ਟਰੰਪ ਦੀ ਟੀਮ ’ਚ ਪੰਜ ਭਾਰਤੀ ਅਮਰੀਕਨਾ ਦੀ ਬੱਲੇ-ਬੱਲੇ
ਚੰਡੀਗੜ੍ਹ, 19 ਜਨਵਰੀ 2025 - ਅਮਰੀਕਾ ਦੇ ਨਵੇਂ ਚੁਣੇ ਗਏ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੀ ਟੀਮ ਵਿੱਚ ਫਿਲਹਾਲ 5 ਭਾਰਤੀ ਮੂਲ ਦੇ ਅਮਰੀਕੀਆਂ ਲੈਫ਼.ਕਰਨਲ ਤੁਲਸੀ ਗਵਾਰਡ, ਵਿਵੇਕ ਗਨਪਥੀ ਰਾਮਾਸਵਾਮੀ, ਸ੍ਰੀ ਰਾਮ ਕ੍ਰਿਸ਼ਨਨ, ਜੈ (ਜਯੰਤ) ਭੱਟਾਚਾਰੀਆ ਅਤੇ ਹਰਮੀਤ ਕੌਰ ਢਿਲੋਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਪੰਜਾਂ ਵਿੱਚ ਦੋ ਇਸਤਰੀਆਂ ਤੁਲਸੀ ਗਵਾਰਡ ਅਤੇ ਹਰਮੀਤ ਕੌਰ ਢਿਲੋਂ ਹਨ। ਭਾਰਤੀ ਮੂਲ ਦੇ ਅਮਰੀਕਨ ਕਯਸ਼ਪ ਪ੍ਰਮੋਦ ਵਿਨੋਦ ਪਟੇਲ ਜੋ ਅਮਰੀਕਾ ਵਿੱਚ ਕੈਸ ਪਟੇਲ ਦੇ ਨਾਮ ਨਾਲ ਜਾਣੇ ਜਾਂਦੇ ਹਨ, ਉਨ੍ਹਾਂ ਨੂੰ ਫ਼ੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਅਮਰੀਕਾ ਦੇ ਪ੍ਰਬੰਧਕੀ ਢਾਂਚੇ ਵਿੱਚ ਇਹ ਸਭ ਤੋਂ ਉਚਾ ਅਹੁਦਾ ਹੈ।
ਕੈਸ ਪਟੇਲ ਦਾ ਕੈਰੀਅਰ ਵਿਲੱਖਣ ਹੈ। ਉਹ ਸ਼ਾਨਦਾਰ ਵਕੀਲ, ਜਾਂਚ ਕਰਤਾ ਅਤੇ ਅਮਰੀਕਾ ਦਾ ਫਸਟ ਯੋਧਾ ਹੈ। ਉਸਨੇ ਭਰਿਸ਼ਟਾਚਾਰ ਵਿਰੋਧੀ ਰੂਸ ਦੀ ਧੋਖ਼ੇਬਾਜ਼ੀ ਦਾ ਪਰਦਾ ਫਾਸ਼ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਸ ਦੇ ਮਾਪੇ 1970 ਵਿੱਚ ਅਫ਼ਰੀਕਾ ਤੋਂ ਕੈਨੇਡਾ ਫਿਰ ਅਮਰੀਕਾ ਆਏ ਸਨ। 44 ਸਾਲਾ ਕੈਸ ਪਟੇਲ ਦਾ ਜਨਮ 25 ਫਰਵਰੀ 1980 ਨੂੰ ਅਮਰੀਕਾ ਦੇ ਗਾਰਡਨ ਸ਼ਹਿਰ ਨਿਊਯਾਰਕ ਵਿੱਚ ਭਾਰਤੀ ਗੁਜਰਾਤੀ ਇਮੀਗਰੈਂਟਸ ਮਾਪਿਆਂ ਦੇ ਘਰ ਹੋਇਆ, ਜਿਸਨੂੰ ਲਿਟਲ ਇੰਡੀਆ (ਕੂਈਨਜ਼ ਨਿਊਯਾਰਕ) ਕਿਹਾ ਜਾਂਦਾ ਹੈ। ਡੋਨਾਲਡ ਟਰੰਪ ਦੀ ਪਹਿਲੀ ਟਰਮ ਵਿੱਚ ਉਹ 2017 ਵਿੱਚ ਅਮਰੀਕੀ ਰੱਖਿਆ ਸਕੱਤਰ ਦੇ ਨੈਸ਼ਨਲ ਸੀਨੀਅਰ ਡਿਪਟੀ ਡਾਇਰੈਕਟਰ ਰੱਖਿਆ ਵਿੱਚ ਚੀਫ਼ ਆਫ਼ ਸਟਾਫ਼ ਨਿਯੁਕਤ ਸੀ। ਕੈਸ ਪਟੇਲ ਨੇ ਗਾਰਡਨ ਸਿਟੀ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 2002 ਵਿੱਚ ਰਿਚਮੰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਹਿਸਟਰੀ ਅਤੇ ਇਨ ਕਰਿਮੀਨਲ ਜਸਟਿਸ ਵਿੱਚ ਪਾਸ ਕੀਤੀਆਂ। 2004 ਵਿੱਚ ਯੂਨੀਵਰਸਿਟੀ ਕਾਲਜ ਲੰਡਨ ਤੋਂ ਸਰਟੀਫ਼ੀਕੇਟ ਆਫ਼ ਇੰਟਰਨੈਸ਼ਨਲ ਲਾਅ ਪ੍ਰਾਪਤ ਕੀਤਾ। ਉਸਨੇ ਕਾਨੂੰਨ ਦੀ ਡਿਗਰੀ ਪੇਸ ਯੂਨੀਵਰਸਿਟੀ ਸਕੂਲ ਆਫ਼ ਲਾਅ ਨਿਊਯਾਰਕ ਤੋਂ ਪਾਸ ਕੀਤੀ।
ਡੋਨਾਲਡ ਟਰੰਪ ਨੇ 43 ਸਾਲਾ ਤੁਲਸੀ ਗਵਾਰਡ ਨੂੰ ਨੈਸ਼ਨਲ ਇਨਟੈਲੀਜੈਂਸ ਦਾ ਡਾਇਰੈਕਟਰ ਬਣਾਕੇ ਮਹੱਤਵਪੂਰਨ ਕੰਮ ਦਿੱਤਾ ਹੈ। ਤੁਲਸੀ ਗਵਾਰਡ ਦਾ ਪਿਛੋਕੜ ਆਰਮੀ ਦਾ ਹੈ। ਉਹ ਅਮਰੀਕਾ ਵਿੱਚ 9/11 ਦੇ ਹੋਏ ਹਮਲੇ ਤੋਂ ਬਾਅਦ ਆਰਮੀ ਨੈਸ਼ਨਲ ਗਾਰਡ ਵਿੱਚ ਸ਼ਾਮਲ ਹੋ ਗਈ ਸੀ। ਉਹ ਪਲਾਟੂਨ ਲੀਡਰ ਵਜੋਂ ਮੱਧ ਪੂਰਵ ਵਿੱਚ ਤਾਇਨਾਤ ਰਹੀ ਹੈ। ਉਸਨੇ ਆਪਣਾ ਸਿਆਸੀ ਕੈਰੀਅਰ 2006 ਵਿੱਚ ਸੈਨੇਟਰ ਵੈਟਰਨ ਅਫ਼ੇਅਰ ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਸੈਨੇਟਰ ਡੇਨੀਅਲ ਅਕਾਕਾ ਲਈ ਇੱਕ ਵਿਧਾਨਿਕ ਸਹਾਇਕ ਵਜੋਂ ਕੰਮ ਕਰਕਦਿਆਂ ਸ਼ੁਰੂ ਕੀਤਾ ਸੀ। ਤੁਲਸੀ ਗਵਾਰਡ ਪਹਿਲੀ ਵਾਰ ਮਹਿਜ 21 ਸਾਲ ਦੀ ਉਮਰ ਵਿੱਚ ਹਵਾਈ ਹਾਊਸ ਆਫ਼ ਰਿਪ੍ਰਜੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਗਈ ਸੀ। ਉਹ 2013 ਤੋਂ 2021 ਤੱਕ ਹਵਾਈ ਦੇ ਦੂਜੇ ਜ਼ਿਲ੍ਹੇ ਦੀ ਕਾਂਗਰਸ ਮੈਂਬਰ ਰਹੀ ਹੈ। ਉਹ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ, ਜੋ ਚਾਰ ਵਾਰ ਵਿਮੈਨ ਕਾਂਗਰਸ ਰਹੀ ਹੈ। ਤੁਲਸੀ ਗਵਾਰਡ ਦਾ ਜਨਮ ਅਮਰੀਕੀ ਸਮੋਆ ਵਿੱਚ ਹੋਇਆ ਸੀ। ਉਸਦਾ ਪਾਲਣ ਪੋਸ਼ਣ ਹਵਾਈ ਵਿੱਚ ਹੋਇਆ ਪ੍ਰੰਤੂ ਉਸਨੇ ਆਪਣਾ ਬਚਪਨ ਫਿਲਪੀਨ ਵਿੱਚ ਬਿਤਾਇਆ। ਉਹ ਪਹਿਲਾਂ ਡੈਮੋਕਰੈਟਿਕ ਪਾਰਟੀ ਵਿੱਚ ਕੰਮ ਕਰਦੀ ਸੀ। ਉਸਨੇ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ ਪ੍ਰੰਤੂ ਫਿਰ ਉਹ ਜੋ ਬਾਇਡਨ ਦੇ ਹੱਕ ਵਿੱਚ ਵਿਦਡਰਾਅ ਕਰ ਗਈ ਸੀ। ਪਿਛਲੇ ਸਾਲ ਉਸਨੇ ਡੈਮੋਕਰੈਟਿਕ ਪਾਰਟੀ ਤੋਂ ਅਸਤੀਫ਼ਾ ਦੇ ਕੇ ਰਿਪਬਲਿਕਨ ਪਾਰਟੀ ਜਾਇਨ ਕਰ ਲਈ ਸੀ। ਤੁਲਸੀ ਗਵਾਰਡ ਭਗਵਦ ਗੀਤਾ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਦੀ ਹੈ। ਉਸਨੇ 2013 ਵਿੱਚ ਭਗਵਦ ਗੀਤਾ ਗ੍ਰੰਥ ‘ਤੇ ਹੱਥ ਰੱਖਕੇ ਸਹੁੰ ਚੁੱਕੀ ਸੀ ਤੇ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਅਮਰੀਕਾ ਦੇ ਦੌਰੇ ‘ਤੇ ਗਏ ਸਨ, ਉਨ੍ਹਾਂ ਨੂੰ ਭਗਵਦ ਗੀਤਾ ਭੇਂਟ ਕੀਤੀ ਸੀ।
ਡਾ.ਜੈ (ਜਯੰਤ) ਭੱਟਾਚਾਰੀਆ ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੂੰ ਦੇਸ਼ ਦੀ ਚੋਟੀ ਦੀ ਸੰਸਥਾ ਦਾ ਡਾਇਰੈਕਟਰ ਨੈਸ਼ਨਲ ਇਨਸਟੀਚਿਊਟ ਆਫ਼ ਹੈਲਥ ਨਿਯੁਕਤ ਕੀਤਾ ਹੈ। ਜੈ ਭੱਟਾਚਾਰੀਆਂ ਇੱਕ ਮੰਨੇ ਪ੍ਰਮੰਨੇ ਵਿਗਿਆਨੀ ਹਨ, ਉਨ੍ਹਾਂ ਨੇ ਕਰੋਨਾ ਕਾਲ ਵਿੱਚ ਮਹੱਤਵਪੂਰਨ ਕੰਮ ਕੀਤਾ ਸੀ। ਉਹ ਅਮਰੀਕਾ ਦੀ ਕੋਵਿਡ ਪਾਲਿਸੀ ਦਾ ਕਰਿਟਿਕ ਰਿਹਾ ਹੈ। ਜੈ ਭੱਟਾਚਾਰੀਆ ਨੈਸ਼ਨਲ ਬਿਓਰੋ ਆਫ਼ ਇਕਨਾਮਿਕਸ ਰਿਸਰਚ ਐਂਡ ਐਨ ਇਨਸਟੀਚਿਊਟ ਆਫ਼ ਹੈਲਥ ਕੈਪੀਟੋਲ ਦਾ ਪ੍ਰੋਫ਼ੈਸਰ ਅਤੇ ਰਿਸਰਚ ਐਸੋਸੀਏਟ ਰਿਹਾ ਹੈ। ਉਹ ਪ੍ਰਾਇਮਰੀ ਯੂ.ਐਸ.ਪਬਲਿਕ ਫ਼ੰਡ ਮੈਡੀਕਲ ਰਿਸਰਚ ਲਈ 47.3 ਬਿਲੀਅਨ ਬਜਟ ਵਾਲੇ ਕੰਮ ਦੀ ਸੁਪਰਵੀਜਨ ਕਰਨਗੇ। ਇਸ ਸੰਸਥਾ ਦੀਆਂ 27 ਇਨਸਟੀਚਿਊਟ ਹਨ। ਉਨ੍ਹਾਂ ਆਰਟਸ ਵਿੱਚ ਬੀ.