ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨ ਦੀ ਸੰਤ ਸੀਚੇਵਾਲ ਵੱਲੋਂ ਸਖ਼ਤ ਨਿੰਦਾ*
*ਅਮਰੀਕਾ ਵੱਲੋਂ ਇਰਾਨ ਦੇ ਟਾਪੂ ‘ਤੇ ਡੀਸੈਲੀਨੇਸ਼ਨ ਪਲਾਂਟ ‘ਤੇ ਹਮਲਾ*
*ਦੋਵੇਂ ਧਿਰਾਂ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲਿਆਂ ਤੋਂ ਗੁਰੇਜ਼ ਕਰਨ*
*ਹਮਲੇ ਨਾਲ ਟਾਪੂ ਦੇ 30 ਪਿੰਡਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ*
, ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ, 9 ਮਾਰਚ* 2026
ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਕੀਤੇ ਜਾ ਰਹੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਜੰਗ ਦੀ ਸਥਿਤੀ ਵਿੱਚ ਵੀ ਮਨੁੱਖਤਾ ਅਤੇ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਇਸ ਲਈ ਦੋਵੇਂ ਧਿਰਾਂ ਨੂੰ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੰਗ ਦੇ ਦਸਵੇਂ ਦਿਨ ਹੋਏ ਹਮਲਿਆਂ ਦੌਰਾਨ ਪਾਣੀ ਅਤੇ ਬਿਜਲੀ ਦੇ ਢਾਂਚੇ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲੇ ਦੌਰਾਨ ਇਰਾਨ ਦੇ ਕੇਸ਼ਮ ਟਾਪੂ ‘ਤੇ ਸਥਿਤ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਕੇ ਪੀਣਯੋਗ ਬਣਾਉਣ ਵਾਲਾ ਪਲਾਂਟ) ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਦੇ ਨਤੀਜੇ ਵਜੋਂ ਟਾਪੂ ‘ਤੇ ਵੱਸਦੇ ਕਰੀਬ 30 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਇਰਾਨ ਕੋਲ ਕੁੱਲ ਪਾਣੀ ਵਿੱਚੋਂ ਕੇਵਲ ਕਰੀਬ 2 ਫੀਸਦੀ ਪਾਣੀ ਹੀ ਡੀਸੈਲੀਨੇਸ਼ਨ ਰਾਹੀਂ ਸਾਫ਼ ਕਰਨ ਦੀ ਸਮਰੱਥਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਅਤੇ ਸਾਹ ਲੈਣ ਲਈ ਸਾਫ ਹਵਾ ਤੋਂ ਵਾਂਝਾ ਕਰਨਾ ਬਹੁਤ ਹੀ ਗੈਰ-ਮਨੁੱਖੀ ਅਤੇ ਬੁਜ਼ਦਲਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਯੁੱਧ ਦੇ ਮੂਲ ਅਸੂਲਾਂ ਅਤੇ ਮਨੁੱਖੀ ਮੁੱਲਾਂ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਬੰਬਾਂ ਅਤੇ ਮਿਜ਼ਾਇਲਾਂ ਤੋਂ ਬਚ ਵੀ ਜਾਣ, ਪਰ ਉਨ੍ਹਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨਾ ਮਨੁੱਖਤਾ ਨਾਲ ਘੋਰ ਧੋਖਾ ਹੈ।
