ਮੋਹਾਲੀ: ਬਲਬੀਰ ਸਿੱਧੂ ਵਲੋਂ ਆਪ 'ਤੇ ਵੱਡੇ ਪੱਧਰ ਉਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼
ਕਿਹਾ, ਸੂਬਾ ਚੋਣ ਕਮਿਸ਼ਨਰ ਤੁਰੰਤ ਦਖ਼ਲ ਦੇ ਕੇ ਜਾਅਲੀ ਵੋਟਾਂ ਬਣਨੀਆਂ ਬੰਦ ਕਰਵਾਵੇ
‘ਜੇ ਚੋਣ ਕਮਿਸ਼ਨਰ ਨੇ ਨਾ ਸੁਣੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ’
ਐਸ.ਐਸ.ਏ. ਨਗਰ, 10 ਮਈ: ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਉਤੇ ਮੋਹਾਲੀ ਕਾਰਪੋਰੇਸ਼ਨ ਦੀ ਆਗਾਮੀ ਚੋਣ ਲਈ ਹਰ ਵਾਰਡ ਵਿਚ ਵੱਡੀ ਪੱਧਰ ਉਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼ ਲਾਉਂਦਿਆ ਸੂਬੇ ਦੇ ਚੋਣ ਕਮਿਸ਼ਨਰ ਨੂੰ ਤੁਰੰਤ ਦਖ਼ਲ ਦੇ ਕੇ ਬਣ ਰਹੀਆਂ ਜਾਅਲੀ ਵੋਟਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਸ਼੍ਰੀ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੋਹਾਲੀ ਕਾਰਪੋਰੇਸ਼ਨ ਉਤੇ ਹਰ ਹਾਲਤ ਵਿਚ ਕਬਜ਼ਾ ਕਰਨ ਦੀ ਬਦਨੀਤ ਨਾਲ ਹਰ ਵਾਰਡ ਵਿਚ ਤਕਰੀਬਨ 300 ਜਾਅਲੀ ਵੋਟਾਂ ਬਣਾ ਰਹੀ ਹੈ। ਉਹਨਾਂ ਦਸਿਆ ਕਿ ਬਾਹਰਲੇ ਵਿਅਕਤੀਆਂ ਦੀਆਂ ਮੋਹਾਲੀ ਸ਼ਹਿਰ ਵਿਚ ਵੋਟਾਂ ਬਣਾਉਣ ਲਈ ਧੜਾ ਧੜ ਫ਼ਰਜ਼ੀ ਇਕਰਾਰਨਾਮੇ ਬਣਾਏ ਜਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਬਣੇ ਇਕਰਾਰਨਾਮਿਆਂ ਦਾ ਇਕੋ ਜਿਹਾ ਤਰੀਕਾਕਾਰ ਅਤੇ ਇਕੋ ਦੀ ਤਸਦੀਕ ਕਰਤਾ ਹੋਣਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਰ ਵਾਰਡ ਦੇ ਇਕਰਾਰਨਾਮੇ ਇਕੋ ਹੀ ਥਾਂ ਬੈਠ ਕੇ ਬਣਾਏ ਗਏ ਹਨ।
ਸਾਬਕਾ ਸਿਹਤ ਮੰਤਰੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ 42 ਨੰਬਰ ਵਾਰਡ ਵਿਚ 304 ਨਵੀਆਂ ਵੋਟਾਂ ਬਣਾ ਕੇ ਵੋਟਰਾਂ ਦੀ ਗਿਣਤੀ 678 ਥਾਂ 982 ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਵਾਰਡ ਨੰਬਰ 5 ਵਿਚ ਵੀ ਵੱਡੇ ਪੱਧਰ ਉਤੇ ਜਾਅਲੀ ਵੋਟਾਂ ਬਣਾਈਆਂ ਜੲ ਰਹੀਆਂ ਹਨ ਜਿਥੋਂ ਆਮ ਆਦਮੀ ਪਾਰਟੀ ਇਕ ਸੀਨੀਅਰ ਪੁਲੀਸ ਅਧਿਕਾਰੀ ਦੀ ਪਤਨੀ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਮੋਹਾਲੀ ਕਾਰਪੋਰੇਸ਼ਨ ਵਿਚ ਨਵਾਂ ਸ਼ਾਮਲ ਕੀਤੇ ਗਏ ਆਈ.