ਏ.ਆਨਰਜ਼ ਤੇ ਐਮ.ਏ ਪਾਸ ਕੀਤੀਆਂ, ਫਿਰ 1997 ਵਿੱਚ ਸਟੈਂਨਫ਼ੋਰਡ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਤੋਂ ਡਿਗਰੀ ਕੀਤੀ। 2000 ਵਿੱਚ ਇਕਨਾਮਿਕਸ ਵਿੱਚ ਡਾਕਟਰੇਟ ਕੀਤੀ ਸੀ। ਜਯੰਤ ਭੱਟਾਚਾਰੀਆ ਦਾ ਜਨਮ 1968 ਵਿੱਚ ਕਲਕੱਤਾ ਵਿਖੇ ਹੋਇਆ। ਉਸਨੇ ਮੁੱਢਲੀ ਪੜ੍ਹਾਈ ਕਲਕੱਤਾ ਵਿੱਚੋਂ ਪ੍ਰਾਪਤ ਕੀਤੀ। ਉਸਨੇ ਆਪਣਾ ਕੈਰੀਅਰ 1998 ਵਿੱਚ ਆਰਥ ਸ਼ਾਸਤਰੀ ਦੇ ਤੌਰ ਤੇ ਸ਼ੁਰੂ ਕੀਤਾ। ਉਹ 2006 ਤੋਂ 2008 ਤੱਕ ਰਿਸਰਚ ਫ਼ੈਲੋ ਰਹੇ।
ਡੋਨਾਲਡ ਟਰੰਪ ਫੈਡਰਲ ਸਰਕਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਚਿੰਤਾਤੁਰ ਹਨ। ਇਸ ਲਈ ਉਨ੍ਹਾਂ ਨੇ ਵਿਵੇਕ ਰਾਮਾ ਸਵਾਮੀ ਨੂੰ ਗਵਰਨਮੈਂਟ ਐਫ਼ੀਸ਼ੈਂਸੀ, ਸਰਕਾਰੀ ਖ਼ਰਚੇ ਘਟਾਉਣ ਵਾਲਾ (ਰੀਕਨਸਟਰਕਸ਼ਨ ਆਫ਼ ਫ਼ੈਡਰਲ ਏਜੰਸੀਜ਼) ਮਹੱਤਪੂਰਨ ਵਿਭਾਗ ਦਾ ਕੰਮ ਸੌਂਪਿਆ ਹੈ। ਉਹ ਐਲਨ ਮਸਕ ਦੇ ਨਾਲ ਕੰਮ ਕਰਨਗੇ। 39 ਸਾਲਾ ਵਿਵੇਕ ਰਾਮਾ ਸਵਾਮੀ ਅਮਰੀਕਾ ਦਾ ਵੱਡਾ ਉਦਮੀ ਹੈ, ਜਿਹੜਾ ਅਮਰੀਕਾ ਦੇ 2024 ਦੀ 100 ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸਨੇ 2014 ਵਿੱਚ ‘ਰੋਇਵਾਂਟ ਸਾਇੰਸਜ਼ ਲਿਮਟਿਡ’ ਮਲਟੀਨੈਸ਼ਨਲ ਹੈਲਥ ਕੇਅਰ ਕੰਪਨੀ ਬਣਾਈ ਸੀ। ਇਸ ਕੰਪਨੀ ਦਾ ਮੁੱਖ ਦਫ਼ਤਰ ਨਿਊਯਾਰਕ ਵਿੱਚ ਹੈ। ਇਸ ਖੇਤਰ ਦਾ ਉਹ ਵੱਡਾ ਕਾਰੋਬਾਰੀ ਹੈ। ਉਸਦਾ ਸਮੁੱਚਾ ਬਾਇਓਟੈਕ ਅਤੇ ਵਿਤੀ ਕਾਰੋਬਾਰ 960 ਮਿਲੀਅਨ ਦਾ ਹੈ। ਇਸ ਲਈ ਡੋਨਾਲਡ ਟਰੰਪ ਨੇ ਉਸਦੀ ਕਾਬਲੀਅਤ ਦਾ ਲਾਭ ਉਠਾਉਣ ਲਈ ਇਹ ਜ਼ਿੰਮੇਵਾਰੀ ਦਿੱਤੀ ਹੈ। ਫ਼ੈਡਰਲ ਸਰਕਾਰ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵਿਵੇਕ ਰਾਮਾਸਵਾਮੀ ਨੇ ਸਵੈ-ਇੱਛਾ ਨਾਲ ਲਈ ਹੈ। ਫਰਵਰੀ 2023 ਵਿੱਚ ਉਸਨੇ 2024 ਦੀ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖਲ ਕੀਤੀ ਸੀ, ਪ੍ਰੰਤੂ ਜਨਵਰੀ 2024 ਵਿੱਚ ਵਿਦਡਰਾਅ ਕਰ ਗਿਆ ਸੀ। ਉਹ ਹਾਰਵਰਡ ਯੂਨੀਵਰਸਿਟੀ ਦੀ ਪੋਲੀਟੀਕਲ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਹੈ। ਵਿਵੇਕ ਰਾਮਾ ਸਵਾਮੀ ਦਾ ਜਨਮ 9 ਅਗਸਤ 1985 ਨੂੰ ਭਾਰਤੀ ਇਮੀਗਰੈਂਟਸ ਮਾਪਿਆਂ ਮਾਤਾ ਗੀਥਾ ਰਾਮਾ ਸਵਾਮੀ ਅਤੇ ਪਿਤਾ ਵੀ.ਜੀ.ਰਾਮਾ ਸਵਾਮੀ ਦੇ ਘਰ ਹੋਇਆ। ਉਸਦਾ ਪਰਿਵਾਰ ਕੇਰਲਾ ਰਾਜ ਦੇ ਤਾਮਿਲ ਸਾਈਕਿੰਗ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹ ਹਾਰਡਰਡ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ। ਵਿਵੇਕ ਰਾਮਾ ਸਵਾਮੀ ਨੇ ਬੀ.ਏ.ਬਾਇਆਲੋਜੀ ਵਿਸ਼ੇ ਵਿੱਚ ਅਤੇ ਲਾਅ ਯੇਲ ਯੂਨੀਵਰਸਿਟੀ ਤੋਂ ਪਾਸ ਕੀਤੀ। ਉਸਦਾ ਵਿਆਹ ਅਪੂਰਵਾ.ਟੀ.ਰਾਮਾਸਵਾਮੀ ਨਾਲ ਹੋਇਆ। ਇਸ ਸਮੇਂ ਉਹ ਓਹੀਓ ਰਾਜ ਦੇ ਸਿਨਸਿਨਾਟੀ ਸ਼ਹਿਰ ਵਿੱਚ ਰਹਿੰਦੇ ਹਨ।
ਇਸੇ ਤਰ੍ਹਾਂ ਭਾਰਤੀ ਮੂਲ ਦੇ ਅਮਰੀਕੀ ਸ੍ਰੀ ਰਾਮ ਕ੍ਰਿਸ਼ਨਨ ਨੂੰ ਆਰਟੀਫ਼ੀਸ਼ੀਅਲ ਇਨਟੈਲੀਜੈਂਸ ਬਾਰੇ ਵਾਈਟ ਹਾਊਸ ਦਾ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਵਾਈਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਵਿੱਚ ਆਫ਼ੀਸ਼ੀਅਲ ਇਨਟੈਲੀਜੈਂਸ ਲਈ ਸੀਨੀਅਰ ਨੀਤੀ ਸਲਾਹਕਾਰ ਵਜੋਂ ਜੋ ਡੇਵਿਡ.ਓ .ਸਾਕਸ ਨਾਲ ਕੰਮ ਕਰਨਗੇ। ਉਹ ਪੌਡਕਾਸਟਰ, ਲੇਖਕ ਅਤੇ ਪ੍ਰੋਡਕਟ ਮੈਨੇਜਰ ਵੀ ਰਹੇ ਹਨ। ਉਹ ਪਹਿਲਾਂ ਮਾਈਕ੍ਰੋਸਾਫਟ, ਟਵਿਟਰ, ਯਾਹੂ, ਫੇਸ ਬੁੱਕ ਤੇ ਸਨੈਪ ਉਤਪਾਦ ਟੀਮਾਂ ਦੀ ਅਗਵਾਈ ਕਰ ਚੁੱਕੇ ਹਨ। ਸ੍ਰੀ ਰਾਮ ਕ੍ਰਿਸ਼ਨਨ ਆਦਰੇਸੇਨ ਹੋਰੋਵਿਟਜ਼ ਕੰਪਨੀ ਵਿੱਚ 2021 ਵਿੱਚ ਸ਼ਾਮਲ ਹੋਏ। ਉਸ ਨੇ ਆਪਣੀ ਪਤਨੀ ਆਰਤੀ ਰਾਮ ਮੂਰਥੀ ਨਾਲ ਰਲਕੇ ‘ਕਲੱਬ ਟਾਕ ਸ਼ੋ’ ਸ਼ੁਰੂ ਕੀਤਾ ਸੀ, ਜਿਹੜਾ ਬਹੁਤ ਹੀ ਹਰਮਨ ਪਿਆਰਾ ਬਣ ਗਿਆ। ਸਾਲ 2023 ਵਿੱਚ ਉਸਨੂੰ ਕੰਪਨੀ ਦੇ ਲੰਦਨ ਦਫ਼ਤਰ ਦਾ ਇਨਚਾਰਜ ਲਗਾਇਆ ਗਿਆ। ਉਹ ਸਾਫ਼ਟਵੇਅਰ ਇੰਜਿਨੀਅਰ ਹਨ ਅਤੇ ਸਿਲੀਕੋਨ ਵੈਲੀ ਵਿੱਚ ਜਾਣਿਆਂ ਪਛਾਣਿਆਂ ਨਾਮ ਹੈ।
ਉਸਦਾ 1984 ਵਿੱਚ ਚਨਈ ਤਾਮਿਲਨਾਡੂ ਵਿੱਚ ਜਨਮ ਹੋਇਆ। ਉਹ ਮਧ ਵਰਗ ਦੇ ਪਰਿਵਾਰ ਵਿੱਚੋਂ ਹੈ। ਉਸਨੇ 1990 ਵਿੱਚ ਆਪਣੇ ਪਿਤਾ ਨੂੰ ਕੰਪਿਊਟਰ ਖ੍ਰੀਦਣ ਲਈ ਮਨਾਇਆ, ਉਸ ਕੋਲ ਇੰਟਰਨੈਟ ਨਹੀਂ ਸੀ ਪ੍ਰੰਤੂ ਉਹ ਕੋਡਿੰਗ ਪੁਸਤਕਾਂ ਲੈ ਕੇ ਸਿੱਖਦਾ ਰਿਹਾ। ਇਥੇ ਹੀ ਉਸਦਾ ਆਰਤੀ ਨਾਲ ਮੇਲ ਹੋਇਆ, ਜੋ ਵਿਆਹ ਵਿੱਚ ਬਦਲ ਗਿਆ। ਉਸਨੇ 2001 ਤੋਂ 2005 ਤੱਕ ਐਸ.ਆਰ.ਐਮ.ਯੂਨੀਵਰਸਿਟੀ ਤੋਂ ਬੀ.ਟੈਕ ਦੀ ਡਿਗਰੀ ਕੀਤੀ ਤੇ ਫਿਰ ਅਮਰੀਕਾ ਆ ਗਿਆ। 2007 ਵਿੱਚ ਉਸਨੇ ਆਪਣਾ ਕੈਰੀਅਰ ਮਾਈਕਰੋਸਾਫਟ ਵਿੱਚ ਬਤੌਰ ਪ੍ਰੋਗਰਾਮ ਮੈਨੇਜਰ ਵਿਸ਼ਾਲ ਸਟੂਡੀਓ ਤੋਂ ਸ਼ੁਰੂ ਕਰਕੇ ਇੰਟਰਨੈਟ ਨੂੰ ਆਪਣਾ ਕੈਰੀਅਰ ਬਣਾਇਆ। ਫਰਵਰੀ 2021 ਵਿੱਚ ਉਹ ਅਮਰੀਕਨ ਵੈਂਚਰ ਕੈਪੀਟਲ ਫਰਮ ‘ਐਂਡਰਸਨ ਹੋਰਵਿਟਜ’ ਵਿੱਚ ਜਨਰਲ ਪਾਟਨਰ ਨਿਯੁਕਤ ਹੋ ਗਿਆ। ਉਹ ਆਪਣੀ ਪਤਨੀ ਆਰਤੀ ਰਾਮਮੂਰਥੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ‘ਦਾ ਆਰਤੀ ਤੇ ਸ੍ਰੀਰਾਮ ਸ਼ੋਅ ’ਦੀ ਮੇਜ਼ਬਾਨੀ ਕੀਤੀ।