ਉਨ੍ਹਾਂ ਦੱਸਿਆ ਕਿ ਅਧੁਨਿਕ ਜੀਵਨ ਵਿੱਚ ਬਿਜਲੀ ਵੀ ਇੱਕ ਬੁਨਿਆਦੀ ਲੋੜ ਬਣ ਚੁੱਕੀ ਹੈ। ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਨ ਵਾਲੇ ਡੀਸੈਲੀਨੇਸ਼ਨ ਪ੍ਰੋਜੈਕਟ ਪੂਰੀ ਤਰ੍ਹਾਂ ਬਿਜਲੀ ‘ਤੇ ਨਿਰਭਰ ਕਰਦੇ ਹਨ, ਇਸ ਲਈ ਬਿਜਲੀ ਦੀ ਲਗਾਤਾਰ 24 ਘੰਟੇ ਸਪਲਾਈ ਜ਼ਰੂਰੀ ਹੁੰਦੀ ਹੈ। ਇਸ ਕਰਕੇ ਜੰਗ ਦੌਰਾਨ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਉਣਾ ਵੀ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੇ ਉਲਟ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇ ਰੇਗਿਸਤਾਨੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਡੀਸੈਲੀਨੇਸ਼ਨ ਪਲਾਂਟ ਵਰਗਾ ਬੁਨਿਆਦੀ ਢਾਂਚਾ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੰਗ ਭਾਵੇਂ ਕਿੰਨੀ ਵੀ ਲੰਮੀ ਚੱਲੇ, ਆਖ਼ਰਕਾਰ ਉਸ ਦਾ ਹੱਲ ਗੱਲਬਾਤ ਦੀ ਮੇਜ਼ ‘ਤੇ ਹੀ ਨਿਕਲਦਾ ਹੈ। ਜੰਗ ਕਦੇ ਵੀ ਕਿਸੇ ਸਮੱਸਿਆ ਦਾ ਟਿਕਾਊ ਹੱਲ ਨਹੀਂ ਹੁੰਦੀ। ਸੰਤ ਸੀਚੇਵਾਲ ਨੇ ਹਾਲੀਆ ਹਮਲਿਆਂ ਦੌਰਾਨ ਸਕੂਲੀ ਬੱਚਿਆਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਨ ਦੀ ਕਾਮਨਾ ਕੀਤੀ।
ਦੁਨੀਆ ਭਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਵਧਦੀ ਜਾ ਰਹੀ ਹੈ। ਖਾਸ ਕਰਕੇ ਖਾੜੀ ਦੇਸ਼ਾਂ ਵਿੱਚ ਤੇਲ ਦੇ ਭੰਡਾਰ ਤਾਂ ਬੇਅੰਤ ਹਨ ਪਰ ਕੁਦਰਤੀ ਪੀਣ ਵਾਲਾ ਪਾਣੀ ਬਹੁਤ ਘੱਟ ਹੈ। ਇਸ ਕਾਰਨ ਇਹ ਦੇਸ਼ ਸਮੁੰਦਰੀ ਖਾਰੇ ਪਾਣੀ ਨੂੰ ਡੀਸੈਲੀਨੇਸ਼ਨ ਪਲਾਂਟਾਂ ਰਾਹੀਂ ਸਾਫ਼ ਕਰਕੇ ਪੀਣ ਲਈ ਵਰਤ ਰਹੇ ਹਨ। ਅੰਕੜਿਆਂ ਮੁਤਾਬਕ ਬਹਿਰੀਨ ਆਪਣੀ ਕੁੱਲ ਖਪਤ ਦਾ ਲਗਭਗ 60 ਫੀਸਦੀ ਪਾਣੀ ਡੀਸੈਲੀਨੇਸ਼ਨ ਰਾਹੀਂ ਪ੍ਰਾਪਤ ਕਰਦਾ ਹੈ, ਕੁਵੈਤ ਕਰੀਬ 90 ਫੀਸਦੀ, ਓਮਾਨ 70 ਫੀਸਦੀ, ਕਤਰ 50 ਫੀਸਦੀ, ਦੁਬਈ 42 ਫੀਸਦੀ ਅਤੇ ਇਜ਼ਰਾਇਲ ਲਗਭਗ 75 ਫੀਸਦੀ ਸਮੁੰਦਰੀ ਪਾਣੀ ਨੂੰ ਸਾਫ਼ ਕਰਕੇ ਇਸ ਨੂੰ ਪੀਣਯੋਗ ਬਣਾਉਂਦੇ ਹਨ।
Click to Follow Babushahi Facebook page →