ਪਿੰਡ ਕੋਠੇ ਅੱਠ ਚੱਕ 'ਚ ਵਿਧਾਇਕਾ ਮਾਣੂੰਕੇ ਨੂੰ ਵੱਡਾ ਝਟਕਾ; ਸਾਬਕਾ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ 'ਚ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ
ਜਗਰਾੳਂ 3 ਅਪ੍ਰੈਲ ( ਦੀਪਕ ਜੈਨ )- ਪਿੰਡ ਕੋਠੇ ਅੱਠ ਚੱਕ ਦਾ ਨਾਂ ਬਦਲਣ ਖ਼ਿਲਾਫ਼ ਸੰਘਰਸ਼ ਵਿੱਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੇ ਆਪ ਨਾਲੋਂ ਸਦਾ ਲਈ ਨਾਤਾ ਤੋੜ ਲਿਆ ਤੇ ਪਿੰਡ ਕੋਠੇ ਅੱਠ ਚੱਕ ਅੱਜ ਅਕਾਲੀ ਰੰਗਾਂ 'ਚ ਰੰਗਿਆ ਗਿਆ। ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ’ਚ ਆਪ ਸਮੱਰਥਕਾਂ ਨੇ ਝਾੜੂ ਦਾ ਸਾਥ ਛੱਡਕੇ ਐਸ.ਆਰ.ਕਲੇਰ ਨਾਲ ਡਟਕੇ ਚੱਲਣ ਦਾ ਫੈਸਲਾ ਲੈ ਲਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਹਾਜ਼ਰ ਹੋਏ ਜਿੰਨ੍ਹਾਂ ਐਸ ਆਰ ਕਲੇਰ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਆਪਦੇ ਸਾਬਕਾ ਬਲਾਕ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਪਿੰਡ ਦੇ ਇਕ ਪਰਿਵਾਰ ਦਾ ਸਿਆਸੀ ਉਭਾਰ ਕਰਨ ਲਈ ਪਿੰਡ ਦਾ ਨਾਮ ਕੋਠੇ ਅੱਠ ਚੱਕ ਤੋੰ ਬਦਲਕੇ ਕੋਠੇ ਅੱਠ ਚੱਕ ਬਲਦੇਵ ਸਿੰਘ ਵਾਲਾ ਕਰਨ ਦੀ ਜੋ ਸ਼ਾਜਿਸ਼ ਰਚੀ ਗਈ ਸੀ, ਉਸਨੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਬਰ ਸਨ ਪ੍ਰੰਤੂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਨੂੰ ਧੋਖੇ 'ਚ ਰੱਖਕੇ ਇਹ ਸਿਆਸੀ ਬੁਣਤੀ ਬੁਣੀ ਪ੍ਰੰਤੂ ਸਾਬਕਾ ਵਿਧਾਇਕ ਐਸ.ਆਰ.ਕਲੇਰ ਦੀ ਅਗਵਾਈ ਹੇਠ ਪਿੰਡ ਦੀ ਹੋਂਦ ਇਤਿਹਾਸ ਅਤੇ ਪਛਾਣ ਨੂੰ ਬਚਾਉਣ ਲਈ ਜੋ ਲੜਾਈ ਲੜੀ ਗਈ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਿਵਰਾਜ ਸਿੰਘ ਨੇ ਆਖਿਆ ਕਿ ਕਿ ਆਮ ਆਦਮੀ ਦੇ ਲੀਡਰ ਨਿੱਜੀ ਹਿੱਤਾਂ ਲਈ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਿੰਨ੍ਹੀ ਕੁ ਕਦਰ ਕਰਦੇ ਹਨ ਇਸ ਘਟਨਾ ਨੇ ਜੱਗ ਜਾਹਿਰ ਕਰ ਦਿੱਤਾ ਹੈ। ਇਸ ਮੌਕੇ ਐਸ ਆਰ ਕਲੇਰ ਨੇ ਆਖਿਆ ਕਿ ਕਿਸੇ ਵੀ ਪਿੰਡ ਦਾ ਨਾਂ ਸਿਰਫ਼ ਸ਼ਬਦ ਨਹੀਂ ਹੁੰਦਾ, ਸਗੋਂ ਉਸ ਨਾਲ ਪਿੰਡ ਦਾ ਇਤਿਹਾਸ, ਵਿਰਾਸਤ, ਸਭਿਆਚਾਰ ਅਤੇ ਲੋਕਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਲੋਕਤੰਤਰ ਦੇ ਦਾਇਰੇ 'ਚ ਰਹਿਕੇ ਉਹ ਇਸ ਪਿੰਡ ਦੇ ਲੋਕਾਂ ਦੀ ਆਵਾਜ਼ ਬਣੇ ਤੇ ਲੋਕਾਂ ਨਾਲ ਹੁੰਦੇ ਧੱਕੇ ਖਿਲਾਫ਼ ਲੜਾਈ 'ਚ ਅਗਵਾਈ ਕੀਤੀ ਤੇ ਮਿਸਾਲੀ ਜਿੱਤ ਦਰਜ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਦੀ ਏਕਤਾ, ਹਿੰਮਤ ਅਤੇ ਸਬਰ ਦੀ ਤਾਰੀਫ਼ ਕੀਤੀ।ਨਵੇਂ ਸ਼ਾਮਿਲ ਹੋਏ ਵਰਕਰਾਂ ਅਤੇ ਸਮਰਥਕਾਂ ਨੂੰ ਐਸ.ਆਰ.ਕਲੇਰ ਅਤੇ ਸਿਵਰਾਜ ਸਿੰਘ ਵੱਲੋਂ ਜੀ.ਆਇਆਂ ਆਖਿਆ ਗਿਆ।
ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਪਿੰਡ ਦੇ ਹੱਕਾਂ, ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਉਹਨਾਂ ਇਹ ਫ਼ੈਸਲਾ ਲਿਆ ਹੈ। ਸਮਾਗਮ ਦੌਰਾਨ ਪਿੰਡ ਵਿੱਚ ਉਤਸ਼ਾਹ ਅਤੇ ਜੋਸ਼ ਦਾ ਮਾਹੌਲ ਦੇਖਣ ਨੂੰ ਮਿਲਿਆ।
Click to Follow Babushahi Facebook page →