ਮਨੁੱਖਤਾ ਦੀ ਮਿਸਾਲ: ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ
ਐਡਵੋਕੇਟ ਹਰਪਾਲ ਜੁਨੇਜਾ ਨੇ ਮਨੁੱਖਤਾ ਦਾ ਫਰਜ਼ ਨਿਭਾਇਆ, ਰਸਤੇ ‘ਚ ਸੜਕ ਦੁਰਘਟਨਾ ਦੇ ਪੀੜਤ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ
ਬਾਬੂਸ਼ਾਹੀ ਬਿਊਰੋ
ਪਟਿਆਲਾ, 30 ਅਪ੍ਰੈਲ:
ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਮਨੁੱਖਤਾ ਦਾ ਫਰਜ਼ ਨਿਭਾਇਆ, ਅੱਜ ਸਵੇਰੇ ਦਫ਼ਤਰ ਜਾਂਦੇ ਸਮੇਂ ਰਸਤੇ ‘ਚ ਸੜਕ ਦੁਰਘਟਨਾ ਦੇ ਪੀੜਤ ਨੂੰ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਪਹੁੰਚਾਇਆ। ਇਸ ਤਰ੍ਹਾਂ ਹਰਪਾਲ ਜੁਨੇਜਾ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਜਿਸ ਸਦਕਾ ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਇੱਕ ਮਨੁੱਖੀ ਜ਼ਿੰਦਗੀ ਬਚ ਗਈ।
ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਅੱਜ ਰੋਜ਼ਾਨਾ ਦੀ ਤਰ੍ਹਾਂ ਦਫ਼ਤਰ ਜਾਂਦੇ ਸਮੇਂ ਰਸਤੇ ਵਿੱਚ ਇੱਕ ਸੜਕ ਦੁਰਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਘਟਨਾ ਨੂੰ ਦੇਖਦੇ ਹੀ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਉਂਨ੍ਹਾਂ ਨੇ ਆਪਣਾ ਵਾਹਨ ਰੋਕਿਆ ਅਤੇ ਆਪਣੀ ਟੀਮ ਦੀ ਸਹਾਇਤਾ ਨਾਲ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਹੁੰਚਾ ਕੇ ਇਲਾਜ ਲਈ ਦਾਖਲ ਕਰਵਾਇਆ।
ਹਰਪਾਲ ਜੁਨੇਜਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਮੁੜ ਜ਼ਖਮੀ ਰਾਮਦੀਨ ਦਾ ਪਤਾ ਲੈਣ ਹਸਪਤਾਲ ਗਏ ਤਾਂ ਦੇਖਿਆ ਕਿ ਡਾਕਟਰਾਂ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਸਦਕਾ ਜ਼ਖ਼ਮੀ ਵਿਅਕਤੀ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਸਮੇਂ ਸਿਰ ਇਲਾਜ ਅਤੇ ਪੂਰਾ ਸਹਿਯੋਗ ਪ੍ਰਦਾਨ ਕੀਤਾ ਗਿਆ।
ਹਰਪਾਲ ਜੁਨੇਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਜਨ-ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਲੋਕ-ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਸੇ ਕੜੀ ਤਹਿਤ ਫਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫੋਰਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਅਤੇ ਕੀਮਤੀ ਜਾਨਾਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਕਿ ਉਹ ਹਾਦਸਾਗ੍ਰਸਤ ਵਿਅਕਤੀਆਂ ਦੀ ਮਦਦ ਲਈ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਅੱਗੇ ਆਉਣ।
ਚੇਅਰਮੈਨ ਨੇ ਕਿਹਾ ਕਿ ਸਮਾਜ ਵਿੱਚ ਮਨੁੱਖਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਹੀ ਅਸਲ ਸੇਵਾ ਹੈ। ਜੇਕਰ ਹਰ ਨਾਗਰਿਕ ਸੜਕ ਹਾਦਸੇ ਜਾਂ ਕਿਸੇ ਵੀ ਆਫਤ ਦੀ ਸਥਿਤੀ ਵਿੱਚ ਲੋੜਵੰਦਾਂ ਦੀ ਮਦਦ ਲਈ ਤਤਪਰ ਰਹੇ, ਤਾਂ ਅਨੇਕਾਂ ਪਰਿਵਾਰਾਂ ਨੂੰ ਅਪਾਰ ਦੁੱਖ ਤੋਂ ਬਚਾਇਆ ਜਾ ਸਕਦਾ ਹੈ।
ਹਰਪਾਲ ਜੁਨੇਜਾ ਨੇ ਕਿਹਾ ਕਿ ਸਭ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਮਨੁੱਖਤਾ ਦੇ ਨਾਤੇ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉੱਥੇ ਅੱਗੇ ਵੱਧ ਕੇ ਆਪਣਾ ਫਰਜ਼ ਨਿਭਾਈਏ, ਕਿਉਂਕਿ ਸਮੇਂ ਸਿਰ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਵੀ ਕਿਸੇ ਦੀ ਜ਼ਿੰਦਗੀ ਬਚਾ ਕੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਬਰਕਰਾਰ ਰੱਖ ਸਕਦਾ ਹੈ।
Click to Follow Babushahi Facebook page →