ਜਗਰਾਉਂ: ਪਿੰਡ ਗੱਗ ਕਲਾਂ 'ਚ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼, ਸਰਪੰਚ ਦੇ ਪਤੀ ਤੇ ਪੁਲਿਸ ਟੀਮ 'ਤੇ ਹਮਲਾ – ਕਈ ਲੋਕਾਂ ਖ਼ਿਲਾਫ ਮਾਮਲਾ ਦਰਜ
ਦੀਪਕ ਜੈਨ
ਜਗਰਾਉਂ 27 ਨਵੰਬਰ – ਥਾਣਾ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਗੱਗ ਕਲਾਂ ਵਿੱਚ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਮਾਮਲੇ ਨੇ ਹੰਗਾਮੇ ਦਾ ਰੂਪ ਧਾਰ ਲਿਆ, ਜਿਸ ਦੌਰਾਨ ਸਰਪੰਚ ਦੇ ਪਤੀ ਅਤੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਕੁਝ ਨਾਮਜ਼ਦ ਤੇ ਕਈ ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ।ਥਾਣਾ ਸਿੱਧਵਾਂ ਬੇਟ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਹੈਡ ਕਾਂਸਟੇਬਲ ਬਲਵਿੰਦਰ ਸਿੰਘ ਅਨੁਸਾਰ, ਉਹ ਡਿਊਟੀ ਅਫਸਰ ਏਐਸਆਈ ਗੁਰਮੀਤ ਸਿੰਘ ਨਾਲ ਤਾਇਨਾਤ ਸੀ। ਕਰੀਬ 9:19 ਵਜੇ ਕੰਟਰੋਲ ਰੂਮ ਪਾਸੋਂ ਸੁਚਨਾ ਮਿਲੀ ਕਿ ਪਿੰਡ ਗੱਗ ਕਲਾਂ ਦੀ ਪੰਚਾਇਤੀ ਜ਼ਮੀਨ 'ਤੇ ਕੁਝ ਲੋਕ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ 'ਤੇ ਦੋਵੇਂ ਅਫਸਰ ਸਰਕਾਰੀ ਸਕਾਰਪੀਓ (ਪੀ.ਬੀ. 65 ਬੀ.ਜੀ. 8506) 'ਚ ਮੌਕੇ 'ਤੇ ਪਹੁੰਚੇ।ਮੌਕੇ 'ਤੇ ਪਹਿਲਾਂ ਹੀ ਕਈ ਲੋਕ ਇਕੱਠੇ ਸਨ। ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭੀੜ ਨੇ ਗੱਲ ਨਹੀਂ ਸੁਣੀ। ਇਸ ਦੌਰਾਨ ਪਿੰਡ ਦੀ ਸਰਪੰਚ ਸੁਨੀਤਾ ਰਾਣੀ ਦਾ ਪਤੀ ਗੁਰਪ੍ਰੀਤ ਸਿੰਘ ਵੀ ਮੌਕੇ 'ਤੇ ਪਹੁੰਚਿਆ, ਜਿਸ 'ਤੇ ਦਰਿਆ ਵਾਲੇ ਪਾਸੋਂ ਲਾਠੀਆਂ, ਦਾਤੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਕੁਝ ਲੋਕ ਉਨ੍ਹਾਂ ਵੱਲ ਭੱਜ ਕੇ ਆਏ ਤੇ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।ਪੁਲਿਸ ਦੀ ਕੋਸ਼ਿਸ਼ ਦੇ ਬਾਵਜੂਦ ਗੁਰਪ੍ਰੀਤ ਸਿੰਘ ਨੂੰ ਛੁਡਾਉਂਦੇ ਸਮੇਂ ਭੀੜ ਨੇ ਹੈਡ ਕਾਂਸਟੇਬਲ ਬਲਵਿੰਦਰ ਸਿੰਘ ਨਾਲ ਧੱਕਾ ਮੁੱਕੀ ਕੀਤੀ ਅਤੇ ਉਸਦੀ ਵਰਦੀ ਫਾੜ ਦਿੱਤੀ। ਏਐਸਆਈ ਪਰਮਜੀਤ ਸਿੰਘ ਅਨੁਸਾਰ ਮੌਕੇ 'ਤੇ ਮੌਜੂਦ ਬਨੀਤਾ ਰਾਣੀ ਨੇ ਲੋਕਾਂ ਨੂੰ ਭੜਕਾਉਣ 'ਚ ਮੁੱਖ ਭੂਮਿਕਾ ਨਿਭਾਈ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ।ਇਸ ਮਾਮਲੇ 'ਚ ਪੁਲਿਸ ਵੱਲੋਂ ਬਨੀਤਾ ਰਾਣੀ ਪੁੱਤਰੀ ਸੀਤਲ ਸਿੰਘ, ਸੀਤਲ ਸਿੰਘ, ਹਰਬੰਸ ਸਿੰਘ (ਵਾਸੀ ਹੁਜਰਾ) ਸਮੇਤ 10 ਅਣਪਛਾਤੇ ਲੋਕਾਂ ਖ਼ਿਲਾਫ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 132, 221, 115(2), 190 ਅਤੇ 191(3) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।