ਗਾਇਕ ਕੇ. ਐਸ. ਮੱਖਣ-ਮਹਿਮਾਨ ਕਲਾਕਾਰ ਨੂੰ ਵਿਦਾਇਗੀ
ਛੇਵੀਂਆਂ ਖੇਡਾਂ ’ਚ ਸਭਿਆਚਾਰਕ ਮੇਲਾ ਲੁੱਟਣ ਉਪਰੰਤ ਨਿਊਜ਼ੀਲੈਂਡ ਤੋਂ ਇੰਡੀਆ ਪ੍ਰੋਗਰਾਮਾਂ ਲਈ ਰਵਾਨਾ
-ਸਿੱਖ ਖੇਡਾਂ ਦੀ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਦਸੰਬਰ 2024:-ਨਿਊਜ਼ੀਲੈਂਡ ਵਿਚ ਪੰਜਾਬੀ ਰਵਾਇਤੀ ਖੇਡਾਂ ਦੇ ਮਹਾਂਕੁੰਭ ‘ਨਿਊਜ਼ੀਲੈਂਡ ਸਿੱਖ ਖੇਡਾਂ’ ਅਤੇ ਸਭਿਆਚਾਰ ਮੇਲੇ ਦੇ ਖੁੱਲ੍ਹੇ ਅਖਾੜੇ ਵਜੋਂ ਜਾਣੇ ਜਾਂਦੇ ਸਿੱਖ ਖੇਡਾਂ ਦੇ ਸਭਿਆਚਾਰਕ ਮੇਲੇ ਵਿਚ ਇਸ ਵਾਰ ਪ੍ਰਸਿੱਧ ਪੰਜਾਬੀ ਗਾਇਕ ਕੇ. ਐਸ. ਮੱਖਣ ਪਹੁੰਚੇ ਸਨ। ਦੋ ਦਿਨਾਂ ਇਸ ਮੇਲੇ ਦੇ ਆਖਰੀ ਦਿਨ ਉਨ੍ਹਾਂ ਨੇ ਸਭਿਆਚਾਰ ਦੇ ਖੁੱਲ੍ਹੇ ਅਖਾੜੇ ਦੇ ਵਿਚ ਆਪਣੇ ਹਿੱਟ ਹੋ ਚੁੱਕੇ ਪੰਜਾਬੀ ਗੀਤਾਂ ਦੇ ਨਾਲ ਹਜ਼ਾਰਾਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਸੰਗੀਤਕ ਮੰਡਲੀ ਦੇ ਨਾਲ ਪਹੁੰਚੇ ਇਸ ਪੰਜਾਬੀ ਗਾਇਕ ਨੇ ਸਰੋਤਿਆਂ ਦੀਆਂ ਸਿਫਾਰਸ਼ਾਂ ਪੂਰੀਆਂ ਕਰਦਿਆਂ ਜਿੱਥੇ ਪਿਛਲੇ ਦੋ ਦਹਾਕਿਆਂ ਦੇ ਗੀਤਾਂ ਨੂੰ ਤਰੋਤਾਜ਼ਾ ਕਰ ਦਿੱਤਾ ਉਥੇ ਆਪਣੇ ਨਵੇਂ ਗੀਤਾਂ ਦੇ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਕੁਝ ਦਿਨ ਹੋਰ ੳਨ੍ਹਾਂ ਨੇ ਨਿਊਜ਼ੀਲੈਂਡ ਦੀ ਧਰਤੀ ਉਤੇ ਸਮਾਂ ਬਿਤਾਇਆ ਅਤੇ ਆਪਣੇ ਚਹੇਤਿਆਂ ਦੇ ਨਾਲ ਇਸ ਦੇਸ਼ ਦੀ ਸੁੰਦਰਤਾ ਨੂੰ ਮਾਣਿਆ। ਅੱਜ ਸਵੇਰੇ ਉਨ੍ਹਾਂ ਨੂੰ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੀ ਤਰਫ਼ ਤੋਂ ਭਾਵ ਭਿੰਨੀ ਵਿਦਾਇਗੀ ਦਿੱਤੀ ਗਈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਨਿਸ਼ਾਨੀ ਵਜੋਂ ਉਨ੍ਹਾਂ ਨੂੰ ਬਹੁਤ ਹੀ ਸੁੰਦਰ ਯਾਦਗਾਰੀ ਚਿੰਨ੍ਹ ਦੇ ਕੇ ਸ. ਤਾਰਾ ਸਿੰਘ ਬੈਂਸ ਚੇਅਰਮੈਨ ਅਤੇ ਸ. ਦਲਜੀਤ ਸਿੰਘ ਸਿੱਧੂ ਪ੍ਰਧਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੇ ਦੇ ਦੂਜੇ ਅਹੁਦੇਦਾਰਾਂ ਸ. ਗੁਰਜਿੰਦਰ ਸਿੰਘ ਘੁੰਮਣ, ਸ. ਇੰਦਰਜੀਤ ਸਿੰਘ ਕਾਲਕਟ, ਸ. ਗੁਰਵਿੰਦਰ ਸਿੰਘ ਔਲਖ ਵੱਲੋਂ ਵੀ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ। ਪ੍ਰਸਿੱਧ ਕਾਰੋਬਾਰੀ ਸ. ਹਰਵਿੰਦਰ ਸਿੰਘ ਡੈਨੀ, ਜ਼ੋਰਾਵਰ ਸਿੰਘ ਰਾਇ, ਪੀਤਾ ਰਾਇ ਅਤੇ ਸ. ਦਲਬੀਰ ਸਿੰਘ ਲਸਾੜਾ ਹੋਰਾਂ ਨੇ ਉਨ੍ਹਾਂ ਨੂੰ ਮਿਲ ਕੇ ਇੰਡੀਆ ਜਾਣ ਵੇਲੇ ‘ਸੁਰੱਖਿਅਤ ਸਫ਼ਰ’ ਆਖਿਆ।