ਖੰਨਾ 'ਚ ਨਾਬਾਲਗ ਲੜਕੀ ਦਾ ਕਾਤਲ ਗ੍ਰਿਫ਼ਤਾਰ, ਖੇਤਾਂ 'ਚੋਂ ਮਿਲੀ ਸੀ ਨੰਗੀ 'ਹਾਲਤ ਚ ਲਾਸ਼
- ਤਿੰਨ ਦਿਨਾਂ ਤੋਂ ਲਾਪਤਾ ਸੀ ਲੜਕੀ
- ਦੋਸ਼ੀ ਦੋ ਬੱਚਿਆਂ ਦਾ ਪਿਤਾ
ਰਵਿੰਦਰ ਢਿੱਲੋਂ
ਰਾਏਕੋਟ/ਲੁਧਿਆਣਾ 14 ਮਾਰਚ 2025 - ਖੰਨਾ ਵਿੱਚ ਇੱਕ ਨਾਬਾਲਗ ਲੜਕੀ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਅੰਨ੍ਹੇ ਕਤਲ ਦਾ ਭੇਤ ਸੁਲਝਾ ਲਿਆ। ਦੋਸ਼ੀ ਸੰਜੀਤ ਕੁਮਾਰ ਮੰਡੀ ਗੋਬਿੰਦਗੜ੍ਹ ਦੇ ਸੰਗਤ ਨਗਰ ਦਾ ਰਹਿਣ ਵਾਲਾ ਹੈ। ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਵਿਆਹਿਆ ਹੋਇਆ ਹੈ। ਉਹ ਦੋ ਬੱਚਿਆਂ ਦਾ ਪਿਤਾ ਹੈ। ਮ੍ਰਿਤਕ ਲੜਕੀ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲਰਾਮਪੁਰ, ਤਹਿਸੀਲ ਉਤਰੌਲਾ ਦੀ ਰਹਿਣ ਵਾਲਾ ਸੀ। ਜਦੋਂਕਿ ਦੋਸ਼ੀ ਸੰਜੀਤ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੀ ਸਿਮਰੀ ਬਖਤਿਆਰਪੁਰ ਤਹਿਸੀਲ ਦੇ ਤੁਲਸੀਆ ਪਿੰਡ ਦਾ ਰਹਿਣ ਵਾਲਾ ਹੈ।
ਲੜਕੀ ਨੂੰ ਲੈ ਕੇ ਦਿੱਤਾ ਮੋਬਾਈਲ
ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਘਰ ਦੇ ਨੇੜੇ ਸੰਜੀਤ ਕੁਮਾਰ ਦਾ ਕੰਮ ਚੱਲ ਰਿਹਾ ਸੀ, ਉੱਥੇ ਸੰਜੀਤ ਨੇ ਨਾਬਾਲਗ ਲੜਕੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਲੜਕੀ ਨੂੰ ਮੋਬਾਈਲ ਫ਼ੋਨ ਲੈਕੇ ਦਿੱਤਾ। ਇਹ ਲੜਕੀ 11 ਮਾਰਚ ਨੂੰ ਸ਼ਾਮ 6:30 ਵਜੇ ਦੇ ਕਰੀਬ ਆਪਣੇ ਘਰੋਂ ਲਾਪਤਾ ਹੋ ਗਈ ਸੀ। ਮੰਡੀ ਗੋਬਿੰਦਗੜ੍ਹ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ।
ਵੀਰਵਾਰ ਸਵੇਰੇ ਇਸ ਲੜਕੀ ਦੀ ਲਾਸ਼ ਖੰਨਾ ਦੇ ਅਲੌੜ ਪਿੰਡ ਵਿਖੇ ਰੇਲਵੇ ਲਾਈਨ ਦੇ ਨਾਲ ਕਣਕ ਦੇ ਖੇਤਾਂ ਵਿੱਚ ਨੰਗੀ ਹਾਲਤ ਵਿੱਚ ਮਿਲੀ। ਸੋਸ਼ਲ ਮੀਡੀਆ ਤੋਂ ਹੋਈ ਪਛਾਣ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ ਸੀ। ਜਦੋਂ ਪੁਲਿਸ ਨੇ ਮ੍ਰਿਤਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਤਾਂ ਮੰਡੀ ਗੋਬਿੰਦਗੜ੍ਹ ਤੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਪੁਲਿਸ ਕੋਲ ਆਏ ਅਤੇ ਆਪਣੀ ਧੀ ਦੀ ਪਛਾਣ ਕੀਤੀ।
ਇਸ ਤੋਂ ਬਾਅਦ ਮ੍ਰਿਤਕਾ ਦੀ ਭੈਣ ਅਨੀਤਾ ਰਾਜਪੂਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਕੰਮ ਕਰਨ ਵਾਲੇ ਰਾਜ ਮਿਸਤਰੀ ਸੰਜੀਤ ਕੁਮਾਰ ਨੇ ਉਸਦੀ ਭੈਣ ਲਈ ਇੱਕ ਮੋਬਾਈਲ ਫੋਨ ਖਰੀਦਿਆ ਸੀ। ਉਸਨੂੰ ਸੰਜੀਤ 'ਤੇ ਸ਼ੱਕ ਸੀ। ਇਸ ਤੋਂ ਬਾਅਦ ਪੁਲਿਸ ਨੇ ਸੰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੰਜੀਤ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਡੀਐਸਪੀ ਨੇ ਦੱਸਿਆ ਕਿ 11 ਮਾਰਚ ਦੀ ਰਾਤ ਨੂੰ ਦੋਸ਼ੀ ਲੜਕੀ ਨੂੰ ਰੇਲਵੇ ਲਾਈਨ ਦੇ ਨੇੜੇ ਲੈ ਆਇਆ ਅਤੇ ਉੱਥੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸਦਾ ਕਤਲ ਕਰ ਦਿੱਤਾ ਗਿਆ।