ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅੰਦਰ ਮੁੰਡੇ- ਕੁੜੀਆਂ ਦੇ ਲਿੰਗ ਅਨੁਪਾਤ 'ਚ ਕਾਫੀ ਸੁਧਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਾਰਚ 2026: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਨੇ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ ਵਿੱਚ ਕਾਫ਼ੀ ਸੁਧਾਰ ਕੀਤਾ ਹੈ।
ਇਸ ਸਬੰਧੀ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਲ 2025-26 ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚ ਕਾਫੀ ਸੁਧਾਰ ਦਰਜ ਕੀਤਾ ਗਿਆ। ਇਸ ਸਮੇਂ ਦੌਰਾਨ ਜ਼ਿਲ੍ਹੇ ਵਿੱਚ ਮੁੰਡੇ-ਕੁੜੀਆਂ ਦਾ ਲਿੰਗ ਅਨੁਪਾਤ (ਜਨਮ ਦੇ ਸਮੇਂ) ਸੁਧਰ ਕੇ 1000 ਮੁੰਡਿਆਂ ਪਿੱਛੇ 935 ਕੁੜੀਆਂ ਦਰਜ ਕੀਤਾ ਗਿਆ। ਇਹ ਅੰਕੜਾ ਸੂਬਾਈ ਔਸਤ ਤੋਂ ਵੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਰੋਕਣ ਲਈ ਵਿਸ਼ੇਸ਼ ਤੌਰ 'ਤੇ ਦੋ ਜਾਂ ਤਿੰਨ ਜੀਵਤ ਧੀਆਂ ਵਾਲੇ ਜੋੜਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਸਿਹਤ ਵਿਭਾਗ ਨੂੰ ਪਤਾ ਲੱਗ ਸਕੇ ਅਤੇ ਗਰਭਪਾਤ ਜਿਹੇ ਗ਼ੈਰ-ਕਾਨੂੰਨੀ ਅਮਲ ਨੂੰ ਠੱਲ੍ਹ ਪਾਈ ਜਾ ਸਕੇ।
ਡਾ. ਸਿੰਘ ਨੇ ਦੱਸਿਆ ਕਿ ਲਿੰਗ ਨਿਰਧਾਰਤ ਟੈਸਟਾਂ ਨੂੰ ਰੋਕਣ ਲਈ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਲਾਗੂ ਕਰਨ, ਟ੍ਰੈਕਿੰਗ ਸਿਸਟਮ ਵਿੱਚ ਲਿਆਉਣ ਲਈ ਪਹਿਲੀ ਤਿਮਾਹੀ ਵਿੱਚ ਗਰਭਵਤੀ ਔਰਤ ਨੂੰ ਰਜਿਸਟ੍ਰਡ ਕਰਨ, ਧੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਮੁਫ਼ਤ ਇਲਾਜ ਵਰਗੀਆਂ ਸਿਹਤ ਸਕੀਮਾਂ ਦਾ ਜਮੀਨੀ ਪੱਧਰ ਤੱਕ ਫਾਇਦਾ ਪਹੁੰਚਾਉਣ, ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਜਨ-ਜਾਗਰੂਕਤਾ ਅੰਦੋਲਨ ਵਿੱਢਣ, ਪੀ.ਸੀ.ਪੀ.ਐਨ.ਡੀ.ਟੀ. ਅਧੀਨ ਧੀਆਂ ਦੀ ਲੋਹੜੀ ਪਾਉਣ, ਨਵਰਾਤਰਿਆਂ ਵਿੱਚ ਤੋਹਫੇ ਦੇ ਕੇ ਧੀਆਂ ਨੂੰ ਸਨਮਾਨਿਤ ਕਰਨ, ਧੀਆਂ ਨੂੰ ਬਚਾਉਣ ਲਈ
ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਤੇ ਜ਼ਿਲ੍ਹਾ ਨਿਵਾਸੀਆਂ ਦੇ ਸਿਹਤ ਵਿਭਾਗ ਦੇ ਹਰ ਉਪਰਾਲੇ ਵਿੱਚ ਭਰਪੂਰ ਸਹਿਯੋਗ ਸਦਕਾ ਜਨਮ ਦੇ ਸਮੇਂ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚਲਾ ਅੰਤਰ ਕਾਫੀ ਹੱਦ ਤੱਕ ਘਟਿਆ ਹੈ।
