ਮਾਮਲਾ ਅਰਬਨ ਅਸਟੇਟ 'ਚ JDA ਵਲੋਂ ਨਜਾਇਜ ਤੌਰ 'ਤੇ ਚਲਾਏ ਪੀਲੇ ਪੰਜੇ ਦਾ, ਜੇਈ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ!
ਪ੍ਰਸ਼ਾਸਨਿਕ ਧੱਕੇਸ਼ਾਹੀ ਦੇ ਸ਼ਿਕਾਰ ਪੀੜਿਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਜੇਈ ਰਵੀਸ਼ੇਰ ਸਿੰਘ ਖਿਲਾਫ ਦਿੱਤੀ ਲਿਖਿਤ ਸ਼ਿਕਾਇਤ
ਜੇਈ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ, ਹਫਤੇ ਬਾਅਦ ਵਿਸ਼ਾਲ ਧਰਨਾ ਲਗਾਉਣ ਦੀ ਦਿੱਤੀ ਚੇਤਾਵਨੀ
ਵਿਜੀਲੈਂਸ ਬਿਊਰੋ ਵੱਲੋਂ ਜੇਈ ਦੀ ਚੱਲ ਅਚੱਲ ਜ਼ਾਇਦਾਦ ਦੀ ਜਾਂਚ ਕਰਵਾਉਣ ਦੀ ਵੀ ਕੀਤੀ ਮੰਗ
ਡੀਸੀ ਬੋਲੇ ਜਾਂਚ ਤੋਂ ਬਾਅਦ ਹੋਵੇਗੀ ਸਖਤ ਕਾਰਵਾਈ
ਸੁਲਤਾਨਪੁਰ ਲੋਧੀ ,
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਜੁਲਾਈ 2025- ਬੀਤੇ ਦਿਨੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਨਜਾਇਜ ਤੌਰ ਤੇ ਪੀਲਾ ਪੰਜਾ ਚਲਾ ਕੇ ਜੇਡੀਏ (ਜਲੰਧਰ ਡਿਵੈਲਪਮੈਂਟ ਅਰਥਾਟੀ) ਦੇ ਇੱਕ ਜੇਈ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਇਆਂ ਕਥਿਤ ਤੌਰ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਘਰ ਦੇ ਬਾਹਰ ਭੰਨ ਤੋੜ ਕਰਨ ਦਾ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਪੀੜਿਤ ਪਰਿਵਾਰ ਵਲੋਂ ਘਟਨਾ ਦੇ ਰੋਸ ਇਜ਼ਹਾਰ ਕਰਨ ਡੀਸੀ ਦਫਤਰ ਕਪੂਰਥਲਾ ਪਹੁੰਚ ਗਿਆ। ਜਿੱਥੇ ਜੇਈ ਖਿਲਾਫ ਜਬਰਦਸਤ ਨਾਰੇਬਾਜ਼ੀ ਕਰਦਿਆਂ ਹੋਇਆਂ ਪਰਿਵਾਰ ਨੇ ਰੋਸ ਦਾ ਇਜ਼ਹਾਰ ਕੀਤਾ।
ਇਸ ਦੌਰਾਨ ਪੀੜਿਤ ਮਨਜੀਤ ਸਿੰਘ ਤੇ ਜਗਜੀਤ ਸਿੰਘ ਚੰਦੀ ਪਰਿਵਾਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੰਬੰਧਿਤ ਜੇਈ ਦੇ ਖਿਲਾਫ ਲਿਖਤ ਸ਼ਿਕਾਇਤ ਸੌਂਪਕੇ ਸਖਤ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਭਰੇ ਮਨ ਦੇ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਆਪਣਾ ਦੁੱਖ ਬਿਆਨ ਕਰਦਿਆਂ ਹੋਇਆ ਕਿਹਾ ਕਿ ਜੇਈ ਰਵੀਸ਼ੇਰ ਸਿੰਘ ਕੁਝ ਲੋਕਾਂ ਮਿਲੀ ਭੁਗਤ ਕਰਕੇ ਸ਼ਰੇਆਮ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਅਤੇ ਆਪਣੇ ਅਹੁਦੇ ਦੀ ਨਜਾਇਜ਼ ਫਾਇਦਾ ਚੁੱਕ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਪੂਰੀ ਕਾਰਵਾਈ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਸਵਾਲ ਖੜੇ ਕੀਤੇ। ਪਰਿਵਾਰ ਨੇ ਕਿਹਾ ਕਿ ਸਾਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਅਸੀਂ ਕੋਈ ਨਸ਼ਾ ਤਸਕਰ ਹੋਈਏ। ਨੋਟਿਸ ਉੱਤੇ ਸਮਾਂ ਰਹਿੰਦਿਆਂ ਹੀ ਜੇਈ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੱਖ ਦਿੱਤਾ ਹੈ।
*ਪਰਿਵਾਰ ਨੇ ਜੇਈ ਨੂੰ ਸਸਪੈਂਡ ਕਰਨ ਲਈ 7 ਦਿਨਾਂ ਦਾ ਦਿੱਤਾ ਅਲਟੀਮੇਟਮ*
ਉਪਰੋਕਤ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਲ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਨੇ ਸੱਤ ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਕਤ ਜੇਈ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਉਹ ਡੀਸੀ ਦਫਤਰ ਦੇ ਬਾਹਰ ਵਿਸ਼ਾਲ ਧਰਨਾ ਲਗਾਉਣ ਲਈ ਮਜਬੂਰ ਹੋਣਗੇ ਅਤੇ ਮਾਨਯੋਗ ਹਾਈਕੋਰਟ ਦਾ ਵੀ ਰੁੱਖ ਕਰਨਗੇ।
*ਜੇਈ ਖਿਲਾਫ ਵਿਜੀਲੈਂਸ ਦਾ ਵੀ ਖੜਕਾਵਾਂਗੇ ਬੂਹਾ*
ਪੀੜਿਤ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਜਲਾਸ ਤੇ ਇਲਾਕੇ ਵਿੱਚ ਪੂਰੀ ਚਰਚਾ ਹੈ ਕਿ ਇਸ ਜੇਈ ਨੇ ਵੱਡੇ ਪੱਧਰ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ। ਜੇਕਰ ਪੰਜਾਬ ਸਰਕਾਰ ਭਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦਾ ਨਾਅਰਾ ਦੇ ਰਹੀ ਹੈ ਤਾਂ ਇੱਕ ਵਾਰ ਉਕਤ ਜੇਈ ਦੀ ਵਿਜੀਲੈਂਸ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਵਾ ਲਵੇ। ਸੱਚ ਸਭ ਦੇ ਸਾਹਮਣੇ ਆ ਜਾਵੇਗਾ।
*ਕੀ ਸੀ ਮਾਮਲਾ*
ਜਾਣਕਾਰੀ ਦੇ ਅਨੁਸਾਰ ਸੰਬੰਧਿਤ ਵਿਭਾਗ ਵੱਲੋਂ ਉਕਤ ਘਰ ਦੇ ਮਾਲਕ ਨੂੰ ਮਿਤੀ 18 ਜੂਨ 2025 ਨੂੰ ਇੱਕ ਨੋਟਿਸ ਭੇਜ ਕੇ ਕੁਝ ਬੇ-ਨਿਯਮੀਆਂ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ 30 ਦਿਨਾਂ ਦੇ ਅੰਦਰ ਅੰਦਰ ਮਕਾਨ ਵਿੱਚ ਕੀਤੀਆਂ ਗਈਆਂ ਬੇਨਮੀਆਂ ਨੂੰ ਦਰੁਸਤ ਕਰਨ ਉਪਰੰਤ ਦਫਤਰ ਵਿੱਚ ਸੂਚਿਤ ਕਰਨ ਦੀ ਗੱਲ ਆਖੀ ਗਈ ਸੀ। ਇਸ ਤੋਂ ਇਲਾਵਾ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਰਿਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀ ਧਾਰਾ ਦੇ ਤਹਿਤ ਅਗਲੀ ਕਾਰਵਾਈ ਕਰਨ ਦੀ ਬਾਬਤ ਦੱਸਿਆ ਗਿਆ ਸੀ। ਪਰ ਇਸ ਦੇ ਉਲਟ ਜਲੰਧਰ ਡਿਵੈਲਪਮੈਂਟ ਅਥਾਰਟੀ ਵਿਖੇ ਤੈਨਾਤ ਜੇ ਈ ਰਵੀਸ਼ੇਰ ਸਿੰਘ ਨੇ ਮਿਤੀ 30 ਜੂਨ 2025 ਨੂੰ ਨੋਟਿਸ ਦਿੱਤੇ ਜਾਣ ਦੇ ਕਰੀਬ 12 ਦਿਨਾਂ ਬਾਅਦ ਹੀ ਉਕਤ ਘਰ ਦੇ ਬਾਹਰ ਪੀਲਾ ਪੰਜਾ ਚਲਵਾਕੇ ਕਥਿਤ ਤੌਰ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰਵਾਈ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤੇ ਜਾਣ ਮਗਰੋਂ ਘਰ ਦਾ ਬਾਕੀ ਹਿੱਸਾ ਮਹਿਫੂਜ਼ ਬਚਿਆ ਅਤੇ ਵਿਭਾਗ ਦਾ ਅਮਲਾ ਉਥੋਂ ਰਫੂ ਚੱਕਰ ਹੋ ਗਿਆ।
*ਕੀ ਕਹਿੰਦੇ ਹਨ ਡੀਸੀ ਕਪੂਰਥਲਾ*
ਇਸ ਬਾਬਤ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲੇ ਅਧਿਕਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ।
*ਸੁਲਤਾਨਪੁਰ ਲੋਧੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਜੇਡੀਏ ਦੇ ਜੇਈ ਰਵੀਸ਼ੇਰ ਸਿੰਘ ਦੀ ਬਿਆਨਬਾਜ਼ੀ ਦੀ ਨਿੰਦਾ*
ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਸਮੂਹ ਜਥੇਬੰਦੀ ਨੇ ਬੀਤੇ ਦਿਨੀਂ ਪੁੱਡਾ ਕਾਲੋਨੀ ਵਿੱਚ ਕਵਰੇਂਜ ਕਰਨ ਗਏ ਜਥੇਬੰਦੀ ਦੇ ਆਗੂਆਂ ਨਾਲ਼ ਜੇਡੀਏ ਵਿਭਾਗ ਦੇ ਇਕ ਅਧਿਕਾਰੀ ਵਲੋਂ ਕੀਤੀ ਗਈ ਬਦਸਲੂਕੀ ਨੇ ਪੱਤਰਕਾਰੀ ਦੇ ਅਕਸ ਨੂੰ ਗ਼ਲਤ ਬਿਆਨ ਕੀਤਾ। ਉਕਤ ਅਧਿਕਾਰੀ ਦੀ ਇਸ ਘਟੀਆ ਕਾਰਗੁਜਾਰੀ ਦੀ ਸਾਰਾ ਪੱਤਰਕਾਰ ਭਾਈਚਾਰਾ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਅਤੇ ਅਤੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅੱਗੇ ਮੰਗ ਕਰਦਾ ਹੈ ਕਿ ਇਸ ਅਧਿਕਾਰੀ ਦੇ ਖ਼ਿਲਾਫ਼ ਵਿਭਾਗ ਦੀ ਬਣਦੀ ਕਾਰਵਾਈ ਕੀਤੀ ਜਾਵੇ।