ਭਗਵੰਤ ਮਾਨ ਦਾ ਵਾਅਦਾ ਪੂਰਾ ਹੋਇਆ, ਪੰਜਾਬ ਸਰਕਾਰ ਨੇ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਵੰਡਿਆ
12 ਕੈਬਨਿਟ ਮੰਤਰੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ
ਚੰਡੀਗੜ੍ਹ, 15 ਅਕਤੂਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਲਈ ਰਾਹਤ ਦੇ ਤੌਰ ‘ਤੇ 6.3 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਹੈ। 12 ਕੈਬਨਿਟ ਮੰਤਰੀਆਂ ਵੱਲੋਂ ਅੱਜ "ਮਿਸ਼ਨ ਪੁਨਰਵਾਸ" ਤਹਿਤ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਭਰ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਹੜ੍ਹ ਰਾਹਤ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ।
ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਮੁੱਖ ਮੰਤਰੀ ਵੱਲੋਂ ਅਜਨਾਲਾ ਤੋਂ 631 ਪਰਿਵਾਰਾਂ ਨੂੰ 5.70 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡ ਕੇ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਮਾਨ ਸਰਕਾਰ ਨੇ 45 ਦਿਨਾਂ ਦੇ ਟੀਚੇ ਤੋਂ ਬਹੁਤ ਪਹਿਲਾਂ ਫਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਨੁਕਸਾਨੇ ਗਏ ਘਰਾਂ ਲਈ 1.20 ਲੱਖ ਰੁਪਏ ਤੱਕ ਦੀ ਰਾਸ਼ੀ ਅਤੇ ਪਸ਼ੂਆਂ ਲਈ ਢੁਕਵੀਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਹ ਰਕਮ ਸਿੱਧੇ ਤੌਰ 'ਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਰਾਹੀਂ ਪਾਈ ਗਈ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਗਿਰਦਾਵਰੀ ਟੀਮਾਂ ਨੇ ਲਗਭਗ ਹਰ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਕਵਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨੁਕਸਾਨੀਆਂ ਗਈਆਂ ਸੜਕਾਂ ਦੀ ਜਲਦ ਤੋਂ ਜਲਦ ਮੁਰੰਮਤ ਅਤੇ ਮੁੜ ਨਿਰਮਾਣ ਦਾ ਕਾਰਜ ਮੁਕੰਮਲ ਕੀਤਾ ਜਾਵੇ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਧੂਰੀ ਹਲਕੇ ਦੇ ਅੱਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਸੌਂਪ ਕੇ ਸੰਗਰੂਰ ਵਿੱਚ ਮੁਆਵਜ਼ਾ ਵੰਡ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ।
