ਅੰਮ੍ਰਿਤਪਾਲ ਨੇ ਮਾਸਟਰ ਨੈਸ਼ਨਲ ਖੇਡਾਂ 'ਚ ਸਿਲਵਰ ਮੈਡਲ ਜਿੱਤਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਅਪ੍ਰੈਲ 2025: ਨਵੀਂ ਦਿੱਲੀ 'ਚ ਹੋਈਆਂ ਚੌਥੀ ਖੋਡੋ ਮਾਸਟਰ ਨੈਸ਼ਨਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਦੇ ਸਰੀਰਿਕ ਸਿੱਖਿਆ ਵਿਸੇ਼ ਦੇ ਲੈਕਚਰਾਰ ਡਾ. ਅੰਮ੍ਰਿਤਪਾਲ ਸਿੰਘ ਨੇ ਹੈਮਰ ਥ੍ਰੋ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸਰਕਾਰੀ ਸਕੂਲ, ਸਿੱਖਿਆ ਵਿਭਾਗ ਤੇ ਇਲਾਕੇ ਦੇ ਨਾਂਅ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਖੇਡਾਂ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ ਤੇ ਇਸ ਦੌਰਾਨ ਅਥਲੈਟਿਕਸ, ਬਾਸਕਿੱਟਬਾਲ , ਫੁੱਟਬਾਲ , ਹਾਕੀ , ਵਾਲੀਬਾਲ, ਟੇਬਲ ਟੈਨਿਸ, ਨੈਟਬਾਲ, ਸੂਟਿੰਗ,ਕਬੱਡੀ ਅਤੇ ਤੈਰਾਕੀ ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ 24 ਸੂਬਿਆਂ ਤੇ 8 ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚੋੰ ਲਗਭਗ 3 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਸੀ। ਅੰਮ੍ਰਿਤਪਾਲ ਸਿੰਘ ਦੀ ਇਸ ਉਪਲੱਬਧੀ ਉੱਤੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਡਿੰਪੀ ਧੀਰ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਲਈ ਵੀ ਹੋ ਗਈ ਹੈ ਅਤੇ ਉਨ੍ਹਾਂ ਦਾ ਨਿਸ਼ਾਨਾ ਭਵਿੱਖ ਵਿੱਚ ਸ੍ਰੀ ਲੰਕਾਂ ਅਤੇ ਸਿੰਘਾਪੁਰ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਮੈਡਲ ਪ੍ਰਾਪਤ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਅੰਮ੍ਰਿਤਪਾਲ 2019 ਵਿੱਚ ਰਾਸਟਰੀ ਮਾਸਟਰ ਖੇਡਾਂ ਵਿੱਚ ਗੋਲਡ ਮੈਡਲ ਹਾਸਿਲ ਕਰ ਚੁੱਕੇ ਹਨ , ਜਦਕਿ 2023 ਵਿੱਚ ਉਨ੍ਹਾਂ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਇਲਾਕਾ ਵਾਸੀਆਂ ਨੇ ਇਸ ਉਪਲੱਬਧੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਡਾ. ਅੰਮ੍ਰਿਤਪਾਲ ਸਿੰਘ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਰ ਅਧਿਆਪਕ ਅਤੇ ਵਿਦਿਆਰਥੀ ਖੇਡਾਂ ਨਾਲ ਜੁੜਨ।