ਜਲਦ ਪਹਿਚਾਨ ਨਾਲ ਹੀ ਕੈਂਸਰ ਦੇ ਗੰਭੀਰ ਰੂਪ ਤੋਂ ਬਚਾਅ ਸੰਭਵ : ਡਾ. ਅਨਾਮਿਕਾ
- "ਵਿਸ਼ਵ ਕੈਂਸਰ ਦਿਵਸ" ਮੌਕੇ ਸਿਹਤ ਵਿਭਾਗ ਵੱਲੋਂ ਡੀ.ਐਸ.ਐਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ
ਜਲੰਧਰ (04-02-2025): ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ "ਵਿਸ਼ਵ ਕੈਂਸਰ ਦਿਵਸ" ਮੌਕੇ ਸਿਹਤ ਵਿਭਾਗ ਜਲੰਧਰ ਵੱਲੋਂ ਡੀ.ਐਸ.ਐਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਇੰਡਸਟ੍ਰੀਅਲ ਏਰੀਆ ਜਲੰਧਰ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਅਨਾਮਿਕਾ ਨੇ ਕੈਂਸਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ 4 ਫਰਵਰੀ ਨੂੰ ਕੈਂਸਰ ਦੇ ਵਿਰੁੱਧ ਲੜਨ ਲਈ ਵਿਸ਼ਵ ਪੱਧਰ 'ਤੇ ਲੋਕਾਂ ਨੂੰ ਇਕਜੁੱਟ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ, ਇਸਦਾ ਮੁੱਖ ਉਦੇਸ਼ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੈਂਸਰ ਦੀ ਜਲਦ ਪਹਿਚਾਨ ਹੋ ਜਾਵੇ ਤਾਂ ਇਸਨੂੰ ਗੰਭੀਰ ਰੂਪ ਅਖਤਿਆਰ ਕਰਨ ਤੋਂ ਰੋਕਿਆ ਜਾ ਸਕਦਾ ਹੈ।
ਡਾ. ਅਨਾਮਿਕਾ ਨੇ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਭੋਗ ਤੋਂ ਬਾਅਦ ਖੂਨ, ਗੁਪਤ ਅੰਗ ਵਿੱਚ ਪੀਕ ਰਿਸਣਾ ਅਤੇ ਮਾਹਵਾਰੀ ਦੌਰਾਨ ਵਿਚ-ਵਚਾਲੇ ਜਿਆਦਾ ਖੂਨ ਪੈਣਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਔਰਤ ਦੀ ਛਾਤੀ ਵਿੱਚ ਗੰਢ, ਨਿੱਪਲਾਂ ਦਾ ਅੰਦਰ ਧੱਸਣਾ, ਨਿੱਪਲਾਂ ਵਿਚੋਂ ਖੂਨ ਜਾ ਮਵਾਦ ਵੱਗਣਾ ਛਾਤੀ ਦਾ ਕੈਂਸਰ ਹੋ ਸਕਦਾ ਹੈ ਅਤੇ ਹ ਵੀ ਦੱਸਿਆ ਕਿ ਮੂੰਹ, ਮਸੂੜੇ, ਤਲੁਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖ਼ਮ ਕੈਂਸਰ ਹੋ ਸਕਦਾ ਹੈ, ਜਿਸਦੀ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜਰੂਰੀ ਹੈ।
ਸੈਮੀਨਾਰ ਦੌਰਾਨ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਏ.ਐਮ.ਓ. ਡਾ. ਦੇਵ ਨੇ ਵੀ ਕੈਂਸਰ ਤੋ ਬਚਾਅ ਸੰਬੰਧੀ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਅਤੇ ਸਕੂਲ ਪ੍ਰਿੰਸਿਪਲ ਮੈਡਮ ਹਰਜੀਤ ਕੋਰ ਦਾ ਧੰਨਵਾਦ ਕੀਤਾ। ਸੈਮੀਨਾਰ ਦੇ ਅਖੀਰ ਵਿੱਚ ਸਕੂਲ ਕੋਆਰਡੀਨੇਟਰ ਮੈਡਮ ਏਕਤਾ ਅਰੋੜਾ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਸੈਮੀਨਾਰ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਏ.ਐਮ.ਓ. ਡਾ. ਮੋਨਿਕਾ, ਫਾਰਮਾਸਿਸਟ ਕਾਮਨਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸਕੂਲ ਸਟਾਫ ਮੈਡਮ ਨੀਤੀ, ਮੈਡਮ ਸੋਮਾ, ਮੈਡਮ ਸਵਿਤਾ ਵੀ ਮੌਜੂਦ ਸਨ।