ਮਾਨ ਪਰਿਵਾਰ ਵੱਲੋਂ ਸਰਕਾਰੀ ਡਿਸਪੈਂਸਰੀ ਨੂੰ ਕੁਰਸੀਆਂ ਭੇਂਟ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਜੂਨ 2024- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਅਤੇ ਮੁਲਾਜ਼ਮ ਆਗੂ ਸ਼੍ਰੀ ਗੁਰਦਿਆਲ ਮਾਨ ਦੇ ਸਮੂਹ ਪ੍ਰੀਵਾਰ ਵਲੋਂ ਆਪਣੀ ਧਰਮ ਪਤਨੀ ਸਵਰਗਵਾਸੀ ਮੈਡਮ ਕੰਨਵਰਜੀਤ ਕੌਰ ਦੀ ਯਾਦ ਵਿੱਚ ਪਿੰਡ ਹਿਆਤਪੁਰ ਰੁੜਕੀ ਦੀ ਸਰਕਾਰੀ ਡਿਸਪੈਂਸਰੀ ਅਤੇ ਆਂਗਣਵਾੜੀ ਸੈਂਟਰ ਨੂੰ ਕੁਰਸੀਆਂ ਦਾਨ ਵਜੋਂ ਭੇਂਟ ਕੀਤੀਆਂ ਗਈਆਂ। ਸ਼੍ਰੀ ਮਾਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਅਜ਼ੀਜ਼ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਅਤੇ ਚਿਰਸਥਾਈ ਰੱਖਣ ਲਈ ਸਾਨੂੰ ਪਬਲਿਕ ਸੰਸਥਾਵਾਂ ਵਿੱਚ ਉਸ ਦੀ ਯਾਦ ਵਿੱਚ ਕੁਛ ਨਾ ਕੁਛ ਲੈਕੇ ਦੇਣਾ ਚਾਹੀਦਾ ਹੈ। ਇਸ ਨਾਲ ਇੱਕ ਤਾਂ ਪਬਲਿਕ ਨੂੰ ਸਹੂਲਤ ਮਿਲੇਗੀ ਦੂਜਾ ਵਿਛੜੀ ਆਤਮਾ ਦੀ ਯਾਦ ਦਿਲ ਵਿੱਚ ਬਣੀ ਰਹੇਗੀ। ਸ਼੍ਰੀ ਮਾਨ ਨੇ ਕਿਹਾ ਕਿ ਜਿਹੜਾ ਇਨਸਾਨ ਇਸ ਦੁਨੀਆਂ ਤੋਂ ਚਲਾ ਗਿਆ, ਉਸ ਨੇ ਵਾਪਿਸ ਨਹੀਂ ਆਉਣਾ। ਪਰ ਉਸ ਦੇ ਕੀਤੇ ਹੋਏ ਚੰਗੇ ਕੰਮ ਹਮੇਸ਼ਾਂ ਲਈ ਯਾਦ ਰਹਿੰਦੇ ਹਨ। ਇਸ ਲਈ ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਕਿ ਲੋਕਾਂ ਦੇ ਦਿਲਾਂ ਵਿੱਚ ਤੁਹਾਡੀ ਛਾਪ ਹਮੇਸ਼ਾਂ ਬਣੀ ਰਹੇ। ਉਨ੍ਹਾਂ ਦੱਸਿਆਂ ਕਿ ਮੈਡਮ ਇੱਕ ਨੇਕ ਦਿਲ ਅਤੇ ਹੱਸਮੁੱਖ ਸੁਭਾਅ ਦੇ ਮਾਲਕ ਸਨ। ਆਪਣੀ ਡਿਊਟੀ ਦੁਰਾਨ ਲੋਕਾਂ ਹਿੱਤ ਦੇ ਕੰਮਾਂ ਨੂੰ ਪਹਿਲ ਦਿੰਦੇ ਸਨ। ਜਿਸ ਕਰਕੇ ਉਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਪਿਤਾ ਗੁਰਮੇਲ ਸਿੰਘ, ਮਾਤਾ ਹਰਜੀਤ ਕੌਰ ਅਤੇ ਬੇਟੀ ਡਾਕਟਰ ਬਵਲੀਨ ਮਾਨ ਵੀ ਮੌਜੂਦ ਸਨ।