲਗਾਉਣਗੇ।
ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਪਟਵਾਰੀ ਤੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ਾਹੀ ਨੇ ਖਜ਼ਾਨਾ ਮੰਤਰੀ ਤੇ ਵਿਧਾਇਕ ਨੁੰ ਅਪੀਲ ਕੀਤੀ ਕਿ ਉਹ ਪ੍ਰੈਸ ਦੀ ਹੱਬ ਬਣ ਰਹੇ ਸ਼ਹਿਰ ਮੋਹਾਲੀ ਵਿਚ ਜਲਦੀ ਪ੍ਰੈਸ ਕਲੱਬ ਬਣਾਉਣ ਤਾਂ ਕਿ ਪੱਤਰਕਾਰਾਂ ਤੇ ਲੋਕਾਂ ਨੂੰ ਵਧੀਆਂ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਮੋਹਾਲੀ ਪ੍ਰੈਸ ਕਲੱਬ 1999 ਵਿਚ ਬਣਿਆ ਸੀ ਅਤੇ 2007 ਤੋਂ ਇਹ ਕਲੱਬ ਕਿਰਾਏ ਦੀ ਕੋਠੀ ਵਿਚ ਚੱਲ ਰਿਹਾ ਹੈ, ਜਿਥੇ ਪੱਤਰਕਾਰਾਂ ਲਈ ਇੰਟਰਨੈਟ ਕੰਪਿਊਟਰ ਤੇ ਕਿਚਨ ਦੀ ਸਹੂਲਤ ਪ੍ਰਾਪਤ ਹੈ।
ਇਸ ਮੌਕੇ ਗੁਰਮੀਤ ਸਿੰਘ ਪੀ.ਸੀ.ਐਸ. ਮੁੱਖ ਮੰਤਰੀ ਫੀਲਡ ਅਫ਼ਸਰ, ਸੀਨੀਅਰ ਮੀਤ ਪ੍ਰਧਾਨ, ਸੁਸ਼ੀਲ ਗਰਚਾ, ਜੱਥੇਬੰਦਕ ਸਕੱਤਰ, ਨੀਲਮ ਠਾਕੁਰ, ਜਾਇੰਟ ਸਕੱਤਰ ਵਿਜੈ ਕੁਮਾਰ, ਕੈਸੀਅਰ, ਰਾਜੀਵ ਤਨੇਜਾ, ਮਾਇਆ ਰਾਮ, ਸੰਦੀਪ ਬਿੰਦਰਾ, ਉੱਜਲ ਸਿੰਘ, ਹਰਮਿੰਦਰ ਨਾਗਪਾਲ, ਸਾਗਰ ਪਾਹਵਾ ਆਦਿ ਹਾਜ਼ਰ ਸਨ।