Canada : ਚਰਚਿੱਤ ਯੂਟਿਊਬਰ ਨੈਨਸੀ ਗਰੇਵਾਲ ਦਾ ਕਤਲ
ਓਨਟਾਰੀਓ : ਓਨਟਾਰੀਓ ਦੇ ਲਾਸਾਲ ਇਲਾਕੇ ਵਿੱਚ ਵਾਪਰੀ ਇੱਕ ਸਨਸਨੀਖੇਜ਼ ਘਟਨਾ ਵਿੱਚ ਵਿੰਡਸਰ ਦੀ ਰਹਿਣ ਵਾਲੀ ਇੱਕ 45 ਸਾਲਾ ਮਹਿਲਾ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਉੱਘੀ ਯੂਟਿਊਬਰ ਨੈਨਸੀ ਗਰੇਵਾਲ ਵਜੋਂ ਹੋਈ ਹੈ।
ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਲਾਸਾਲ ਪੁਲਿਸ ਅਨੁਸਾਰ, ਨੈਨਸੀ ਗਰੇਵਾਲ ਜ਼ਖਮੀ ਹਾਲਤ ਵਿੱਚ ਮਿਲੀ ਸੀ। ਸੂਚਨਾ ਮਿਲਦੇ ਹੀ ਐਸੈਕਸ-ਵਿੰਡਸਰ ਈ.ਐਮ.ਐਸ. ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਸਨੇ ਦਮ ਤੋੜ ਦਿੱਤਾ।
ਪੁਲਿਸ ਨੇ ਟੌਡ ਲੇਨ ਦੇ ਆਸ-ਪਾਸ ਦੇ ਇਲਾਕੇ ਵਿੱਚ ਆਪਣੀ ਜਾਂਚ ਕੇਂਦਰਿਤ ਕੀਤੀ ਹੋਈ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਚਸ਼ਮਦੀਦਾਂ ਅਨੁਸਾਰ, ਇੱਕ ਘਰ ਦੇ ਸਾਹਮਣੇ ਵਾਲੇ ਲਾਅਨ ਵਿੱਚ ਪੁਲਿਸ ਨੂੰ ਕੁੱਝ ਕਥਿੱਤ ਸਬੂਤ ਮਿਲੇ ਹਨ, ਜੋ ਘਟਨਾ ਦੌਰਾਨ ਹੋਏ ਸੰਘਰਸ਼ ਵੱਲ ਇਸ਼ਾਰਾ ਕਰਦੇ ਹਨ। ਲਾਸਾਲ ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਇੱਕ ਵੱਖਰੀ ਅਤੇ ਇਕੱਲੀ ਘਟਨਾ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਅਗਲੇਰੀ ਜਾਂਚ ਜਾਰੀ ਹੈ ਤੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਜਿਕਰਯੋਗ ਹੈ ਕਿ ਨੈਨਸੀ ਗਰੇਵਾਲ ਜੋ ਇੱਕ ਚਰਚਿਤ ਯੂਟਿਊਬਰ ਸੀ ਹਰ ਸਰਗਰਮ ਵਿਸ਼ੇ ਤੇ ਤਿੱਖੀ ਅਤੇ ਅਸ਼ਲੀਲ ਭਾਸ਼ਾ ਵਿਚ ਟਿੱਪਣੀਆਂ ਲਈ ਮਸ਼ਹੂਰ ਸੀ। ਬੀਤੇ ਵਿਚ ਉਸਨੇ ਖਾਲਿਸਤਾਨੀ ਧਿਰਾਂ ਤੇ ਖ਼ਾਸਕਰ ਗੁਰਪਤਵੰਤ ਸਿੰਘ ਪੰਨੂ, ਵੱਖ ਵੱਖ ਹੋਰ ਚਰਚਿਤ ਚਿਹਰਿਆਂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਰਾਧਾ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਰੁੱਧ ਆਪਣੇ ਸੁਭਾਅ ਮੁਤਾਬਕ ਟਿੱਪਣੀਆਂ ਕਰਕੇ ਕਾਫੀ ਚਰਚਾ ਖੱਟੀ ਸੀ। ਬਾਕੀ ਵੇਰਵੇ ਵੀ ਜਲਦ ਪੇਸ਼ ਕਰਾਂਗੇ