ਡੇਰਾ ਬਿਆਸ ਮੁਖੀ ਦੀ ਮਜੀਠੀਆ ਨਾਲ ਮੁਲਾਕਾਤ 'ਤੇ ਸਿਆਸੀ ਜੰਗ; CM ਮਾਨ ਦੇ ਟਵੀਟ 'ਤੇ ਜਾਖੜ ਦਾ ਪਲਟਵਾਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 3 ਫਰਵਰੀ, 2026: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਗੂ ਸੁਨੀਲ ਜਾਖੜ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ। ਇਹ ਵਿਵਾਦ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਗਈ ਮੁਲਾਕਾਤ ਅਤੇ ਉਸ ਤੋਂ ਤੁਰੰਤ ਬਾਅਦ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਨੂੰ ਲੈ ਕੇ ਸ਼ੁਰੂ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਹਮਲਾ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ (X) 'ਤੇ ਬਿਨਾਂ ਨਾਮ ਲਏ ਡੇਰਾ ਮੁਖੀ ਅਤੇ ਮਜੀਠੀਆ ਦੀ ਮੁਲਾਕਾਤ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਕਿ "ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।"
ਸੁਨੀਲ ਜਾਖੜ ਦਾ ਕਰਾਰਾ ਜਵਾਬ
ਮੁੱਖ ਮੰਤਰੀ ਦੇ ਇਸ ਟਵੀਟ 'ਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਤੁਰੰਤ ਪਲਟਵਾਰ ਕੀਤਾ। ਜਾਖੜ ਨੇ ਡੇਰਾ ਮੁਖੀ ਦੇ ਸਤਿਕਾਰ ਵਿੱਚ ਲਿਖਿਆ ਕਿ "ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ ਬਿਰਥਾ ਨਾ ਜਾਏ।" ਜਾਖੜ ਨੇ ਆਪਣੇ ਬਿਆਨ ਰਾਹੀਂ ਇਹ ਸੰਕੇਤ ਦਿੱਤਾ ਕਿ ਡੇਰਾ ਮੁਖੀ ਵਰਗੀਆਂ ਸ਼ਖ਼ਸੀਅਤਾਂ ਦੇ ਬੋਲ ਅਟੱਲ ਹੁੰਦੇ ਹਨ ਅਤੇ ਮੁੱਖ ਮੰਤਰੀ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕੀ ਹੈ ਪੂਰਾ ਵਿਵਾਦ?
ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਜਾ ਕੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ ਅਤੇ ਮਜੀਠੀਆ ਨੂੰ 'ਬੇਕਸੂਰ' ਦੱਸਿਆ ਸੀ। ਇਸ ਦੇ ਕੁਝ ਹੀ ਘੰਟਿਆਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ।