ਮੈਗਾ ਪੀ.ਟੀ.ਐਮ ਕਰਕੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ 'ਸਿੱਖਿਆ ਦਾ ਮਹਾਂ ਜਸ਼ਨ'
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਮਈ , 2026
ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਵੱਲੋਂ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੀ ਸ਼ਾਨਦਾਰ ਪ੍ਰਾਪਤੀ ਨੂੰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ ਅਤੇ ਮਾਪਿਆਂ ਦੀ ਵਰਕਸ਼ਾਪ ਰਾਹੀਂ 'ਸਿੱਖਿਆ ਦਾ ਮਹਾਂ ਜਸ਼ਨ' ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਨੇ ਦੱਸਿਆ ਕਿ ਮੈਗਾ ਪੀ.ਟੀ.ਐਮ ਅਤੇ ਮਾਪਿਆਂ ਦੀ ਵਰਕਸ਼ਾਪ ਰਾਹੀਂ ਪੰਜਾਬ ਦੀ ਸਿੱਖਿਆ ਖੇਤਰ ਵਿੱਚ ਪ੍ਰਾਪਤ ਕੀਤੀ ਗਈ ਇਸ ਇਤਿਹਾਸਕ ਸਫਲਤਾ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ ਅਤੇ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਸਟਾਫ ਦੀ ਮਿਹਨਤ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬੋਰਡ ਪ੍ਰੀਖਿਆਵਾਂ ਵਿੱਚ ਸਕੂਲ ਪੱਧਰ 'ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਕਿਸੇ ਵੀ ਵਿਸ਼ੇ ਵਿੱਚ 100 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜੇ.ਈ.ਈ, ਕਲੇਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਹੁਨਰ ਸਿੱਖਿਆ ਨਾਲ ਜੁੜੇ ਇੰਟਰਨਸਿਪ ਲਈ ਜਾ ਰਹੇ ਵਿਦਿਆਰਥੀਆਂ ਨੂੰ "ਗੁੱਡ ਲੱਕ ਸਰਟੀਫਿਕੇਟ" ਦਿੱਤੇ ਗਏ। ਇਸੇ ਤਰ੍ਹਾਂ ਇੰਗਲਿਸ਼ ਐੱਜ ਪ੍ਰੋਗਰਾਮ ਅਧੀਨ ਘੱਟੋ-ਘੱਟ ਇਕ ਪ੍ਰੋਫੀਸ਼ੈਂਸੀ ਲੈਵਲ ਤੱਕ ਪ੍ਰਗਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਪੇ ਵਰਕਸ਼ਾਪ ਦੌਰਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਦੌਰਾਨ ਮਾਪਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਛੁੱਟੀਆਂ ਦੇ ਕੰਮ ਰਾਹੀਂ ਸਿੱਖਿਆ ਨਾਲ ਜੋੜ ਕੇ ਰੱਖਣ ਅਤੇ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਮੁੜ ਸਕੂਲ ਵਾਪਸੀ ਲਈ ਪ੍ਰੇਰਿਤ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ 'ਸਿੱਖਿਆ ਦਾ ਮਹਾਂ ਜਸ਼ਨ' ਵਿੱਚ ਸਮੂਹ ਮਾਪਿਆਂ ਅਤੇ ਪਤਵੰਤਿਆ ਨੇ ਭਰਵੀਂ ਸਮੂਲੀਅਤ ਕੀਤੀ ਅਤੇ ਬੱਚਿਆਂ ਦੇ ਮਾਪਿਆ ਨੂੰ ਉਹਨਾਂ ਦੇ ਬੱਚਿਆਂ ਦੀ ਪ੍ਰਗਤੀ ਬਾਰੇ ਦੱਸਿਆ।ਇਸ 'ਸਿੱਖਿਆ ਦਾ ਮਹਾਂ ਜਸ਼ਨ'ਦੌਰਾਨ ਜਿਲ੍ਹਾ ਪੱਧਰੀ ਟੀਮਾਂ ਵਲੋਂ ਵੀ ਨਿਰੀਖਣ ਕੀਤਾ ਗਿਆ।
- Download Babushahi App
-
-