ਕੈਬਨਿਟ ਮੰਤਰੀ ਅਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਬਨੂੜ ਸਬ-ਤਹਿਸੀਲ ਦੇ ਪਿੰਡ ਰਾਮਪੁਰ ਕਲਾਂ ਅਤੇ ਡੇਰਾ ਬੱਸੀ ਤਹਿਸੀਲ ਦੇ ਪਿੰਡ ਸਰਸੀਣੀ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਨੇ ਲਗਭਗ 80 ਪ੍ਰਭਾਵਿਤ ਪਰਿਵਾਰਾਂ ਨੂੰ 66 ਲੱਖ ਦੇ ਮੁਆਵਜ਼ਾ ਪ੍ਰਵਾਨਗੀ ਪੱਤਰ ਸੌਂਪੇ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਫਸਲਾਂ ਅਤੇ ਘਰਾਂ ਦੇ ਨੁਕਸਾਨ ਲਈ 1.05 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਾਹਨੇਵਾਲਾ ਪਿੰਡ ਵਿੱਚ 43 ਲਾਭਪਾਤਰੀਆਂ ਨੂੰ 10.19 ਲੱਖ ਰੁਪਏ ਅਤੇ 29 ਨੁਕਸਾਨੇ ਗਏ ਘਰਾਂ ਲਈ 14.22 ਲੱਖ ਰੁਪਏ, ਬਹਿਕ ਹਸਤਾ ਉਤਾੜ ਪਿੰਡ ਵਿੱਚ 9.47 ਲੱਖ ਰੁਪਏ ਅਤੇ ਧਰਮਪੁਰਾ ਪਿੰਡ ਵਿੱਚ 71.22 ਲੱਖ ਰੁਪਏ ਦੀ ਰਾਹਤ ਰਾਸ਼ੀ ਵੰਡੀ ਗਈ ਹੈ।
ਇਸ ਉਪਰੰਤ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲੱਕੜਵਾਲਾ, ਥੇਹੜੀ ਅਤੇ ਸ਼ੇਰਗੜ੍ਹ ਦੇ ਵਸਨੀਕਾਂ ਨੂੰ 16.88 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ। ਉਨ੍ਹਾਂ ਕਿਹਾ ਕਿ ਭਾਵੇਂ ਮਲੋਟ ਵਿੱਚ ਹੜ੍ਹ ਨਹੀਂ ਆਏ ਪਰ ਕੁਝ ਇਲਾਕਿਆਂ ਵਿੱਚ ਫਸਲਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਇਕ ਗੁਰਲਾਲ ਘਨੌਰ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸੌਂਟਾ, ਸ਼ੇਖਪੁਰ, ਡਖੇਲੀ, ਲੋਹਸਿੰਬਲੀ ਅਤੇ ਸਮਸਪੁਰ ਦੇ 232 ਕਿਸਾਨਾਂ ਨੂੰ ਮੁਆਵਜ਼ੇ ਵਜੋਂ 88 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ।
ਭੋਆ ਹਲਕੇ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ 130 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 31 ਲੱਖ ਰੁਪਏ ਦੇ ਰਾਹਤ ਚੈੱਕ ਵੰਡੇ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਿਸ਼ਨ ਸਿੰਘ ਵਾਲਾ ਤੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਦੀ ਰਸਮੀ ਸ਼ੁਰੂਆਤ ਕਰਦਿਆਂ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਪਿੰਡਾਂ ਕਿਸ਼ਨ ਸਿੰਘ ਵਾਲਾ, ਚੱਕ ਪੱਤੀ ਬਾਲੂ ਬਹਾਦਰ ਅਤੇ ਹੁਸੈਨਪੁਰ ਬੂਲੇ ਦੇ ਲਗਭਗ 25 ਕਿਸਾਨਾਂ ਨੂੰ ਪ੍ਰਵਾਨਗੀ ਪੱਤਰ ਸੌਂਪ ਕੇ ਕੀਤੀ।
ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਗੁਰਦਾਸਪੁਰ ਜ਼ਿਲ੍ਹੇ ਦੇ 138 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 59 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ। ਇਸ ਮੁਆਵਜ਼ਾ ਵੰਡ ਮੁਹਿੰਮ ਤਹਿਤ ਕਈ ਖੇਤਰਾਂ ਨੂੰ ਕਵਰ ਕੀਤਾ ਗਿਆ, ਜਿਸ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਖੁਸ਼ੀਪੁਰ ਦੇ 42 ਲਾਭਪਾਤਰੀਆਂ ਨੂੰ 23 ਲੱਖ ਰੁਪਏ ਦੇ ਚੈੱਕ ਵੰਡੇ ਗਏ, ਗੁਰਦਾਸਪੁਰ ਦੇ ਪਿੰਡ ਖੋਖਰ ਰਾਜਪੂਤਾਂ ਦੇ 50 ਲਾਭਪਾਤਰੀਆਂ ਨੂੰ 24 ਲੱਖ ਰੁਪਏ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਕੋਠੇ ਦੇ 46 ਪਰਿਵਾਰਾਂ ਨੂੰ ਲਗਭਗ 12 ਲੱਖ ਰੁਪਏ ਦੀ ਰਾਹਤ ਰਾਸ਼ੀ ਵੰਡੀ ਗਈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ-ਡਵੀਜ਼ਨ ਵਿੱਚ ਪਿੰਡ ਫੱਤੇਵਾਲਾ ਤੋਂ ਮੁਆਵਜ਼ੇ ਦੀ ਵੰਡ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ 57 ਕਿਸਾਨਾਂ ਨੂੰ 16 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ। ਇਸ ਦੌਰਾਨ ਸ. ਖੁੱਡੀਆਂ ਨੇ ਪਿੰਡ ਨਿਹਾਲਾ ਲਵੇਰਾ ਦੇ 254 ਕਿਸਾਨਾਂ ਨੂੰ 99.20 ਲੱਖ ਰੁਪਏ ਅਤੇ ਫਿਰੋਜ਼ਪੁਰ ਦੇ ਪਿੰਡ ਕਮਲ ਵਾਲਾ ਦੇ 37 ਕਿਸਾਨਾਂ ਨੂੰ 6.60 ਲੱਖ ਰੁਪਏ ਦੇ ਮੁਆਵਜ਼ਾ ਪ੍ਰਵਾਨਗੀ ਪੱਤਰ ਸੌਂਪੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਫੰਡ ਦੇਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਟਾਂਡਾ ਨਗਰ ਕੌਂਸਲ ਵਿਖੇ ਕਰਵਾਏ ਸਮਾਗਮ ਦੌਰਾਨ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ। ਉਨ੍ਹਾਂ 60 ਲਾਭਪਾਤਰੀਆਂ ਨੂੰ ਕੁੱਲ 24.27 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ। ਪਿੰਡ ਫੱਤਾ ਦੇ ਲਾਭਪਾਤਰੀਆਂ ਨੂੰ 9.46 ਲੱਖ ਰੁਪਏ, ਅਬਦੁੱਲਾਪੁਰ ਦੇ ਲਾਭਪਾਤਰੀਆਂ ਨੂੰ 5.50 ਲੱਖ ਰੁਪਏ ਅਤੇ ਗੰਧੋਵਾਲ ਦੇ ਲਾਭਪਾਤਰੀਆਂ ਨੂੰ 9.30 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ।
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅਜਨਾਲਾ ਹਲਕੇ ਦੇ 28 ਪ੍ਰਭਾਵਿਤ ਪਰਿਵਾਰਾਂ ਨੂੰ 24 ਲੱਖ ਰੁਪਏ ਅਤੇ ਰਾਜਾਸਾਂਸੀ ਹਲਕੇ ਦੇ 23 ਪਰਿਵਾਰਾਂ ਨੂੰ 18.41 ਲੱਖ ਰੁਪਏ ਵੰਡੇ।
ਇਸੇ ਤਰ੍ਹਾਂ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਸਮਰਾਲਾ ਸਬ-ਡਵੀਜ਼ਨ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ 84 ਕਿਸਾਨਾਂ ਨੂੰ ਹੜ੍ਹ ਰਾਹਤ ਵਜੋਂ 25.05 ਲੱਖ ਰੁਪਏ ਵੰਡੇ।
ਬਾਗਬਾਨੀ, ਆਜ਼ਾਦੀ ਘੁਲਾਟੀਏ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਮਿਸ਼ਨ ਮੁੜ ਵਸੇਬਾ ਤਹਿਤ ਸ਼ਾਹਕੋਟ ਦੇ ਪਿੰਡ ਮੂਲੇਵਾਲ ਅਰਾਈਆਂ, ਸੀਚੇਵਾਲ, ਨਾਰੰਗਪੁਰ, ਸੋਹਲ ਖ਼ਾਲਸਾ ਅਤੇ ਬਿੱਲੀ ਵੜੈਚ ਦੇ 47 ਕਿਸਾਨਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕੁੱਲ 13 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਜਾਵੇਗੀ।