ਗੁਰੂ ਨਾਨਕ ਸਕੂਲ ਧਰਮਗੜ੍ਹ 'ਚ ਲਾਏ ਕੈਂਪ 'ਚ ਵਿਦਿਆਰਥੀਆਂ ਦੀ ਅੱਖਾਂ ਦੀ ਕੀਤੀ ਜਾਂਚ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਜੁਲਾਈ 2025: ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਾਕਟਰ ਅਕਰਮ ਖਾਨ ਦੀ ਅਗਵਾਈ ਹੇਠ ਵਿਸ਼ੇਸ ਤੌਰ 'ਤੇ ਪੁੱਜੀ ਸ੍ਰੀ ਓਕਾਂਰ ਆਈ ਐਂਡ ਈਐਨਟੀ ਕੇਅਰ ਸੈਂਟਰ ਅੰਬਾਲਾ ਦੀ ਟੀਮ ਨੇ ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ 200 ਤੋਂ ਵੱਧ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ 'ਚ ਦਵਾਈ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਡਾਕਟਰ ਅਕਰਮ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵੱਲੋਂ ਪੰਜਾਬ ਤੇ ਹਰਿਆਣਾ ਸਮੇਤ ਵੱਖ-ਵੱਖ ਥਾਵਾਂ 'ਤੇ ਅੱਖਾਂ ਦੇ ਮੁਫਤ ਜਾਂਚ ਕੈਂਪ ਲਗਾਏ ਜਾਂਦੇ ਹਨ।
ਉਨ੍ਹਾਂ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਗੁਰ ਦੱਸੇ ਅਤੇ ਅੱਖਾਂ ਦੀ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਤੋਂ ਵਰਜਦਿਆਂ ਕਿਹਾ ਕਿ ਮੋਬਾਇਲ ਵੇਖਣ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਅੱਖਾਂ ਉੱਤੇ ਪੈਂਦਾ ਹੈ, ਜਿਸ ਕਾਰਨ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਅੱਖਾਂ ਦੇ ਰੋਗ ਲੱਗ ਰਹੇ ਹਨ ਅਤੇ ਨਜ਼ਰ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਟੀਵੀ ਦੀ ਵੀ ਵਰਤੋਂ ਬਹੁਤ ਘੱਟ ਕਰਨ ਤੇ ਟੀ.ਵੀਂ ਦੇਖਣ ਲਈ ਦੂਰੀ ਘੱਟੋ-ਘੱਟ 15 ਫੁੱਟ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਨਜ਼ਰ ਕਮਜੋਰ ਹੋਣ ਦੇ ਕਾਰਨ ਮੋਬਾਇਲ ਅਤੇ ਟੀ.ਵੀ ਹਨ। ਇਸ ਮੌਕੇ ਸਕੂਲ ਦੇ ਐਮਡੀ ਅਮਰਜੀਤ ਸਿੰਘ ਵੱਲੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਡਾਕਟਰਾਂ ਦੀ ਟੀਮ 'ਚ ਆਏ ਰਵੀ, ਹਰਪ੍ਰੀਤ ਸਿੰਘ ਅਤੇ ਰਜਨੀਸ਼ ਕੁਮਾਰ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।