ਪਾਣੀ ਦੇ ਨਾਂ ’ਤੇ ਪਾਰਕਾਂ ਦੀ ਕੁਰਬਾਨੀ ਕਿਉਂ?- ਡਾ. ਅਮਨਦੀਪ ਸਿੰਘ ਬੈਂਸ
ਸੁਖਮਿੰਦਰ ਭੰਗੂ
ਲੁਧਿਆਣਾ 20 ਮਈ 2026
ਲੁਧਿਆਣਾ ਸ਼ਹਿਰ ਵਿੱਚ ਵਰਲਡ ਬੈਂਕ ਦੀ ਮਦਦ ਨਾਲ ਚੱਲ ਰਹੀ ਪਾਣੀ ਸਪਲਾਈ ਸਕੀਮ ਨੂੰ ਲੋਕਾਂ ਦੀਆਂ ਬੁਨਿਆਦੀ ਲੋੜਾਂ ਨਾਲ ਜੋੜ ਕੇ ਵੱਡੇ ਵਿਕਾਸ ਪ੍ਰੋਜੈਕਟ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪਾਣੀ ਹਰ ਸ਼ਹਿਰ ਦੀ ਜ਼ਰੂਰਤ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ। ਪਰ ਜੇਕਰ ਇਸ ਪਾਣੀ ਲਈ ਸ਼ਹਿਰ ਦੀਆਂ ਹਰੀਆਂ-ਭਰੀਆਂ ਪਾਰਕਾਂ, ਗਰੀਨ ਬੈਲਟਾਂ ਅਤੇ ਲੋਕਾਂ ਦੇ “ਸਾਹ” ਹੀ ਖੋਹ ਲਏ ਜਾਣ, ਤਾਂ ਫਿਰ ਇਹ ਵਿਕਾਸ ਨਹੀਂ, ਬਲਕਿ ਇੱਕ ਖਤਰਨਾਕ ਵਿਨਾਸ਼ ਬਣ ਜਾਂਦਾ ਹੈ।
ਡਾ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਬੀ ਆਰ ਐਸ ਨਗਰ ਦੀ ਪਾਰਕ 247-D, ਜੋ ਡੀ ਏ ਵੀ ਸਕੂਲ ਦੇ ਸਾਹਮਣੇ ਸਥਿਤ ਹੈ, ਇਲਾਕੇ ਦੀ ਸਭ ਤੋਂ ਸੁੰਦਰ ਅਤੇ ਸੰਭਾਲੀ ਹੋਈ ਪਾਰਕਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਸਵੇਰੇ-ਸ਼ਾਮ ਸੈਂਕੜੇ ਲੋਕ ਇੱਥੇ ਟਹਿਲਦੇ ਹਨ, ਬੱਚੇ ਖੇਡਦੇ ਹਨ ਅਤੇ ਬਜ਼ੁਰਗ ਆਪਣਾ ਸਮਾਂ ਬਿਤਾਉਂਦੇ ਹਨ। ਇਹ ਪਾਰਕ ਸਿਰਫ਼ ਇੱਕ ਖਾਲੀ ਜ਼ਮੀਨ ਨਹੀਂ, ਸਗੋਂ ਇਲਾਕੇ ਦੇ ਲੋਕਾਂ ਦੀ ਸਿਹਤ, ਮਨ ਦੀ ਸ਼ਾਂਤੀ ਅਤੇ ਸਾਫ਼ ਹਵਾ ਦਾ ਕੇਂਦਰ ਹੈ। ਪਰ ਹੁਣ ਇਸ ਪਾਰਕ ਨੂੰ ਉਜਾੜ ਕੇ ਪਾਣੀ ਸਪਲਾਈ ਸਕੀਮ ਦੇ ਕੰਮ ਲਈ ਵਰਤਣ ਦੀ ਤਿਆਰੀ ਲੋਕਾਂ ਦੇ ਗੁੱਸੇ ਦਾ ਕਾਰਨ ਬਣ ਰਹੀ ਹੈ।
ਡਾਕ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦਾ ਸਵਾਲ ਸਾਫ਼ ਹੈ — ਕੀ ਸ਼ਹਿਰ ਵਿੱਚ ਹੋਰ ਕੋਈ ਥਾਂ ਨਹੀਂ ਬਚੀ ਜਿੱਥੇ ਇਹ ਪ੍ਰੋਜੈਕਟ ਬਣ ਸਕੇ? ਕੀ ਹਰ ਵੱਡੇ ਪ੍ਰੋਜੈਕਟ ਦੀ ਪਹਿਲੀ ਕੁਰਬਾਨੀ ਪਾਰਕਾਂ ਅਤੇ ਗਰੀਨ ਬੈਲਟਾਂ ਨੂੰ ਹੀ ਦੇਣੀ ਪਵੇਗੀ? ਜਦੋਂ ਇੱਕ ਪਾਸੇ ਸਰਕਾਰਾਂ “ਹੀਟ ਐਕਸ਼ਨ ਪਲੈਨ”, “ਗ੍ਰੀਨ ਸਿਟੀ” ਅਤੇ “ਕਲਾਈਮੇਟ ਚੇਂਜ” ਦੀਆਂ ਗੱਲਾਂ ਕਰਦੀਆਂ ਹਨ, ਦੂਜੇ ਪਾਸੇ ਓਹੀ ਪ੍ਰਸ਼ਾਸਨ ਸ਼ਹਿਰ ਦੀਆਂ ਹਰੀਆਂ ਥਾਵਾਂ ਨੂੰ ਖਤਮ ਕਰਨ ’ਤੇ ਤੁਰਿਆ ਹੋਇਆ ਦਿਖਾਈ ਦਿੰਦਾ ਹੈ।
