ਮਿਊਂਸਪਲ ਐਕਟ ਦੀ ਉਲੰਘਣਾ! EO ਨਾਕਾਮ- ਦੂਜੇ ਦਿਨ ਵੀ ਸਫਾਈ ਕਰਮਚਾਰੀ ਹੜਤਾਲ ’ਤੇ ਡਟੇ
ਦੀਪਕ ਜੈਨ
ਜਗਰਾਉਂ, 25 ਅਪ੍ਰੈਲ 2026- ਨਗਰ ਕੌਂਸਲ ਵਿੱਚ ਪ੍ਰਸ਼ਾਸਨਿਕ ਬੇਪਰਵਾਹੀ ਅਤੇ ਮਿਊਂਸਪਲ ਐਕਟ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਕਾਰਜ ਸਾਧਕ ਅਫਸਰ ਵੱਲੋਂ ਨਿਯਮਾਂ ਦੀ ਪਾਲਣਾ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਕਾਰਨ ਸਫਾਈ ਕਰਮਚਾਰੀਆਂ ਨੂੰ ਲਗਾਤਾਰ ਦੂਜੇ ਦਿਨ ਵੀ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ।
ਸਫਾਈ ਕਰਮਚਾਰੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਕੰਮਕਾਜ ਨੂੰ ਨਿਯਮਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਊਂਸਪਲ ਐਕਟ ਦੇ ਸਪੱਸ਼ਟ ਨਿਯਮਾਂ ਦੇ ਬਾਵਜੂਦ ਅਧਿਕਾਰੀ ਮਨਮਾਨੀ ਕਰ ਰਹੇ ਹਨ, ਜਿਸ ਨਾਲ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਗਲੀਆਂ ਵਿੱਚ ਕੂੜੇ ਦੇ ਢੇਰ ਲੱਗਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਗੰਭੀਰ ਨਹੀਂ ਦਿਖਾਈ ਦੇ ਰਿਹਾ।
ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਾ ਗਿਆ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਨਾ ਬਣਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਸਿਰਫ ਆਪਣੇ ਹੱਕਾਂ ਲਈ ਨਹੀਂ, ਸਗੋਂ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਨਿਆਂ ਲਈ ਵੀ ਹੈ।
ਇਸ ਮਾਮਲੇ ’ਤੇ ਕਾਰਜ ਸਾਧਕ ਅਫਸਰ ਵੱਲੋਂ ਕੋਈ ਢੁੱਕਵਾਂ ਜਵਾਬ ਨਾ ਮਿਲਣ ਕਾਰਨ ਸਥਿਤੀ ਹੋਰ ਵੀ ਤਣਾਭਰੀ ਬਣਦੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਗਹਿਰਾ ਹੋ ਸਕਦਾ ਹੈ। ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਬੁਧ ਰਾਮ, ਵਾਇਸ ਪ੍ਰਧਾਨ ਸਨੀ ਸੁੰਦਰ ਸੰਦੀਪ ਕੁਮਾਰ, ਭੂਸ਼ਨ ਗਿੱਲ,ਬਿਕਰਮ ਗਿੱਲ, ਆਸ਼ਾ ਰਾਣੀ, ਨੀਨਾ,ਮਿਸਰੋ ਦੇਵੀ, ਸੀਵਰਮੈਨ ਯੂਨੀਅਨ ਪ੍ਰਧਾਨ, ਰਾਜ਼ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਅਤੇ ਸਮੂਹ ਸਟਾਫ ਹਾਜ਼ਰ ਰਹੇ
Click to Follow Babushahi Facebook page →