ਪ੍ਰੈਸ ਕਾਨਫਰੰਸ ਦੌਰਾਨ ਵਿਜੈ ਇੰਦਰ ਸਿੰਗਲਾ ਅਤੇ ਹੋਰ
ਦੀਦਾਰ ਗੁਰਨਾ
ਮਾਨਸਾ, 20 ਅਪ੍ਰੈਲ 2026 : ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਮਹਿਲਾ ਰਾਖਵਾਂਕਰਨ ਬਿਲ ਦੇ ਮਾਮਲੇ ਵਿੱਚ ਦੇਸ਼ ਦੀਆਂ ਔਰਤਾਂ ਅਤੇ ਜਨਤਾ ਨੂੰ ਜਾਨਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ , ਮਾਨਸਾ ਵਿੱਚ ਹੋਈ ਇੱਕ ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਮਹਿਲਾਵਾਂ ਦੇ ਹੱਕਾਂ ਦੇ ਨਾਂ ‘ਤੇ ਸਿਆਸੀ ਡਰਾਮਾ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਉਹਨਾਂ ਨੂੰ ਨਿਆਂ ਦੇਣ ਦੀ ਕੋਈ ਨੀਅਤ ਨਹੀਂ ਦਿਖਾ ਰਹੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਦੇ ਅਧਿਕਾਰਾਂ ਲਈ ਖੜੀ ਰਹੀ ਹੈ ਅਤੇ 2023 ਵਿੱਚ ਪਾਰਲੀਮੈਂਟ ਵਿੱਚ ਮਹਿਲਾ ਰਾਖਵਾਂਕਰਨ ਬਿਲ ਦਾ ਸਮਰਥਨ ਕਰਕੇ ਇਸ ਨੂੰ ਪਾਸ ਕਰਵਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ , ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੇ ਹਰ ਮੈਂਬਰ ਨੇ ਇਸ ਬਿਲ ਦੇ ਹੱਕ ਵਿੱਚ ਵੋਟ ਪਾਈ ਸੀ, ਜਿਸ ਨਾਲ ਇਹ ਕਾਨੂੰਨ ਬਣ ਸਕਿਆ , ਪਰ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਜਪਾ ਸਰਕਾਰ ਨੇ ਇਸਦੀ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਲਟਕਾ ਦਿੱਤਾ ਹੈ
ਸਿੰਗਲਾ ਨੇ ਕਿਹਾ ਕਿ ਪਿਛਲੇ ਲਗਭਗ 30 ਮਹੀਨਿਆਂ ਤੋਂ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਢੰਗ ਦੀ ਕਾਰਵਾਈ ਕੀਤੀ ਗਈ ਹੈ। “ਇਹ ਸਾਫ਼ ਦਰਸਾਉਂਦਾ ਹੈ ਕਿ ਭਾਜਪਾ ਦੀ ਮਹਿਲਾਵਾਂ ਪ੍ਰਤੀ ਵਚਨਬੱਧਤਾ ਸਿਰਫ਼ ਬੋਲੀਆਂ ਤੱਕ ਸੀਮਿਤ ਹੈ,” ਉਨ੍ਹਾਂ ਨੇ ਕਿਹਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਸੰਵਿਧਾਨਕ ਜਾਂ ਪ੍ਰਸ਼ਾਸਕੀ ਰੁਕਾਵਟ ਨਹੀਂ ਹੈ, ਸਗੋਂ ਇਹ ਸਿਰਫ਼ ਸਿਆਸੀ ਇਰਾਦੇ ਦੀ ਕਮੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਬਿਆਨਾਂ ‘ਤੇ ਵੀ ਨਿਸ਼ਾਨਾ ਸਾਧਿਆ, ਜਿਨ੍ਹਾਂ ਵਿੱਚ ਮੋਦੀ ਵੱਲੋਂ ਕਾਂਗਰਸ ‘ਤੇ ਮਹਿਲਾ ਬਿਲ ਦਾ ਵਿਰੋਧ ਕਰਨ ਦੇ ਦੋਸ਼ ਲਗਾਏ ਗਏ ਸਨ। ਸਿੰਗਲਾ ਨੇ ਇਸ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਮਹਿਲਾ ਰਾਖਵਾਂਕਰਨ ਦਾ ਵਿਰੋਧ ਨਹੀਂ ਕੀਤਾ, ਬਲਕਿ ਉਸਨੇ ਸਿਰਫ਼ ਉਹਨਾਂ ਪ੍ਰਸਤਾਵਾਂ ਦਾ ਵਿਰੋਧ ਕੀਤਾ ਜੋ ਇਸ ਬਿਲ ਦੇ ਅਸਲ ਮਕਸਦ ਨੂੰ ਕਮਜ਼ੋਰ ਕਰਦੇ ਸਨ। “ਕਾਂਗਰਸ ਨੇ ਧੋਖਾਧੜੀ ਵਾਲੀ ਰਾਜਨੀਤੀ ਦਾ ਵਿਰੋਧ ਕੀਤਾ ਹੈ, ਮਹਿਲਾਵਾਂ ਦੇ ਹੱਕਾਂ ਦਾ ਨਹੀਂ,” ਉਨ੍ਹਾਂ ਨੇ ਸਪਸ਼ਟ ਕੀਤਾ
