ਨਸ਼ਾ ਵਿਰੋਧੀ ਦਿਵਸ ਤਹਿਤ ਹੋਟਸਪੋਟ ਥਾਵਾਂ ਦੀ ਸ਼ਨਾਖਤ ਕਰਕੇ 11 ਅਲੱਗ-ਅਲੱਗ ਥਾਵਾਂ ‘ਤੇ ਕਾਸੋ ਓਪਰੇਸ਼ਨ ਚਲਾਇਆ
- ਜ਼ਿਲ੍ਹਾ ਪੁਲਿਸ ਵਲੋਂ "ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ” ਮਨਾਇਆ ਗਿਆ
- 183 ਕਿਲੋ 550 ਗ੍ਰਾਮ ਭੁੱਕੀ, । ਕਿਲੋ 701 ਗ੍ਰਾਮ ਨਸ਼ੀਲਾ ਪਾਊਡਰ, 32 ਨਸ਼ੀਲੇ ਟੀਕੇ, 1 ਕਿਲੋ 350 ਗ੍ਰਾਮ ਹੈਰੋਇਨ ਅਤੇ 3560 ਨਸ਼ੀਲੇ ਗੋਲੀਆਂ ਡਿਸਪੋਜ਼ ਕਰਵਾਏ
- 11 ਅਲੱਗ-ਅਲੱਗ ਥਾਵਾਂ ਤੇ ਕਾਸੋ ਓਪਰੇਸ਼ਨ ਚਲਾਕੇ ਛਾਪੇਮਾਰੀ ਕੀਤੀ ਗਈ ਅਤੇ 5 ਮੁਕੱਦਮੇ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਰੂਪਨਗਰ, 26 ਜੂਨ 2024: ਨਸ਼ਿਆਂ ਦੀ ਦਲਦਲ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਖੇਡ ਨਾਲ ਜੋੜ ਜ਼ਿਲ੍ਹਾ ਪੁਲਿਸ ਵਲੋਂ "ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ” ਮਨਾਇਆ ਗਿਆ।
ਇਸ ਦਿਵਸ ਮੌਕੇ ਉਤੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਜੀਤ ਸਿੰਘ ਖੁਰਾਣਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨੌਜਵਾਨਾਂ ਵਿਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਸਮਝਾਉਣ ਲਈ ਜਿਲ੍ਹੇ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਮੋਰਿੰਡਾ ਅਤੇ ਸ੍ਰੀ ਚਮਕੋਰ ਸਾਹਿਬ ਵਿਖੇ ਵਾਲੀਬਾਲ ਮੈਚ ਵੀ ਕਰਵਾਏ ਗਏ, ਨੰਗਲ ਵਿਖੇ ਕ੍ਰਿਕਟ ਮੈਚ ਕਰਵਾਇਆ ਗਿਆ ਅਤੇ ਜਿਲ੍ਹਾ ਪੱਧਰੀ ਪ੍ਰੋਗਰਾਮ ਤਹਿਤ ਹਾਕਸ ਕਲੱਬ ਰੂਪਨਗਰ ਵਿਖੇ ਇੱਕ ਹਾਕੀ ਮੈਚ ਵੀ ਕਰਵਾਇਆ ਗਿਆ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਨੇ ਕਿਹਾ ਕਿ ਨਸ਼ੇ ਇੱਕ ਵਿਅਕਤੀ ਅਤੇ ਪਰਿਵਾਰ ਦੇ ਜੀਵਨ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ, ਬਾਰੇ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਹਰੇਕ ਥਾਣੇ ਦੇ ਪਿੰਡਾਂ ਅਤੇ ਵਾਰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਜਿਲ੍ਹਾ ਪੁਲਿਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਅਤੇ ਪਤਵੰਤਿਆਂ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਦੌਰਾਨ ਇੱਕ ਪ੍ਰੇਰਣਾ ਸਰੋਤ ਵਜੇ ਇੱਕ ਲੜਕਾ, ਜੋ ਕਿ ਪਹਿਲਾਂ ਨਸ਼ੇ ਕਰਨ ਦਾ ਆਦਿ ਸੀ ਅਤੇ ਸਾਲ 2022 ਵਿੱਚ ਉਸਦੇ ਵਿਰੁੱਧ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਜੈ ਸਿੰਘ, ਪੀ.ਪੀ.