ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: RBL Finserve ਦੇ ਮੁਲਾਜਮਾਂ ਨੇ ਹੀ ਰਚੀ ਲੁੱਟ ਦੀ ਝੂਠੀ ਕਹਾਣੀ, 2 ਕਾਬੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ: 9 ਮਾਰਚ 2026 ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੁਲਤਾਨਪੁਰ ਲੋਧੀ ਵਿੱਚ RBL Finserve Limited Bank ਦੇ ਦੋ ਮੁਲਾਜਮਾਂ ਵੱਲੋਂ ਲੁੱਟ-ਖੋਹ ਦੀ ਝੂਠੀ ਕਹਾਣੀ ਰਚ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਦਾ ਮਾਮਲਾ ਬੇਨਕਾਬ ਹੋ ਗਿਆ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਸਨੈਚਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ (IPS) ਦੀਆਂ ਹਦਾਇਤਾਂ ਅਤੇ ਸਹਾਇਕ ਪੁਲਿਸ ਕਪਤਾਨ ਧਰੇਂਦਰ ਵਰਮਾ (IPS) ਦੀ ਅਗਵਾਈ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਟੀਮ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਗੁੱਥੀ ਸੁਲਝਾਈ।
ਪੁਲਿਸ ਮੁਤਾਬਕ ਮਿਤੀ 6 ਮਾਰਚ 2026 ਨੂੰ ਨਿਰਦੇਸ਼ ਕੁਮਾਰ, ਜੋ ਕਿ RBL Finserve Limited Bank ਬ੍ਰਾਂਚ ਸੁਲਤਾਨਪੁਰ ਲੋਧੀ ਵਿੱਚ ਬ੍ਰਾਂਚ ਮੈਨੇਜਰ ਵਜੋਂ ਕੰਮ ਕਰਦਾ ਹੈ, ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਬ੍ਰਾਂਚ ਵਿੱਚ ਕੁਲੈਕਸ਼ਨ ਦਾ ਕੰਮ ਕਰਨ ਵਾਲੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਮਿਤੀ 5 ਮਾਰਚ 2026 ਦੀ ਰਾਤ ਕਰੀਬ 8 ਵਜੇ ਜਦੋਂ ਉਹ ਪਿੰਡ ਜੱਬੋਵਾਲ ਦੇ ਨੇੜੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਲੱਤ ਮਾਰ ਕੇ ਕਣਕ ਦੇ ਖੇਤ ਵਿੱਚ ਸੁੱਟ ਦਿੱਤਾ ਅਤੇ ਦਾਤਰ ਦੀ ਨੋਕ ’ਤੇ ਉਸ ਤੋਂ 2 ਲੱਖ 73 ਹਜ਼ਾਰ 950 ਰੁਪਏ ਲੁੱਟ ਕੇ ਫਰਾਰ ਹੋ ਗਏ।
ਇਸ ਸ਼ਿਕਾਇਤ ’ਤੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਮੁਕੱਦਮਾ ਨੰਬਰ 48 ਮਿਤੀ 06-03-2026 ਧਾਰਾ 307 ਅਤੇ 3(5) BNS ਤਹਿਤ ਦਰਜ ਕਰਕੇ ASI ਦਿਲਬਾਗ ਸਿੰਘ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਲੁੱਟ ਦੀ ਘਟਨਾ ਝੂਠੀ ਸੀ ਅਤੇ ਅਸਲ ਵਿੱਚ ਬੈਂਕ ਦੇ ਹੀ ਦੋ ਮੁਲਾਜਮਾਂ ਨੇ ਮਿਲੀਭੁਗਤ ਕਰਕੇ ਕੁਲੈਕਸ਼ਨ ਦੀ ਰਕਮ ਗਬਨ ਕਰ ਲਈ ਸੀ।
ਪੁਲਿਸ ਨੇ ਕਾਰਵਾਈ ਕਰਦਿਆਂ ਨਿਸ਼ਾਨ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਮਿਤੀ 7 ਮਾਰਚ 2026 ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮ RBL Finserve Limited Bank ਬ੍ਰਾਂਚ ਸੁਲਤਾਨਪੁਰ ਲੋਧੀ ਵਿੱਚ ਲੋਨ ਰਿਕਵਰੀ ਦਾ ਕੰਮ ਕਰਦੇ ਸਨ।
ਪੁਲਿਸ ਨੇ ਦੋਸ਼ੀਆਂ ਪਾਸੋਂ 2 ਲੱਖ 65 ਹਜ਼ਾਰ ਰੁਪਏ ਨਕਦ, ਸੈਮਸੰਗ ਕੰਪਨੀ ਦਾ ਇੱਕ ਟੈਬ ਅਤੇ KYC ਡਿਵਾਈਸ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀ:
1. ਨਿਸ਼ਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜਾ ਕਾਲੀ ਰੋਣ, ਥਾਣਾ ਮੱਖੂ, ਜ਼ਿਲ੍ਹਾ ਫਿਰੋਜ਼ਪੁਰ
2. ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਿਲੀ ਬੋਦਲਾ, ਥਾਣਾ ਮੱਖੂ, ਜ਼ਿਲ੍ਹਾ ਫਿਰੋਜ਼ਪੁਰ
ਬਰਾਮਦਗੀ:
* 2 ਲੱਖ 65 ਹਜ਼ਾਰ ਰੁਪਏ
* 1 ਸੈਮਸੰਗ ਟੈਬ
* 1 KYC ਡਿਵਾਈਸ
Click to Follow Babushahi Facebook page →