ਅੱਜ ਲੁਧਿਆਣਾ ਪਹਿਲਾਂ ਹੀ ਪ੍ਰਦੂਸ਼ਣ, ਧੂੜ ਅਤੇ ਵੱਧ ਰਹੇ ਤਾਪਮਾਨ ਨਾਲ ਜੂਝ ਰਿਹਾ ਹੈ। ਗਰਮੀਆਂ ਵਿੱਚ ਤਾਪਮਾਨ ਨਵੇਂ ਰਿਕਾਰਡ ਤੋੜ ਰਿਹਾ ਹੈ। ਅਜਿਹੇ ਸਮੇਂ ਵਿੱਚ ਪਾਰਕਾਂ ਅਤੇ ਦਰੱਖਤਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਹ ਹਰੇ-ਭਰੇ ਖੇਤਰ ਸਿਰਫ਼ ਸੁੰਦਰਤਾ ਲਈ ਨਹੀਂ ਹੁੰਦੇ, ਸਗੋਂ ਇਹ ਸ਼ਹਿਰ ਦੇ “ਫੇਫੜੇ” ਹੁੰਦੇ ਹਨ। ਜੇ ਅਸੀਂ ਇਹ ਫੇਫੜੇ ਹੀ ਖਤਮ ਕਰ ਦੇਵਾਂਗੇ, ਤਾਂ ਲੋਕਾਂ ਨੂੰ ਪਾਣੀ ਤਾਂ ਮਿਲ ਜਾਵੇਗਾ, ਪਰ ਸਾਫ਼ ਹਵਾ ਕਿੱਥੋਂ ਮਿਲੇਗੀ?
ਇਲਾਕਾ ਨਿਵਾਸੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਰਲਡ ਬੈਂਕ ਦੇ ਨੁਮਾਇੰਦਿਆਂ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੂਰੀ ਪਾਣੀ ਸਪਲਾਈ ਸਕੀਮ ਦੀ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰੋਜੈਕਟ ਲੋਕ-ਹਿੱਤ ਲਈ ਹੈ ਤਾਂ ਇਸ ਦੀ ਯੋਜਨਾ ਵੀ ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਬਣਨੀ ਚਾਹੀਦੀ ਹੈ, ਨਾ ਕਿ ਪਾਰਕਾਂ ਨੂੰ ਉਜਾੜ ਕੇ।
ਹੁਣ ਇਲਾਕਾ ਨਿਵਾਸੀ ਵੱਡੇ ਪੱਧਰ ’ਤੇ ਵਿਰੋਧ ਦੀ ਤਿਆਰੀ ਕਰ ਰਹੇ ਹਨ। “247-D ਪਾਰਕ ਬਚਾਵਾਂਗੇ” ਦਾ ਨਾਰਾ ਹੌਲੀ-ਹੌਲੀ ਲੋਕ ਅੰਦੋਲਨ ਦਾ ਰੂਪ ਲੈਂਦਾ ਜਾ ਰਿਹਾ ਹੈ। ਲੋਕ ਸਾਫ਼ ਕਹਿ ਰਹੇ ਹਨ ਕਿ ਅਫ਼ਸਰਾਂ ਦੀਆਂ ਅਣਗਹਿਲੀਆਂ ਅਤੇ ਗਲਤ ਯੋਜਨਾਬੰਦੀ ਦਾ ਭਾਰ ਉਹ ਆਪਣੀਆਂ ਪਾਰਕਾਂ ਅਤੇ ਗਰੀਨ ਬੈਲਟਾਂ ਦੀ ਕੁਰਬਾਨੀ ਦੇ ਕੇ ਨਹੀਂ ਝੱਲਣਗੇ।
ਵਿਕਾਸ ਦੀ ਅਸਲੀ ਪਰਿਭਾਸ਼ਾ ਉਹ ਹੈ ਜਿੱਥੇ ਸ਼ਹਿਰ ਨੂੰ ਪਾਣੀ ਵੀ ਮਿਲੇ ਅਤੇ ਹਰੀਅਾਲੀ ਵੀ ਬਚੇ। ਜੇਕਰ ਵਿਕਾਸ ਦੇ ਨਾਂ ’ਤੇ ਲੋਕਾਂ ਤੋਂ ਉਹਨਾਂ ਦੀ ਸਾਫ਼ ਹਵਾ, ਖੁੱਲ੍ਹੀ ਜਗ੍ਹਾ ਅਤੇ ਕੁਦਰਤੀ ਸੰਤੁਲਨ ਹੀ ਛੀਣ ਲਿਆ ਜਾਵੇ, ਤਾਂ ਫਿਰ ਇਹ ਯੋਜਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੀਆਂ ਹਨ। ਫਿਲਹਾਲ ਇਸ ਜਗ੍ਹਾ ਤੇ ਹੋ ਰਹੇ ਕੰਮ ਦੀ ਵਰਲਡ ਬੈਂਕ ਵਲੋਂ ਜਵਾਬਦੇਹੀ ਮੰਗਣ ਤੇ ਕੰਮ ਰੋਕ ਦਿੱਤਾ ਗਿਆ ਹੈ।
- Download Babushahi App
-
-