Buland Honsle ਸੱਚੀਆਂ ਨੀਤਾਂ ਨਾਲ ਹੀ ਗੁੱਡੀ ਚੜ੍ਹਦੀ ਅੰਬਰੀਂ - ਚਰਖੜੀਆਂ ਚੁੱਕੀ ਏਥੇ ਲੋਕ ਬਥੇਰੇ ਫਿਰਦੇ ਨੇ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2026 : ‘ਸ਼ੁਕਰੀਆ ਧੀਏ, ਤੂੰ ਪੂਰੇ ਮੁਲਕ ਭਰ ’ਚ ਭਗਤਾ ਭਾਈ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈੇ।’ ‘ਧੀਏ, ਤੂੰ ਸਾਡੇ ਸ਼ਹਿਰ ਦੀ ਜੋ ਸ਼ੋਭਾ ਵਧਾਈ ਹੈ, ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰੀਏੇ।’ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ’ਚ ਪੈਂਦੇ ਕਸਬਾ ਭਗਤਾ ਭਾਈ ਦੀ ਡਾਕਟਰ ਬਣੀ ਸਾਕਸ਼ੀ ਗਰਗ ਨੂੰ ਪ੍ਰੀਵਾਰ ਅਤੇ ਆਮ ਲੋਕਾਂ ਨੇੇ ਇਹ ਸ਼ਬਦ ਆਖੇ ਹਨ । ਸਾਕਸ਼ੀ ਨੇ ਮਾਣਮੱਤੀ ਧੀਅ ਹੋਣ ਦਾ ਸਬੂਤ ਦਿੰਦਿਆਂ ‘ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਹੈ। ਸਾਕਸ਼ੀ ਨੇ ਦੰਦਾਂ ਦੇ ਮਰੀਜਾਂ ਦੀ ਸਹੂਲਤ ਲਈ ਅਜਿਹੀ ਡਿਵਾਇਸ ਦੀ ਖੋਜ਼ ਕੀਤੀ ਹੈ ਜੋ ਦੰਦਾਂ ਅੰਦਰ ਤਾਰ ਪੁਆਉਣ ਵਾਲਿਆਂ ਵਾਸਤੇ ਵਰਦਾਨ ਸਾਬਤ ਹੋਈ ਹੈ। ਇਸ ਪ੍ਰਾਪਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਸਾਕਸ਼ੀ ਗਰਗ ਨੂੰ ਕੌਮੀ ਪੱਧਰ ਦੇ ਇਸ ਵਕਾਰੀ ਸਨਾਮਨ ਵਿੱਚ ਨਾਮਜਦ ਕੀਤਾ ਹੈ।
ਸ਼ਾਕਸ਼ੀ ਭਗਤਾ ਭਾਈ ਦੇ ਨਾਮੀ ਕਾਰੋਬਾਰੀ ਭਦੌੜੀਆ ਪਰਿਵਾਰ ਦੇ ਨਾਮ ਨਾਲ ਜਾਣੇ ਜਾਂਦੇ ਸੁਨੀਲ ਕੁਮਾਰ ੳਰਫ ਗੋਗੀ ਭਦੌੜੀਆ ਦੀ ਧੀਅ ਹੈ। ਪੁੱਤਰੀ ਦੀ ਇਸ ਪ੍ਰਾਪਤੀ ਨੂੰ ਦੇਖਦਿਆਂ ਪ੍ਰੀਵਾਰ ਦੇ ਖੁਸ਼ੀ ਵਿੱਚ ਧਰਤੀ ’ਤੇ ਪੱਬ ਨਹੀਂ ਲੱਗ ਰਹੇ ਹਨ। ਸਾਕਸ਼ੀ ਦੀ ਮਾਤਾ ਨਿਸ਼ਾ ਗਰਗ ਨੂੰ ਤਾਂ ਇਹ ਸਮਝ ਨਹੀਂ ਪੈ ਰਹੀ ਕਿ ਉਹ ਆਪਣੀ ਧੀਅ ਵੱਲੋਂ ਮਾਰੇ ਇਸ ਮਾਅਰਕੇ ਦੀ ਖੁਸ਼ੀ ਕਿੰਨ੍ਹਾਂ ਸ਼ਬਦਾਂ ਨਾਲ ਬਿਆਨ ਕਰੇ। ਖੁਸ਼ੀਆਂ ’ਚ ਖੀਵੀ ਮਾਂ ਨੂੰ ਧੀਅ ਦੇ ਘਰ ਆਉਣ ਦੀ ਉਡੀਕ ਹੈ ਤਾਂ ਜੋ ਉਹ ਉਸ ਦਾ ਮੱਥਾ ਚੁੰਮਕੇ ਆਪਣੇ ਦਿਲ ਦੇ ਵਲਵਲਿਆਂ ਨੂੰ ਸ਼ਾਂਤ ਕਰ ਸਕੇ। ਭਦੌੜੀਆਂ ਪ੍ਰੀਵਾਰਾਂ ’ਚ ਹੁਣ ਵਿਆਹ ਵਰਗਾ ਵਾਲਾ ਮਹੌਲ ਹੈ। ਪ੍ਰੀਵਾਰ ਦੀ ਇੱਛਾ ਹੈ ਕਿ ਸਾਕਸ਼ੀ ਡਾਕਟਰ ਬਣਨ ਪਿੱਛੋਂ ਸਮਾਜ ਲਈ ਵੀ ਯੋਗਦਾਨ ਪਾਏ। ਪਿਤਾ ਸੁਨੀਲ ਕੁਮਾਰ ਆਖਦਾ ਹੈ ਧੀਏ ਜਿਸ ਰਾਹ ’ਤੇ ਤੂੰ ਤਰਨਾ ਹੈ ਉਸ ’ਤੇ ਹਮੇਸ਼ਾ ਸੇਵਾ ਦੀ ਮਸ਼ਾਲ ਬਾਲਕੇ ਰੱਖੀਂ।