ਹਰਮੀਤ ਕੌਰ ਢਿਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਹਰਮੀਤ ਕੌਰ ਢਿਲੋਂ ਪੰਜਾਬਣ/ਜੱਟ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ। ਜੁਲਾਈ 2024 ਵਿੱਚ ਜਦੋਂ ਡੋਨਾਲਡ ਟਰੰਪ ‘ਤੇ ਇੱਕ ਚੋਣ ਜਲਸੇ ਵਿੱਚ ਹਮਲਾ ਹੋਇਆ ਸੀ, ਉਸ ਤੋਂ ਬਾਅਦ ਹਰਮੀਤ ਕੌਰ ਢਿਲੋਂ ਨੇ ਇੱਕ ਹੋਰ ਜਲਸੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਿੱਖ ਪਰੰਪਰਾਵਾਂ ਅਨੁਸਾਰ ਉਸਦੀ ਸਿਹਤਯਾਬੀ, ਜਿੱਤ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ। ਉਸਨੇ ਆਪਣਾ ਕੈਰੀਅਰ ਸੰਵਿਧਾਨਿਕ ਅਹੁਦਿਆਂ ਤੋਂ ਸ਼ੁਰੂ ਕੀਤਾ ਸੀ। ਉਹ ਡੋਨਾਲਡ ਟਰੰਪ ਲਈ ਕਾਨੂੰਨੀ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਲੜ ਰਹੀ ਸੀ। ਉਹ ਵਰਜੀਨੀਆ ਸਟੇਟ ਦੇ ਡਾਰਮਾਊਥ ਕਾਲਜ ਅਤੇ ਲਾਅ ਸਕੂਲ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ। ਉਹ ਯੂ.ਐਸ.ਫੋਰਥ ਸਰਕਟ ਕੋਰਟ ਆਫ਼ ਅਪੀਲਜ਼ ਵਿੱਚ ਕਲਰਕ ਰਹੀ ਹੈ। ਉਹ ਰਿਪਬਲਿਕਨ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਵੀ ਲੜੀ ਪ੍ਰੰਤੂ ਅਸਫਲ ਰਹੀ ਸੀ। ਉਹ ਸਿਵਲ ਰਾਈਟਸ ਕਾਰਕੁਨ ਅਤੇ ਫਰੀ ਸਪੀਚ ਦੀ ਆਜ਼ਾਦੀ ਦੀ ਸਪੋਰਟਰ ਹੈ। ਕੋਵਿਡ ਦੌਰਾਨ ਇਸਾਈਆਂ ਦੀਆਂ ਪ੍ਰੇਅਰ ਮੀਟਿੰਗਾਂ ਤੇ ਲਗਾਈਆਂ ਪਾਬੰਦੀਆਂ ਵਿਰੁਧ ਉਨ੍ਹਾਂ ਦੀ ਵਕੀਲ ਸੀ। ਉਹ ‘ਢਿਲੋਂ ਲਾਅ ਗਰੁਪ’ ਦੀ ਇੱਕ ਸੰਸਥਾਪਕ ਅਤੇ ਸੀਨੀਅਰ ਪਾਰਟਨਰ ਹੈ।
ਹਰਮੀਤ ਕੌਰ ਦਾ ਜਨਮ 2 ਅਪ੍ਰੈਲ 1969 ਨੂੰ ਪਿਤਾ ਤੇਜਪਾਲ ਸਿੰਘ ਦੇ ਘਰ ਚੰਡੀਗੜ੍ਹ ਵਿੱਚ ਹੋਇਆ ਸੀ। ਉਸਦਾ ਪਰਿਵਾਰ ਧਾਰਮਿਕ ਖਿਆਲਾਂ ਵਾਲਾ ਸੀ ਤੇ ਉਹ ਕੀਰਤਨ ਕਰਨ ਜਾਣਦੀ ਹੈ। ਉਸਦਾ ਵਿਆਹ ਸਰਵਜੀਤ ਸਿੰਘ ਨਾਲ ਰੰਧਾਵਾ ਨਾਲ ਹੋਇਆ ਸੀ, ਜੋ ਸਵਰਗਵਾਸ ਹੋ ਚੁੱਕੇ ਹਨ।