ਗੁਰਸੇਵਾ: ਸਿੱਖੀ ਦੀ ਰਹਿਤ-ਗੁਰਮਤਿ ਸੰਗੀਤ ਦੀ ਮਹਿਕ
ਗੁਰਦੁਆਰਾ ਗੁਰੂ ਨਾਨਕ ਦਰਬਾਰ, ਪਾਪਾਮੋਆ ਤੋਂ ਭਾਈ ਜੋਧਬੀਰ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਨਿੱਘੀ ਵਿਦਾਇਗੀ
- 10 ਮਹੀਨੇ ਗੁਰਦੁਆਰਾ ਸਾਹਿਬ ਸੇਵਾ ਕਰਕੇ ਸੰਗਤ ਤੋਂ ਲਈਆਂ ਅਸੀਸਾਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 09 ਨਵੰਬਰ 2025-ਪੰਜਾਬ ਤੋਂ ਗੁਰਮਤਿ ਪ੍ਰਚਾਰ ਅਤੇ ਗੁਰਸੇਵਾ ਵਾਸਤੇ 10 ਮਹੀਨੇ ਪਹਿਲਾਂ ਇਥੇ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਪਾਪਾਮੋਆ ਵਿਖੇ ਪੁੱਜੇ ਰਾਗੀ ਭਾਈ ਜੋਧਬੀਰ ਸਿੰਘ ਖਡੂਰ ਸਾਹਿਬ ਵਾਲੇ, ਸਹਾਇਕ ਰਾਗੀ ਭਾਈ ਰਣਜੀਤ ਸਿੰਘ ਅਤੇ ਤਬਲਾ ਵਾਦਕ ਭਾਈ ਪ੍ਰਕਾਸ਼ ਸਿੰਘ ਨੂੰ ਅੱਜ ਹਫਤਾਵਾਰੀ ਦੀਵਾਨ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਰਾਗੀ ਜੱਥੇ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਪਾਪਾਮੋਆ, ਨਿਊਜ਼ੀਲੈਂਡ ਵਿਖੇ ਲਗਭਗ 1ਦ ਮਹੀਨੇ ਤੱਕ ਕੀਰਤਨ ਦੀਆਂ ਸੇਵਾਵਾਂ ਨਿਭਾਈਆਂ। ਜੱਥੇ ਨੇ ਆਪਣੀ ਮਿੱਠੀ ਅਤੇ ਰਸ ਭਿੰਨੀ ਆਵਾਜ਼ ਰਾਹੀਂ ਸਮੂਹ ਸੰਗਤਾਂ ਨੂੰ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਸ਼ਰਧਾ ਦੇ ਰੰਗ ਵਿੱਚ ਰੰਗ ਦਿੱਤਾ। ਅੱਜ ਵਿਦਾਇਗੀ ਮੌਕੇ ਸੰਗਤ ਤੋਂ ਅਸੀਸਾਂ ਪ੍ਰਾਪਤ ਕੀਤੀਆਂ
ਭਾਈ ਜੋਧਬੀਰ ਸਿੰਘ ਨੇ ਖਾਸ ਤੌਰ ’ਤੇ ਨੌਜਵਾਨ ਵੀਰਾਂ ਅਤੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੁੜਨ ਦੀ ਬੇਨਤੀ ਕੀਤੀ, ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਅਤੇ ਆਪਣੇ ਜੀਵਨ ਵਿੱਚ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ। ਇਸ ਸੰਦੇਸ਼ ਨੇ ਸੰਗਤਾਂ ਉੱਤੇ ਡੂੰਘਾ ਅਸਰ ਪਾਇਆ। ਸਮੂਹ ਪਾਪਾਮੋਆ ਨਿਊਜ਼ੀਲੈਂਡ ਦੀਆਂ ਸੰਗਤਾਂ ਵੱਲੋਂ ਭਾਈ ਜੋਧਬੀਰ ਸਿੰਘ ਦੇ ਸਮੂਹ ਜੱਥੇ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਬੇਅੰਤ ਅਸੀਸਾਂ ਅਤੇ ਅਥਾਹ ਸਤਿਕਾਰ ਮਿਲਿਆ। ਸੰਗਤਾਂ ਨੇ ਜੱਥੇ ਦੀ ਹਰ ਤਰ੍ਹਾਂ ਨਾਲ ਸੇਵਾ ਅਤੇ ਮਾਣ-ਸਨਮਾਨ ਕੀਤਾ। ਸੇਵਾਵਾਂ ਦੀ ਸਮਾਪਤੀ ਉਪਰੰਤ, ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜੱਥੇ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਵਿਦਾਇਗੀ ਦਿੱਤੀ ਗਈ। ਇਸ ਤਰ੍ਹਾਂ ਇਹ ਧਾਰਮਿਕ ਦੌਰਾ ਗੁਰਮਤਿ ਸੰਗੀਤ ਦੀ ਮਹਿਕ ਅਤੇ ਅਧਿਆਤਮਿਕ ਰੰਗ ਬਿਖੇਰਦਾ ਹੋਇਆ ਸੰਪੰਨ ਹੋਇਆ।