ਸਿੰਗਲਾ ਨੇ ਭਾਜਪਾ ‘ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਮਹਿਲਾ ਰਾਖਵਾਂਕਰਨ ਬਿਲ ਦੇ ਨਾਲ ਹੋਰ ਕਈ ਅਜਿਹੇ ਬਿਲ ਜੋੜ ਰਹੀ ਹੈ ਜੋ ਅਸਲ ਮਸਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਮਿਲੇ-ਜੁਲੇ ਬਿਲਾਂ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਮਹਿਲਾਵਾਂ ਦੇ ਹੱਕਾਂ ਨਾਲ ਨਿਆਂ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਮਹਿਲਾ ਵਿਰੋਧੀ ਹੈ, ਜੋ ਕਿ ਸਿਰਫ਼ ਝੂਠ ਅਤੇ ਭਰਮ ਫੈਲਾਉਣ ਦੀ ਕੋਸ਼ਿਸ਼ ਹੈ। “ਜੇਕਰ ਕਾਂਗਰਸ ਦਾ ਇਤਿਹਾਸ ਵੇਖਿਆ ਜਾਵੇ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਪਾਰਟੀ ਨੇ ਹਮੇਸ਼ਾ ਮਹਿਲਾਵਾਂ ਨੂੰ ਅੱਗੇ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਕਈ ਇਤਿਹਾਸਕ ਫੈਸਲੇ ਕੀਤੇ ਹਨ,” ਸਿੰਗਲਾ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮਹਿਲਾਵਾਂ ਖ਼ਿਲਾਫ਼ ਹੋ ਰਹੀਆਂ ਹਿੰਸਕ ਘਟਨਾਵਾਂ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਬਲਾਤਕਾਰ, ਛੇੜਛਾੜ ਅਤੇ ਤਸ਼ੱਦਦ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪ੍ਰਧਾਨ ਮੰਤਰੀ ਇਸ ਮਾਮਲੇ ‘ਤੇ ਚੁੱਪੀ ਸਾਧੇ ਹੋਏ ਹਨ। “ਜਦੋਂ ਮਹਿਲਾਵਾਂ ਨਾਲ ਅਨਿਆਇ ਹੁੰਦਾ ਹੈ, ਤਦ ਮੋਦੀ ਜੀ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਉਂਦੀ, ਪਰ ਚੋਣੀ ਮੰਚਾਂ ‘ਤੇ ਉਹ ਮਹਿਲਾਵਾਂ ਦੇ ਹਮਦਰਦ ਬਣਨ ਦੀ ਕੋਸ਼ਿਸ਼ ਕਰਦੇ ਹਨ,” ਉਨ੍ਹਾਂ ਨੇ ਤਿੱਖਾ ਟਿੱਪਣੀ ਕੀਤੀ। ਸਿੰਗਲਾ ਨੇ ਕਿਹਾ ਕਿ ਕਾਂਗਰਸ ਲਗਾਤਾਰ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਅਤੇ ਭਾਜਪਾ ਨੂੰ ਇਸ ਮਾਮਲੇ ਵਿੱਚ ਸਪਸ਼ਟ ਸਥਿਤੀ ਦੱਸਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਸੱਚਮੁੱਚ ਮਹਿਲਾਵਾਂ ਦੇ ਹੱਕ ਵਿੱਚ ਹੈ ਤਾਂ ਉਸਨੂੰ ਬਿਨਾਂ ਕਿਸੇ ਦੇਰੀ ਦੇ ਇਸ ਕਾਨੂੰਨ ਨੂੰ ਲਾਗੂ ਕਰਨਾ ਚਾਹੀਦਾ ਹੈ। ਰਾਜਨੀਤਿਕ ਭਵਿੱਖ ਬਾਰੇ ਗੱਲ ਕਰਦਿਆਂ ਸਿੰਗਲਾ ਨੇ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਅਤੇ ਹੋਰ ਪਾਰਟੀਆਂ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਕਾਂਗਰਸ ਵੱਲ ਮੁੜ ਰਹੇ ਹਨ। “ਵੱਡੇ ਬਹੁਮਤ ਨਾਲ ਕਾਂਗਰਸ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਇਕ ਸਥਿਰ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦਿੱਤਾ ਜਾਵੇਗਾ,” ਉਨ੍ਹਾਂ ਨੇ ਕਿਹਾ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਾਂਗਰਸ ਵਿਰੋਧੀ ਪ੍ਰਚਾਰ ਦੇ ਖ਼ਿਲਾਫ਼ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਸੱਚਾਈ ਨਾਲ ਜਾਣੂ ਕਰਵਾਇਆ ਜਾਵੇਗਾ। “ਭਾਜਪਾ ਦੇ ਝੂਠ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕੌਣ ਸੱਚਮੁੱਚ ਮਹਿਲਾਵਾਂ ਦੇ ਹੱਕ ਵਿੱਚ ਖੜਾ ਹੈ,” ਉਨ੍ਹਾਂ ਨੇ ਕਿਹਾ।ਉਨ੍ਹਾਂ ਨੇ ਕਾਂਗਰਸ ਵਿੱਚ ਏਕਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਦੇ ਸਾਰੇ ਨੇਤਾ ਅਤੇ ਵਰਕਰ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰਣਗੇ ਅਤੇ ਲੋਕਾਂ ਤੱਕ ਪਾਰਟੀ ਦੀ ਵਿਚਾਰਧਾਰਾ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਪੱਖੀ ਹਵਾ ਬਣ ਰਹੀ ਹੈ, ਜਿਸ ਕਾਰਨ ਭਾਜਪਾ ਘਬਰਾਈ ਹੋਈ ਹੈ ਅਤੇ ਅਜਿਹੇ ਹਥਕੰਡੇ ਅਪਣਾ ਰਹੀ ਹੈ ਜੋ ਸਮਾਜ ਵਿੱਚ ਅੰਧਵਿਸ਼ਵਾਸ ਅਤੇ ਗੁੰਮਰਾਹੀ ਪੈਦਾ ਕਰਦੇ ਹਨ
ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਬਲਕੌਰ ਸਿੰਘ ਮੂਸਾ, ਬਿਕਰਮਜੀਤ ਸਿੰਘ ਮੋਫ਼ਰ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜੀਆ, ਬਲਵੀਰ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਵਿੱਕੀ ਨੰਗਲ, ਪ੍ਰਿਤਪਾਲ ਸਿੰਘ ਡਾਲੀ, ਮਨਜੀਤ ਸਿੰਘ ਰਾਣਾ, ਮੱਖਣ ਸਿੰਘ ਭੱਠਲ, ਸੱਤਪਾਲ ਵਰਮਾ, ਹਰਪ੍ਰੀਤ ਸਿੰਘ ਪਿਆਰੀ, ਸਤਗੁਰ ਸਿੰਘ ਜਲਵੇੜਾ ,ਮੱਖਣ ਲਾਲ ਸ਼ਰਮਾ ਦਫ਼ਤਰ ਇੰਚਾਰਜ , ਸਵਰਨ ਸਿੰਘ ਖੁਡਾਲ, ਨਵੀਨ ਕਾਲਾ, ਸਵੀਟੀ ਐਮਸੀ ਚਾਹਲ , ਸੱਤਪਾਲ ਸਿੰਘ ਮੂਲੇਵਾਲਾ, ਚਮਕੌਰ ਮੂਸਾ ਬੀਰੇਂਦਰ ਸਿੰਘ ਧਾਲੀਵਾਲ ਵਿਨੋਦ ਸਿੰਗਲਾ ਭੀਖੀ ਮਨੋਜ ਸਿੰਗਲਾ ਰੋਕੀ ਗੁਰਸ਼ਰਨ ਮਾਖਾ ਸਿਮਰਨਜੀਤ ਸਿੰਘ ਮਨਸ਼ੀਆ ਆਦਿ ਸ਼ਾਮਲ ਸਨ।
ਅਖੀਰ ਵਿੱਚ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਮਹਿਲਾਵਾਂ ਦੇ ਹੱਕਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਮਹਿਲਾਵਾਂ ਨੂੰ ਪੂਰਾ ਸਨਮਾਨ ਅਤੇ ਹੱਕ ਦਿੱਤੇ ਜਾਣ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
Click to Follow Babushahi Facebook page →