ਟੀ. ਸਿਟੀ ਵਾਲੇ ਵਾਰਡ ਵਿਚ ਵੀ ਵੱਡੇ ਪੱਧਰ ਉਤੇ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਇਹਨਾਂ ਜਾਅਲੀ ਵੋਟਰਾਂ ਵਿਚੋਂ ਬਹੁਤਿਆਂ ਦੀ ਤਸਵੀਰ ਵੀ ਨਹੀਂ ਲੱਗੀ, ਇਸ ਲਈ ਇਹ ਵੋਟਾਂ ਹੋਰਨਾਂ ਵਿਅਕਤੀਆਂ ਵਲੋਂ ਭੁਗਤਾਉਣ ਦਾ ਵੀ ਖ਼ਦਸ਼ਾ ਹੈ। ਉਹਨਾਂ ਕਿਹਾ ਕਿ ਇਹਨਾਂ ਵਾਰਡਾਂ ਦੇ ਇਕ ਇਕ ਘਰ ਵਿਚ ਵੀਹ ਤੋਂ ਵੱਧ ਵੋਟਾਂ ਬਣਾਈਆਂ ਗਈਆਂ ਹਨ।
ਕਾਂਗਰਸੀ ਆਗੂ ਨੇ ਜਾਅਲੀ ਵੋਟਾਂ ਬਣਾਏ ਜਾਣ ਦੇ ਇਸ ਵਰਤਾਰੇ ਨੂੰ ਜਮਹੂਰੀਅਤ ਦਾ ਨੰਗਾ ਚਿੱਟਾ ਕਤਲ ਗਰਦਾਨਦਿਆਂ ਕਿਹਾ ਹੈ ਕਿ ਉਹ ਭਲਕੇ ਇਹ ਸਾਰਾ ਮਾਮਲਾ ਸੂਬੇ ਦੇ ਚੋਣ ਕਮਿਸ਼ਨਰ ਦੇ ਧਿਆਨ ਵਿਚ ਲਿਆ ਕੇ ਮੰਗ ਕਰਨਗੇ ਕਿ ਉਹ ਇਸ ਬਹੁਤ ਹੀ ਗੰਭੀਰ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਜਾਅਲੀ ਵੋਟਾਂ ਬਣਨੀਆ ਬੰਦ ਕਰਾਉਣ। ਉਹਨਾਂ ਕਿਹਾ ਕਿ ਉਹ ਚੋਣ ਕਮਿਸ਼ਨਰ ਨੂੰ ਇਹ ਵੀ ਕਹਿਣਗੇ ਉਹ ਬਣ ਰਹੀਆਂ ਵੋਟਾਂ ਦੇ ਕੰਮ ਦੀ ਆਪਣੀ ਨਿਗਰਾਨੀ ਹੇਠ ਨਾਲੋ ਨਾਲ ਵਿਸ਼ੇਸ਼ ਪੜਤਾਲ ਲਈ ਕਿਸੇ ਸੀਨੀਅਰ ਅਧਿਕਾਰੀ ਦੀ ਡਿਊਟੀ ਲਾਉਣ।
ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਅਦਮੀ ਪਾਰਟੀ ਦੇ ਆਗੂਆਂ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਅਸਲੀ ਹੁਕਮਰਾਨ ਮੁਨੀਸ਼ ਸਿਸੋਦੀਆ ਵਲੋਂ ਪੜਾਏ ਗਏ “ਸਾਮ, ਦਾਮ, ਦੰਡ, ਭੇਦ’ ਦੇ ਅਨੈਤਿਕ ਪਾਠ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੇਠਲੇ ਪੱਧਰ ਉਤੇ ਹੀ ਜਮਹੂਰੀਅਤ ਦੇ ਕੀਤੇ ਜਾ ਰਹੇ ਕਤਲ ਦੇ ਨਾਲ ਨਾਲ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਨੂੰ ਕਾਂਗਰਸ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜੇ ਲੋੜ ਪਈ ਤਾਂ ਉਹ ਇਸ ਜਾਅਲਸਾਜ਼ੀ ਨੂੰ ਰੋਕਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।
- Download Babushahi App
-
-