ਰੋਟਰੀ ਕਲੱਬ ਫ਼ਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ’ਚ ਦੋ ਏ.ਸੀ.ਅਤੇ ਪੰਜ ਕੰਧ ਵਾਲੇ ਪੱਖੇ ਦਿੱਤੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 26 ਜੂਨ 2024 - ਮਾਨਵਤਾ ਦੀ ਭਲਾਈ ਲਈ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਫ਼ਰੀਦਕੋਟ ਦੇ ਬੱਚਿਆਂ ਵਾਲੇ ਵਿਭਾਗ ’ਚ ਦਾਖਲ ਬੱਚਿਆਂ ਨੂੰ ਸਹੂਲਤ ਪ੍ਰਦਾਨ ਕਰਨ ਵਾਸਤੇ ਦੋ ਏ.ਸੀ.ਅਤੇ ਪੰਜ ਕੰਧ ਵਾਲੇ ਪੱਖੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਿਲ ਕੇ ਭੇਟ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਦੱਸਿਆ ਕਿ ਗਰਮੀ ਦੇ ਪ੍ਰਕੋਪ ਨੂੰ ਵੇਖਦਿਆਂ ਪਹਿਲਾਂ ਵੀ ਰੋਟਰੀ ਕਲੱਬ ਵੱਲੋਂ ਬੱਚਿਆਂ ਵਾਲੇ ਵਿਭਾਗ ਲਈ ਪੱਖੇ ਭੇਟ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਬੱਚਿਆਂ ਦੀ ਚੰਗੀ ਸਿਹਤ ਵਾਸਤੇ ਦੁੱਧ ਅਤੇ ਕੇਲਿਆਂ ਦੀ ਸੇਵਾ ਵੀ ਕਲੱਬ ਵੱਲੋਂ ਚਲਾਈ ਗਈ ਸੀ। ਉਨ੍ਹਾਂ ਬੱਚਾ ਵਿਭਾਗ ਦੇ ਡਾਕਟਰ ਸਾਹਿਬਾਨ ਦੀ ਮੰਗ ਤੇ ਅੱਜ ਬੱਚਿਆਂ ਲਈ ਏ.ਸੀ.ਅਤੇ ਪੱਖੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਗੁਰੂ ਗੋਬਿੰਦ ਸਿੰਘ ਹਸਪਤਾਲ ’ਚ ਦਾਖਲ ਮਰੀਜ਼ਾਂ ਵਾਸਤੇ 9 ਜੁਲਾਈ ਨੂੰ ਇੱਕ ਖੂਨਦਾਨ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ।
ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਕਿਹਾ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦੀ ਹੈ। ਉਨ੍ਹਾਂ ਕਿਹਾ ਸਾਰੇ ਸੰਸਾਰ ’ਚ ਰੋਟਰੀ ਕਲੱਬ ਹਨ। ਉਨ੍ਹਾਂ ਕਿਹਾ ਰੋਟਰੀ ਨੇ ਸੰਸਾਰ ਭਰ ’ਚੋਂ ਪੋਲੀਓ ਦੇ ਖਾਤਮੇ ਵਾਸਤੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਸ਼ਸ਼ੀਕਾਂਤ ਧੀਰ ਨੇ ਪਹੁੰਚੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਪਹਿਲਾਂ ਜੀ ਆਇਆਂ ਨੂੰ ਆਖਿਆ ਤੇ ਫ਼ਿਰ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸੰਜੀਵ ਮਿੱਤਲ,ਅਸ਼ਵਨੀ ਬਾਂਸਲ, ਕੇ.ਪੀ.ਸਿੰਘ ਸਰਾਂ, ਅਮਿਤ ਅਰੋੜਾ, ਡਾ.ਜੈਪ੍ਰੀਤ ਸਿੰਘ ਅਤੇ ਆਰਵ ਅਰੋੜਾ ਹਾਜ਼ਰ ਸਨ।