ਚੈਂਬਰ ਆਫ ਕਾਮਰਸ ਨੇ ਫਿਰ ਕਾਰੋਬਾਰੀਆਂ ਦੇ ਹੱਕ ਵਿੱਚ ਬੁਲੰਦ ਕੀਤੀ ਆਵਾਜ਼
ਰੋਹਿਤ ਗੁਪਤਾ
ਗੁਰਦਾਸਪੁਰ 23 ਫਰਵਰੀ 2024 - ਜ਼ਿਲ੍ਹਾ ਮੈਜਿਸਟ੍ਰੇਟ ਡਾ: ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਰਾਜ ਸਿਹਤ ਨਿਗਮ ਦੇ ਚੇਅਰਮੈਨ ਰਮਨ ਬਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਚੈਂਬਰ ਆਫ਼ ਕਾਮਰਸ ਨੇ ਮੁੜ ਵਪਾਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਪ੍ਰਸ਼ਾਸਨ ਵੱਲੋਂ ਬਾਅਦ ਦੁਪਹਿਰ 2 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਵੱਖ-ਵੱਖ ਵਪਾਰਕ ਵਰਗਾਂ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਵੱਖ-ਵੱਖ ਟਰੇਡਾਂ ਦੇ ਵਪਾਰੀ ਸ਼ਾਮਲ ਹੋਏ।
ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ਼੍ਰੀ ਅਨੂ ਗੰਡੋਤਰਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰਸ਼ਾਸ਼ਨ ਤੋਂ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਬਿਜਲੀ ਦਰਾਂ ਵਿੱਚ ਵਿਸ਼ੇਸ਼ ਰਿਆਇਤਾਂ ਅਤੇ ਗੁਰਦਾਸਪੁਰ ਨੂੰ ਸੇਵਾ ਉਦਯੋਗ ਦੇ ਧੁਰੇ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦੀ ਮੰਗ ਕੀਤੀ। ਉਨਾਂ ਨੇ ਅਣਐਲਾਨੇ ਬਿਜਲੀ ਕੱਟਾਂ ਦੀ ਵਿਵਸਥਾ ਨੂੰ ਸੁਧਾਰਨ 'ਤੇ ਵੀ ਜ਼ੋਰ ਦਿੱਤਾ ਅਤੇ ਗੁਰਦਾਸਪੁਰ ਨੂੰ ਐਜੂਕੇਸ਼ਨ ਹੱਬ ਵਜੋਂ ਵਿਕਸਤ ਕਰਨ ਦੀ ਮੰਗ ਵੀ ਕੀਤੀ ਤਾਂ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਇੱਥੇ ਆ ਕੇ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਇਲਾਕੇ ਦਾ ਆਰਥਿਕ ਵਿਕਾਸ ਹੋਵੇ ਇਸਦੇ ਇੱਥੇ ਵੱਖ-ਵੱਖ ਯੂਨੀਵਰਸਿਟੀਆਂ ਦੇ ਖੇਤਰੀ ਕੈਂਪਸ ਖੋਲ੍ਹਣ ਦੀ ਮੰਗ ਵੀ ਰੱਖੀ ਗਈ, ਜਿਸ ਨਾਲ ਇਸ ਪਿਛੜੇ ਹੋਏ ਇਲਾਕੇ ਦੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਜਾਗਰਤ ਹੋਵੇਗੀ।
ਭਰਤ ਗਾਬਾ ਨੇ ਕਿਹਾ ਕਿ ਗੁਰਦਾਸਪੁਰ ਇਲਾਕਾ ਇੱਕ ਬਾਰਡਰ ਏਰੀਆ ਬੈਲਟ ਹੈ, ਜਿਸ ਵਿੱਚ ਨਿਵੇਸ਼ ਦੇ ਸੀਮਤ ਸਾਧਨ ਹਨ ਜੇਕਰ ਸਰਕਾਰ ਖੇਤੀ ਆਧਾਰਿਤ ਉਦਯੋਗ ਜਾਂ ਫੂਡ ਪਾਰਕ ਜਾਂ ਮਿੰਨੀ ਫੂਡ ਪਾਰਕ ਵਿਕਸਤ ਕਰਦੀ ਹੈ ਤਾਂ ਉਦਯੋਗ ਤੋਂ ਖੇਤਰ ਵਿੱਚ ਨਿਵੇਸ਼ ਆਵੇਗਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗੁਰਦਾਸਪੁਰ ਦੇ ਵਿਕਾਸ ਲਈ ਲਾਹੇਵੰਦ ਹੋਵੇਗਾ, ਵਿਕਾਸ ਦੀ ਰਫਤਾਰ ਆਪਣੇ ਆਪ ਤੇਜ਼ ਹੋ ਜਾਵੇਗੀ।
ਵਿਕਾਸ ਮਹਾਜਨ ਨੇ ਵਪਾਰੀਆਂ ਲਈ ਟੋਕਨ ਪੈਨਸ਼ਨ ਦੀ ਮੰਗ ਕੀਤੀ ਅਤੇ ਕਿਹਾ ਕਿ ਵਪਾਰੀ ਜੀਐਸਟੀ ਅਤੇ ਹੋਰ ਟੈਕਸਾਂ ਦੇ ਰੂਪ ਵਿੱਚ ਸਰਕਾਰ ਦਾ ਖਜ਼ਾਨਾ ਭਰਦੇ ਹਨ ਪਰ ਸਰਕਾਰ ਵੱਲੋਂ ਵਪਾਰੀਆਂ ਦੀ ਸਹੂਲਤ ਲਈ ਕੁਝ ਨਹੀਂ ਕੀਤਾ ਜਾਂਦਾ। ਜੇਕਰ ਕੋਈ ਵਪਾਰੀ ਅੱਗ ਜਨੀ ਜਾਂ ਹੋਰ ਕੋਈ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਨੂੰ ਸਰਕਾਰ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਹੈ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਹ ਮੀਟਿੰਗ ਮੁੱਖ ਮੰਤਰੀ ਸ੍ਰੀ ਭਾਗਵਤ ਮਾਨ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਪਾਰੀ ਵਰਗ ਨੂੰ ਮਿਲਣ ਲਈ ਕੀਤੀ ਜਾ ਰਹੀ ਮੀਟਿੰਗ ਦੀ ਤਿਆਰੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ।