ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਖੁਦਕੁਸ਼ੀ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਜੈਤੋ,27 ਨਵੰਬਰ (ਮਨਜੀਤ ਸਿੰਘ ਢੱਲਾ)-ਜੈਤੋ ਦੇ ਨਜ਼ਦੀਕ (ਕੋਠੇ ਥਰੋੜਾ ਵਾਲੇ) ਵਿਖੇ ਜੈਤੋ ਦੇ ਆੜਤੀਏ ਨਾਲ ਰੁਪਏ ਦਾ ਲੈਣ ਦੇਣ ਦੇ ਚੱਕਰ ਵਿੱਚ ਇੱਕ ਗਰੀਬ ਕਿਸਾਨ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪੁੱਤਰ ਤੇ ਮੁੱਦਈ ਸੁਖਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਕੋਠੇ ਥਰੋੜਾ ਵਾਲੇ ਜੈਤੋ ਦੇ ਬਿਆਨਾਂ ਤੇ ਪੁਲਿਸ ਨੂੰ ਦੱਸਿਆ ਕਿ ਸਾਡਾ ਪਰਿਵਾਰ ਖੇਤੀਬਾੜੀ ਦੇ ਕੰਮ ਨਾਲ ਸਬੰਧਤ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਹੈ, ਪੀੜਤ ਨੇ ਅੱਗੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜੈਤੋ ਦੀ ਆੜਤ ਜਗਦੀਸ਼ ਚੇਅਰਮੈਨ ਉਰਫ ਦੀਸ਼ਾ ਅਤੇ ਉਸਦੇ ਲੜਕੇ ਪਿੰਕੂ ਘਣੀਏ ਵਾਲੇ ਨਾਲ ਮੇਰੇ ਪਿਤਾ ਦੇ ਸਿਰ ਘਰ ਦੀ ਕਬੀਲਦਾਰੀ ਕਾਰਨ ਕਰੀਬ 10-11 ਲੱਖ ਦਾ ਕਰਜ਼ਾ ਆੜਤੀਏ ਜਗਦੀਸ਼ ਚੇਅਰਮੈਨ ਦਾ ਸੀ। ਜਿਸਦੀ ਸਕਿਉਰਟੀ ਵਜੋਂ ਮੁੱਦਈ ਦੇ ਪਿਤਾ ਜਗਜੀਤ ਸਿੰਘ ਦੇ ਬੈਂਕ ਖਾਤੇ ਦੇ ਖਾਲੀ ਚੈੱਕ ਦਸਤਖਤ ਕਰਕੇ ਆੜਤੀਏ ਜਗਦੀਸ਼ ਚੇਅਰਮੈਨ ਉਕਤ ਨੂੰ ਦਿੱਤੇ ਸਨ ।
ਮੁੱਦਈ ਦੇ ਪਿਤਾ ਨੇ ਇਸ ਸਾਲ ਕਰੀਬ 16 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ ਜਿਸਦੀ ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਵਿੱਚ ਝੋਨੇ ਦੀ ਫਸਲ ਕੱਟ ਕੇ ਝੋਨੇ ਦੇ ਕਰੀਬ 1050 ਗੱਟੇ ਵਜਨੀ 397 ਕੁਇੰਟਲ ਜਿਸਦੀ ਕੀਮਤ ਕਰੀਬ 9,45,000/- ਰੁਪਏ ਬਣਦੀ ਹੈ, ਨੂੰ ਦੋ ਵਾਰੀ ਵਿੱਚ ਅਨਾਜ ਮੰਡੀ ਜੈਤੋ ਵਿਖੇ ਸਾਡੇ ਆੜਤੀਏ ਜਗਦੀਸ਼ ਚੇਅਰਮੈਨ ਪਾਸ ਵੇਚੀ ਸੀ ਜਦੋਂ ਮੁੱਦਈ ਦਾ ਪਿਤਾ ਜਗਜੀਤ ਸਿੰਘ ਆੜਤੀਏ ਜਗਦੀਸ਼ ਚੇਅਰਮੈਨ ਅਤੇ ਉਸਦੇ ਲੜਕੇ ਪਿੰਕੂ ਉਕਤ ਪਾਸ ਲੈਣ ਲਈ ਗਿਆ ਤਾਂ ਆੜਤੀਏ ਜਗਦੀਸ਼ ਚੇਅਰਮੈਨ ਅਤੇ ਉਸਦੇ ਲੜਕੇ ਪਿੰਕੂ ਉਕਤ ਨੇ ਮੁੱਦਈ ਦੇ ਪਿਤਾ ਨੂੰ ਅੱਪਸਬਦ ਬੋਲੇ ਜਿਸ ਕਾਰਨ ਮੁੱਦਈ ਦੇ ਪਿਤਾ ਨੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਥਾਣਾ ਜੈਤੋ ਦੇ ਪੁਲਿਸ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਜਗਜੀਤ ਸਿੰਘ ਦੀ ਮੌਤ ਹੋ ਜਾਣ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਜੈਤੋ ਆੜਤੀਏ ਜਗਦੀਸ਼ ਚੇਅਰਮੈਨ ਉਰਫ ਦੀਸ਼ਾ ਅਤੇ ਉਸ ਦੇ ਪੁੱਤਰ ਪਿੰਕੂ ਪੁੱਤਰ ਜਗਦੀਸ਼ ਚੇਅਰਮੈਨ ਵਾਸੀ ਜੈਤੋ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਜਗਜੀਤ ਸਿੰਘ ਉਮਰ 60 ਸਾਲ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਸੀ ਦੋਨੋਂ ਧਿਰਾਂ ਵਿੱਚ ਕੋਈ ਰਾਜ਼ੀਨਾਮਾ ਨਹੀਂ ਹੋਇਆ ਸੀ। ਇਸ ਘਟਨਾ ਨੂੰ ਲੈਕੇ ਇਲਾਕੇ ਦੀਆਂ ਸਮੂਹ ਇਨਸਾਫ ਪਸੰਦ ਕਿਸਾਨ ਜਥੇਬੰਦੀਆਂ ਨੇ ਪੀੜਤ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਦੀ ਮੰਗ ਕੀਤੀ। ਜਦੋਂ ਇਸ ਸਬੰਧੀ ਆੜਤੀਏ ਜਗਦੀਸ਼ ਚੇਅਰਮੈਨ ਦਾ ਫੋਨ ਤੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।