ਹੁਨਰ ਸਿੱਖਿਆ ਦੇ ਤਹਿਤ ਲੱਗੇ ਆਊਟਸੋਰਸ ਅਧਿਆਪਕਾਂ ਨੂੰ ਨਹੀਂ ਮਿਲੀ ਮਾਰਚ ਮਹੀਨੇ ਦੀ ਤਨਖਾਹ
ਸਰਕਾਰ ਬਿਨਾਂ ਸ਼ਰਤ ਇਹਨਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰੇ-ਜਸਵਿੰਦਰ ਸਿੰਘ ਸਮਾਣਾ
ਬਿਨਾਂ ਤਨਖਾਹਾਂ ਤੋਂ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਦੀ ਚਾਹਵਾਨ -ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 18 ਅਪ੍ਰੈਲ 2026: ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਮੁਲਾਜ਼ਮ ਆਪਣੀਆਂ ਤਨਖਾਹਾਂ ਧਰਨੇ ਮੁਜ਼ਾਹਰੇ ਕਰਕੇ ਹੀ ਲੈਣ ਯੋਗ ਹੋ ਰਹੇ ਹਨ । ਮੁਲਾਜ਼ਮਾਂ ਦਾ 16% ਡੀਏ, ਪੇ ਕਮਿਸ਼ਨ ਦਾ ਬਕਾਇਆ ਪੁਰਾਣੀ ਪੈਨਸ਼ਨ ਇਹ ਸਾਰੇ ਸਰਕਾਰ ਵੱਲੋਂ ਕੀਤੇ ਵਾਅਦੇ ਹੁਣ ਤੱਕ ਧਰੇ ਧਰਾਏ ਰਹਿ ਗਏ ਹਨ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਹੁਨਰ ਸਿੱਖਿਆ ਦੇ ਤਹਿਤ ਆਊਟਸੋਰਸ ਅਧਿਆਪਕਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਮੁਲਾਜ਼ਮਾਂ ਲਈ ਬਹੁਤ ਅਹਿਮ ਮਹੀਨਾ ਹੁੰਦਾ ਹੈ। ਇਹਨਾਂ ਮਹੀਨਿਆਂ ਵਿੱਚ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਦਾਖਲੇ, ਬੱਚਿਆਂ ਦੀ ਵਰਦੀ ਦੀ ਖਰੀਦ,ਕਣਕ ਖਰੀਦਣੀ, ਇਨਕਮ ਟੈਕਸ ਰਿਟਰਨਾਂ ਦੇ ਬਕਾਏ ਆਦਿ ਕਈ ਖਰਚੇ ਹੁੰਦੇ ਹਨ । ਇਸ ਦੇ ਨਾਲ ਹੀ ਵੱਧਦੀ ਮਹਿੰਗਾਈ ਕਰਕੇ ਵੀ ਇਨੀ ਘੱਟ ਤਨਖਾਹ ਵਿੱਚ ਵੀ ਆਮ ਆਦਮੀ ਦਾ ਗੁਜ਼ਾਰਾ ਬਹੁਤ ਔਖਾ ਹੈ। ਪਰ ਸਰਕਾਰ ਬਿਲਕੁਲ ਹੀ ਮੁਲਾਜ਼ਮ ਵਿਰੋਧੀ ਸਾਬਤ ਹੋ ਰਹੀ ਹੈ। ਸਰਕਾਰ ਬਿਨਾਂ ਤਨਖਾਹ ਦਿੱਤੇ ਅਧਿਆਪਕਾਂ ਤੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਚੱਕਰਾਂ ਵਿੱਚ ਹੈ । ਉਹਨਾਂ ਕਿਹਾ ਕਿ ਹੁਣ ਤੱਕ ਇਹ ਸਿੱਖਿਆ ਕ੍ਰਾਂਤੀ ਝੂਠੀ ਫਰਜ਼ੀ ਤੇ ਇਸ਼ਤਿਹਾਰੀ ਸਿੱਖਿਆ ਕ੍ਰਾਂਤੀ ਸਾਬਤ ਹੋਈ ਹੈ ਆਗੂਆਂ ਨੇ ਕਿਹਾ ਕਿ ਜੇਕਰ ਇਹਨਾਂ ਅਧਿਆਪਕ ਮੁਲਾਜ਼ਮਾਂ ਨੂੰ ਛੇਤੀ ਤਨਖਾਹ ਨਾ ਦਿੱਤੀ ਗਈ ਤਾਂ ਸਰਕਾਰ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਅਧਿਆਪਕ ਵੱਡੇ ਸੰਘਰਸ਼ ਉਲੀਕਣਗੇ।ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ, ਹੁਨਰ ਸਿੱਖਿਆ ਤਹਿਤ ਲੱਗੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਗੌਰਵ ਤੇ ਸੁਮਿਤ ਸਾਥੀ ਵੀ ਹਾਜ਼ਰ ਰਹੇ।
Click to Follow Babushahi Facebook page →