.jpg)
ਦਰਅਸਲ ਸਾਕਸ਼ੀ ਦੇ ਦਾਦਾ ਜਗਦੀਸ਼ ਚੰਦਰ ਕਸਬਾ ਭਦੌੜ ਤੋਂ ਤਕਰੀਬਨ 55 ਸਾਲ ਪਹਿਲਾਂ ਕਾਰੋਬਾਰੀ ਸਿਲਸਿਲੇ ’ਚ ਭਗਤਾ ਭਾਈ ਆਏ ਸਨ। ਉਨ੍ਹਾਂ ਦੇ ਲੜਕੇ ਵੀ ਇੱਥੇ ਹੀ ਆਪੋ ਆਪਣੀਆਂ ਪ੍ਰੀਵਾਰਕ ਜਿੰਮੇਵਾਰੀਆਂ ਨਿਭਾ ਰਹੇ ਹਨ। ਸੁਰੂਆਤੀ ਦੌਰ ’ਚ ਸਾਕਸ਼ੀ ਸੰਗਾਲੂ ਸੁਭਾਅ ਵਾਲੀ ਲੜਕੀ ਸੀ ਜਿਸ ਦਾ ਸ਼ੁਰੂ ਤੋਂ ਹੀ ਪੜ੍ਹਾਈ ਵੱਲ ਧਿਆਨ ਜਿਆਦਾ ਸੀ। ਸਾਕਸ਼ੀ ਨੇ ਦਸਵੀਂ ਕਲਾਸ ਤੱਕ ਦੀ ਸਿੱਖਿਆ ਅਕਾਲ ਅਕੈਡਮੀ ਭਦੌੜ ਤੋਂ ਹਾਸਲ ਕੀਤੀ ਸੀ। ਸਾਕਸ਼ੀ ਨੇ ਇਸ ਤੋਂ ਬਾਅਦ ਭਗਤਾ ਭਾਈ ਇਲਾਕੇ ਦੇ ਨਾਮੀ ਸਿੱਖਿਆ ਅਦਾਰੇ ਆਕਸਫੋਰਡ ਸਕੂਲ ’ਚ ਆਪਣੀ ਪੜ੍ਹਾਈ ਮੁਕੰਮਲ ਕੀਤੀ। ਇਸ ਪਿੱਛੋਂ ਉਸ ਨੇ ਸੁਰਿੰਦਰਾ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਗੰਗਾਨਗਰ ਤੋਂ ਬੀਡੀਐਸ ਦਾ ਕੋਰਸ ਮੁਕੰਮਲ ਕੀਤਾ ਅਤੇ ਹੁਣ ਉਹ ਐਮ ਡੀ ਐਸ ਪੂਰੀ ਕਰਨ ’ਚ ਜੁਟੀ ਹੋਈ ਹੈ। ਅਜੋਕੇ ਦੌਰ ’ਚ ਜਦੋਂ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਭੂਤ ਚਿੰਬੜਿਆ ਹੋਇਆ ਹੈ ਤਾਂ ਸਾਕਸ਼ੀ ਹਮੇਸ਼ਾ ਇਸ ਤੋਂ ਦੂਰ ਰਹੀ ਹੈ।
ਸਾਕਸ਼ੀ ਦੇ ਤਾਇਆ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਪ੍ਰੀਵਾਰ ਦੇ ਕਾਰੋਬਾਰੀ ਰੁਝੇਵਿਆਂ ਦੇ ਬਾਵਜੂਦ ਸਾਕਸ਼ੀ ਨੇ ‘ ਹਿੰਮਤੇ ਮਰਦਾਂ ਮੱਦਦੇ ਖੁਦਾ’ ਨੂੰ ਹਥਿਆਰ ਬਣਾਇਆ ਜੋ ਉਸ ਦੀ ਸਫਲਤਾ ਦੇ ਬੂਹੇ ਖੋਹਲਣ ’ਚ ਸਹਾਈ ਹੋਇਆ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਉਸ ਦੀਆਂ ਅੱਖਾਂ ’ਚ ਸੁਪਨਾ, ਹੱਥਾਂ ਵਿੱਚ ਹੁਨਰ ਤੇ ਮਨ ਵਿਚ ਜੋਸ਼ ਸੀ ਜਿਸ ਨੂੰ ਉਸ ਨੇ ਖੰਭ ਲਾਉਣ ’ਚ ਕਸਰ ਬਾਕੀ ਨਹੀਂ ਛੱਡੀ ਹੈ। ਚਾਚਾ ਹਰਸ਼ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਸਿਰੜ ਨੇ ਹੌਂਸਲੇ ਦੀ ਉਡਾਨ ਭਰੀ ਤਾਂ ਹੁਣ ਸਾਕਸ਼ੀ ਇੰਡੀਅਨ ਰਿਕਾਰਡ ਹੋਲਡਰ ਹੈ। ਉਨ੍ਹਾਂ ਕਿਹਾ ਕਿ ਸਾਕਸ਼ੀ ਦਾ ਸਫਰ ਅਜੇ ਖਤਮ ਨਹੀਂ ਹੋਇਆ ਅਤੇ ਉਸ ਨੇ ਖੁਦ ਨੂੰ ਅਗਲੇ ਇਮਤਿਹਾਨਾਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਲਈ ਕਿੰਨੇ ਮਾਣ ਸਨਮਾਨ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀਅ ਦਾ ਡੰਕਾ ਕੌਮੀ ਪੱਧਰ ’ਤੇ ਵੱਜਿਆ ਹੈ।
ਧੀਆਂ ਬੋਝ ਨਹੀਂ- ਸੁਨੀਲ
ਸਾਕਸ਼ੀ ਦੇ ਪਿਤਾ ਸੁਨੀਲ ਕੁਮਾਰ ਗੋਗੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੀ ਧੀਅ ਦੀ ਸਫਲਤ ਪ੍ਰਤੀ ਫਖਰ ਹੈ ਜਿਸ ਨੇ ਮਰੀਜਾਂ ਲਈ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਬੇਟੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ’ ਅਤੇ ਜਿਹੜੇ ਲੋਕ ਉਨ੍ਹਾਂ ਨੂੰ ਬੋਝ ਸਮਝਦੇ ਹਨ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਧੀਅ ਹੀ ਹੈ ਜਿਸ ਸਦਕਾ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਮੁੰਡਿਆਂ ਨੂੰ ਘੱਟ ਨਹੀਂ ਜਿਸ ਨੂੰ ਸਾਕਸ਼ੀ ਨੇ ਸੱਚ ਕਰ ਦਿਖਾਇਆ ਹੈ।
.jpg)
ਧੀਆਂ ਲਈ ਰਾਹ ਦਸੇਰਾ
‘ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ‘ਸ਼ੈਰੀ’ ਆਖਦੇ ਹਨ ਹੈ ਕਿ ਕੁੜੀਆਂ ਦਾ ਕੰਮ ਇਕੱਲਾ ਘਰ ਵਸਾਉਣਾ ਨਹੀਂ ਹੁੰਦਾ ਬਲਕਿ ਕੁੱਝ ਕਰਕੇ ਦਿਖਾਉਣ ਦੀ ਭਾਵਨਾ ਹੋਣੀ ਚਾਹੀਦੀ ਹੈ ਜੋ ਸਾਕਸ਼ੀ ਨੇ ਸਖਤ ਮਿਹਨਤ ਸਦਕਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸਾਕਸ਼ੀ ਦੀ ਇਸ ਪ੍ਰਾਪਤੀ ਨਾਲ ਨਵੇਂ ਪੋਚ ਖਾਸ ਤੌਰ ’ਤੇ ਧੀਆਂ ਨੂੰ ਚੰਗਾ ਰਾਹ ਦਿਖੇਗਾ। ਉਨ੍ਹਾਂ ਕਿਹਾ ਕਿ ਜੇ ਇੱਕ ਕਾਰੋਬਾਰੀ ਪ੍ਰੀਵਾਰ ਦੀ ਲੜਕੀ ਏਦਾਂ ਸਫਲਤਾ ਹਾਸਲ ਕਰ ਸਕਦੀ ਹੈ ਤਾਂ ਬਾਕੀ ਬੱਚਿਆਂ ਨੂੰ ਵੀ ਇਸ ਰਸਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਸਾਕਸ਼ੀ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਅਤੇ ਪ੍ਰੀਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।
Click to Follow Babushahi Facebook page →