ਬਟਾਲਾ ਦੇ ਜੰਮਪਲ ਕਨੇਡਾ ਦੀ ਕੌਮੀ ਕ੍ਰਿਕੇਟ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਦਾ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ ਵਿੱਚ ਕੀਤਾ ਵਿਸ਼ੇਸ਼ ਸਨਮਾਨ
- ਆਪਣਿਆਂ ਵੱਲੋਂ ਆਪਣੇ ਸ਼ਹਿਰ ਵਿੱਚ ਕੀਤਾ ਗਿਆ ਇਹ ਸਨਮਾਨ ਉਨ੍ਹਾਂ ਨੂੰ ਹਮੇਸ਼ਾਂ ਯਾਦ ਰਹੇਗਾ - ਦਿਲਪ੍ਰੀਤ ਸਿੰਘ ਬਾਜਵਾ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ, 11 ਜਨਵਰੀ ਬਟਾਲਾ ਸ਼ਹਿਰ ਦੇ ਜੰਮਪਲ ਅਤੇ ਕਨੇਡਾ ਦੇ ਸ਼ਹਿਰੀ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਜੋ ਕਿ ਕਨੇਡਾ ਦੀ ਰਾਸ਼ਟਰੀ ਕ੍ਰਿਕੇਟ ਟੀਮ ਦਾ ਮੈਂਬਰ ਹੈ ਅਤੇ ਬੀਤੇ ਟੀ-20 ਵਿਸ਼ਵ ਕੱਪ ਦੌਰਾਨ ਉਸਨੇ ਕਨੇਡਾ ਟੀਮ ਵੱਲੋਂ ਭਾਗ ਲਿਆ ਸੀ, ਦਾ ਬਟਾਲਾ ਸ਼ਹਿਰ ਪਹੁੰਚਣ `ਤੇ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ, ਮਿਸ਼ਰਪੁਰਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕਾਈ ਰਾਈਡਰ ਕ੍ਰਿਕੇਟ ਅਕੈਡਮੀ, ਮਿਸ਼ਰਪੁਰਾ ਦੇ ਸੰਚਾਲਕ ਸਤਵੰਤ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਏ ਇਸ ਸਨਮਾਨ ਸਮਾਰੋਹ ਵਿੱਚ ਕ੍ਰਿਕੇਟ ਅਕੈਡਮੀ ਦੇ ਖਿਡਾਰੀ, ਵਿਰਾਸਤੀ ਮੰਚ ਬਟਾਲਾ, ਵਾਇਸ ਆਫ਼ ਬਟਾਲਾ ਦੇ ਨੁਮਾਇੰਦੇ ਅਤੇ ਇਲਾਕੇ ਦੇ ਮੋਹਤਬਰ ਸ਼ਾਮਲ ਹੋਏ।
ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਦਿਲਪ੍ਰੀਤ ਸਿੰਘ ਦੇ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ, ਮਿਸ਼ਰਪੁਰਾ ਵਿਖੇ ਪਹੁੰਚਣ `ਤੇ ਖਿਡਾਰੀਆਂ ਨੇ ਬੈਟਾਂ ਦੀ ਛਾਂ ਕਰਕੇ ਉਸਨੂੰ ਵਿਸ਼ੇਸ਼ ਸਨਮਾਨ ਦਿੱਤਾ। ਇਸ ਮੌਕੇ ਸਤਵੰਤ ਸਿੰਘ ਬਾਜਵਾ ਨੇ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰੇ ਬਟਾਲਾ ਸ਼ਹਿਰ ਨੂੰ ਆਪਣੇ ਹੋਣਹਾਰ ਪੁੱਤ ਉੱਪਰ ਮਾਣ ਹੈ ਜਿਸਨੇ ਨਾ ਸਿਰਫ਼ ਆਪਣੀ ਕਾਬਲੀਅਤ ਨਾਲ ਕਨੇਡਾ ਦੀ ਕੌਮੀ ਕ੍ਰਿਕੇਟ ਟੀਮ ਵਿੱਚ ਆਪਣਾ ਥਾਂ ਬਣਾਇਆ ਸਗੋਂ ਕਨੇਡਾ ਵੱਲੋਂ ਟੀ-20 ਦੇ ਵਿਸ਼ਵ ਕੱਪ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਕੌਮ ਤੇ ਸ਼ਹਿਰ ਬਟਾਲਾ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ ਵਿੱਚ ਸਿਖਲਾਈ ਹਾਸਲ ਕਰ ਰਹੇ ਬੱਚੇ ਦਿਲਪ੍ਰੀਤ ਸਿੰਘ ਬਾਜਵਾ ਤੋਂ ਪ੍ਰੇਰਨਾ ਲੈ ਕੇ ਹੋਰ ਮਿਹਨਤ ਕਰਨਗੇ ਅਤੇ ਭਵਿੱਖ ਵਿੱਚ ਏਵੇਂ ਹੀ ਸਫਲਤਾ ਦੇ ਝੰਡੇ ਗੱਡਣਗੇ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਬਟਾਲਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਨੇ ਛੋਟੀ ਉਮਰ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ, ਜਿਸ ਉਪਰ ਪੂਰੇ ਇਲਾਕੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਨੌਜਵਾਨ ਉਸ ਕੋਲੋਂ ਸੇਧ ਲੈਣਗੇ।
ਇਸ ਦੌਰਾਨ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਲਾਡੀ ਜੱਸਲ, ਵਰਿੰਦਰ ਸਿੰਘ ਅੰਮੋਨੰਗਲ, ਵਾਈਸ ਆਫ਼ ਬਟਾਲਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ, ਸਾਬਕਾ ਜ਼ਿਲ੍ਹਾ ਕਮਾਂਡੈਂਟ ਹਰਦੀਪ ਸਿੰਘ ਬਾਜਵਾ, ਜਸਬੀਰ ਸਿੰਘ, ਨਵਜੋਤ ਸਿੰਘ, ਮਾਸਟਰ ਨਵਦੀਪ ਸਿੰਘ, ਅਮਨ ਗੋਰਾਇਆ, ਗਗਨ, ਸਰਬਜੀਤ ਸਿੰਘ ਸਿੱਧੂ, ਗੁਰਦਿਆਲ ਸਿੰਘ ਸੰਧੂ, ਬਲਜਿੰਦਰ ਸਿੰਘ ਹਰਪੁਰਾ ਸਮੇਤ ਇਲਾਕੇ ਦੇ ਹੋਰ ਮੋਹਤਬਰਾਂ ਨੇ ਕ੍ਰਿਕੇਟ ਖਿਡਾਰੀ ਦਿਲਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਸਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਸਕਾਈ ਰਾਇਡਰ ਕ੍ਰਿਕੇਟ ਅਕੈਡਮੀ ਮਿਸ਼ਰਪੁਰਾ, ਵਿਰਾਸਤੀ ਮੰਚ ਬਟਾਲਾ, ਵਾਇਸ ਆਫ਼ ਬਟਾਲਾ ਅਤੇ ਇਲਾਕੇ ਦੇ ਹੋਰ ਮੋਹਤਬਰਾਂ ਵੱਲੋਂ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ।
ਕ੍ਰਿਕੇਟ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਨੇ ਸਕਾਈ ਰਾਇਡਰ ਕ੍ਰਿਕੇਟ ਅਕੈਡਮੀ ਮਿਸ਼ਰਪੁਰਾ, ਵਿਰਾਸਤੀ ਮੰਚ ਬਟਾਲਾ, ਵਾਇਸ ਆਫ਼ ਬਟਾਲਾ ਵੱਲੋਂ ਸਨਮਾਨ ਕਰਨ `ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣਿਆਂ ਵੱਲੋਂ ਆਪਣੇ ਸ਼ਹਿਰ ਵਿੱਚ ਕੀਤਾ ਇਹ ਸਨਮਾਨ ਹਮੇਸ਼ਾਂ ਯਾਦ ਰਹੇਗਾ। ਇਸ ਮੌਕੇ ਦਿਲਪ੍ਰੀਤ ਸਿੰਘ ਬਾਜਵਾ ਨੇ ਅਕੈਡਮੀ ਵਿੱਚ ਸਿਖਲਾਈ ਹਾਸਲ ਕਰ ਰਹੇ ਕ੍ਰਿਕੇਟ ਖਿਡਾਰੀਆਂ ਨਾਲ ਗੁਰ ਵੀ ਸਾਂਝੇ ਕੀਤੇ।