ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਤੋਂ ਪਾਸ ਆਊਟ ਸਿਖਿਆਰਥੀਆਂ ਨੂੰ ਟੂਲ ਕਿੱਟਾਂ ਤੇ ਸਰਟੀਫਿਕੇਟ ਵੰਡੇ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2025 : ਸਥਾਨਕ ਆਈਐਚਐਮ ਵਿਖੇ ਇੰਟਰਪ੍ਰੀਨਿਊਸ਼ਿਪ ਪ੍ਰੋਗਰਾਮ ਦੇ ਤਹਿਤ ਮਿਨੀਸਟਰੀ ਆਫ ਟੂਰਿਜ਼ਮ ਭਾਰਤ ਸਰਕਾਰ ਵੱਲੋਂ ਚਲਾਏ ਗਏ ਹੁਨਰ ਤੋਂ ਰੁਜ਼ਗਾਰ ਤੱਕ, ਦੇ ਮੱਦੇਨਜ਼ਰ 4 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਚੁੱਕੇ 63 ਸਿਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਟੂਲ ਕਿੱਟਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਇੱਕ ਮਹੀਨੇ ਦੀ ਬੇਕਰੀ ਦੀ ਸਿਖਲਾਈ ਪੂਰੀ ਕਰ ਚੁੱਕੇ 22 ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਸਥਾਨਕ ਆਈ.ਐਚ.ਐਮ. ਵਿਖੇ ਚੱਲ ਰਹੇ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨਾਂ ਸਿਖਲਾਈ ਪੂਰੀ ਕਰ ਚੁੱਕੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹੁਣ ਆਪਣਾ ਸਵੈ ਰੋਜ਼ਗਾਰ ਚਲਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਸਿਖਿਆਰਥੀਆਂ ਨੂੰ ਹੋਰ ਅੱਗੇ ਮਿਹਨਤ ਕਰਕੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਸਿਖਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਹੁਣ ਆਪਣਾ ਖੁਦ ਦਾ ਕਾਰੋਬਾਰ ਕਰਕੇ ਅੱਗੇ ਵਧ ਸਕਦੇ ਹਨ। ਇਸ ਮੌਕੇ ਉਹਨਾਂ ਲੋੜਵੰਦ ਸਿਖਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਨਾਂ ਨੂੰ ਬੈਂਕਾਂ ਤੋਂ ਘੱਟ ਵਿਆਜ 'ਤੇ ਕਰਜ਼ਾ ਦੁਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਾਉਣ ਵਿੱਚ ਮਦਦ ਵੀ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਰਿੰਦਰ ਸਿੰਘ ਅਤੇ ਆਰ.ਟੀ.ਓ. ਪੁਨੀਤ ਸ਼ਰਮਾ ਨੇ ਵੀ ਸਿਖਲਾਈ ਪੂਰੀ ਕਰਨ ਵਾਲੇ ਸਿਖਿਆਰਥੀਆਂ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਆਪਣਾ ਸਵੈ ਰੋਜ਼ਗਾਰ ਚਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਜ਼ਿਲਾ ਪ੍ਰਸ਼ਾਸਨ ਦੇ ਵੱਲੋਂ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਆਪਣਾ ਕਾਰੋਬਾਰ ਕਰਨ 'ਚ ਪੂਰਨ ਤੌਰ 'ਤੇ ਸਫਲ ਹੋਣਗੇ।
ਇਸ ਤੋਂ ਪਹਿਲਾਂ ਆਈ.ਐਚ.ਐਮ ਵਿਖੇ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਫਲਦਾਰ ਅਤੇ ਛਾਂਦਾਰ ਬੂਟੇ ਵੀ ਲਗਾਏ ਗਏ।
ਇਸ ਮੌਕੇ ਐਸਡੀਐਮ ਬਠਿੰਡਾ ਸ ਬਲਕਰਨ ਸਿੰਘ ਮਾਹਲ, ਐਸਡੀਐਮ ਰਾਮਪੁਰਾ ਸ੍ਰੀ ਗਗਨਦੀਪ ਸਿੰਘ ਤੋਂ ਇਲਾਵਾ ਪ੍ਰੋਗਰਾਮ ਕੁਆਰਡੀਨੇਟਰ ਮੈਡਮ ਰੀਤੂ ਬਾਲਾ ਗਰਗ, ਸਿਖਿਆਰਥੀ ਤੇ ਆਈ.ਐਚ.ਐਮ ਇੰਸਟੀਚਿਊਟ ਦਾ ਸਮੁੱਚਾ ਸਟਾਫ ਆਦਿ ਹਾਜ਼ਰ ਰਿਹਾ।