ਐਸ ਦੀ ਸਰਗਰਮ ਸਮੂਲੀਅਤ ਨਾਲ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਖੇ ਭੇਜਿਆ ਗਿਆ। ਜੋ ਹੁਣ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਸਮਾਜ ਨਾਲ ਮੁੜ ਜੁੜ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ "ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ" ਦੇ ਮੌਕੇ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ 54 ਮੁਕਦਮਿਆਂ ਵਿੱਚ ਕੇਸ ਪ੍ਰਾਪਰਟੀ ਦਾ ਨਿਪਟਾਰਾ ਉਚਿਤ ਪ੍ਰਕਿਰਿਆ ਤੋਂ ਬਾਅਦ ਕੀਤਾ ਗਿਆ ਹੈ। ਜਿਸ ਵਿੱਚ 183 ਕਿਲੋ 550 ਗ੍ਰਾਮ ਭੁੱਕੀ, । ਕਿਲੋ 701 ਗ੍ਰਾਮ ਨਸ਼ੀਲਾ ਪਾਊਡਰ, 32 ਨਸ਼ੀਲੇ ਟੀਕੇ, 1 ਕਿਲੋ 350 ਗ੍ਰਾਮ ਹੈਰੋਇਨ ਅਤੇ 3560 ਨਸ਼ੀਲੇ ਗੋਲੀਆਂ ਡਿਸਪੋਜ਼ ਕਰਵਾਏ ਗਏ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਨਸ਼ਾ ਵਿਰੋਧੀ ਦਿਵਸ ਤਹਿਤ ਜਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰੀ ਤੇ ਠੱਲ ਪਾਉਣ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਦੇ ਉਦੇਸ਼ ਹੇਠ ਹੋਟਸਪੋਟ ਥਾਵਾਂ ਦੀ ਸ਼ਨਾਖਤ ਕਰਕੇ 11 ਅਲੱਗ-ਅਲੱਗ ਥਾਵਾਂ ਤੇ ਕਾਸੋ ਓਪਰੇਸ਼ਨ ਚਲਾਕੇ ਛਾਪੇਮਾਰੀ ਕੀਤੀ ਗਈ ਅਤੇ 5 ਮੁਕੱਦਮੇ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੇ 62 ਗ੍ਰਾਮ ਨਸ਼ੀਲਾ ਪਾਊਡਰ, 40 ਨਸ਼ੀਲੇ ਕੈਪਸੂਲ ਬਰਾਮਦ ਕੀਤਾ ਗਿਆ ਅਤੇ 11 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਪੁਲਿਸ ਵਲੋਂ 10 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਿਤੀ 01 ਜਨਵਰੀ 2024 ਤੋਂ ਹੁਣ ਤੱਕ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੁੱਲ 61 ਮੁੱਕਦਮੇ ਦਰਜ ਕੀਤੇ ਗਏ ਹਨ ਅਤੇ 94 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋ 68 ਕਿਲੋ 350 ਗ੍ਰਾਮ ਗਾਂਜਾ, 23 ਕਿਲੋ 500 ਗ੍ਰਾਮ ਭੁੱਕੀ, 1 ਕਿਲੋ 905 ਗ੍ਰਾਮ ਨਸ਼ੀਲਾ ਪਾਊਡਰ, 1 ਕਿਲੋ 400 ਗ੍ਰਾਮ ਚਰਸ, 1 ਕਿਲੋ 20 ਗ੍ਰਾਮ ਅਫੀਮ, 32 ਗ੍ਰਾਮ ਹੈਰੋਇਨ ਅਤੇ 674 ਟੀਕੇ/ਗੋਲੀਆਂ ਅਤੇ 1 ਲੱਖ 25 ਹਜ਼ਾਰ 550 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।
ਐਸ.ਐਸ.ਪੀ ਰੂਪਨਗਰ ਨੇ ਪ੍ਰੈਸ ਦੇ ਮਾਧੀਅਮ ਰਾਂਹੀ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਅਲਾਹਮਤ ਨੂੰ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕਰਨ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਐਸ.ਪੀ. ਹੈੱਡਕਵਾਟਰ ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ ਰਮਨਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।