ਇਸ ਪ੍ਰਾਪਤੀ ’ਤੇ ਮਾਣਯੋਗ ਸਿਵਲ ਸਰਜਨ-ਕਮ-ਚੇਅਰਮੈਨ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਸਟਾਫ ਸਣੇ ਭਾਈਵਾਲ ਵਿਭਾਗਾਂ, ਗੈਰ-ਸਰਕਾਰੀ ਸੰਗਠਨਾਂ ਤੇ ਜ਼ਿਲ੍ਹਾ ਨਿਵਾਸੀਆਂ ਦੇ ਭਰਪੂਰ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲਿੰਗ ਅਨੁਪਾਤ 'ਚ ਸੁਧਾਰ ਦੇ ਮਾਮਲੇ ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਸਫ਼ਲ ਕਹਾਣੀ ਹੋਰਨਾਂ ਲਈ ਮਿਸਾਲ ਬਣੇਗੀ।
ਸਿਵਲ ਸਰਜਨ ਨੇ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਸਾਂਝੇ ਉੱਦਮਾਂ ਨਾਲ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਨਿਰੰਤਰ ਕੀਤੀ ਜਾ ਰਹੀ ਨਿਗਰਾਨੀ ਰੰਗ ਲਿਆਈ ਹੈ।
ਡਾ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਕੰਨਿਆ ਭਰੂਣ ਹੱਤਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਈ ਸਖ਼ਤ ਕਦਮ ਚੁੱਕ ਰਿਹਾ ਹੈ। ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਆਪਣੇ ਭਾਈਵਾਲ ਵਿਭਾਗਾਂ, ਗੈਰ-ਸਰਕਾਰੀ ਸੰਗਠਨਾਂ ਤੇ ਜ਼ਿਲ੍ਹਾ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਸਮੇਂ-ਸਮੇਂ ’ਤੇ ਆਈ.ਈ.ਸੀ. ਦੀਆਂ ਗਤੀਵਿਧੀਆਂ ਵੀ ਕਰ ਰਿਹਾ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਲੜਕੀ ਪ੍ਰਤੀ ਕੋਈ ਵੀ ਪੱਖਪਾਤ ਨਾ ਹੋਵੇ। ਸਿਹਤ ਵਿਭਾਗ ਪੀਸੀ-ਪੀਐਨਡੀਟੀ ਐਕਟ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਸਟਿੰਗ ਆਪ੍ਰੇਸਨ ਕਰਨ ਵਰਗੇ ਸਖਤ ਕਦਮ ਚੁੱਕ ਰਿਹਾ ਹੈ ਅਤੇ ਸਟੇਟ ਪੱਧਰ ਦੇ ਸਿਹਤ ਅਧਿਕਾਰੀ ਸਕੈਨ ਸੈਂਟਰਾਂ ’ਤੇ ਜ਼ਿਲ੍ਹਾ ਐਪਰੋਪਰਿਏਟ ਅਥਾਰਟੀ (ਡੀ ਏ ਏ) ਰਾਹੀਂ ਨਿਯਮਤ ਤੌਰ ’ਤੇ ਜਾਂਚ ਕਰਕੇ ਉਨ੍ਹਾਂ ’ਤੇ ਨਜਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਐਕਟ ਦੀਆਂ ਧਾਰਾਵਾਂ ਅਨੁਸਾਰ ਅਲਟਰਾਸਾਊਂਡ ਸੈਂਟਰਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵਾਂਸ਼ਹਿਰ ਸੂਬੇ ਦੇ ਉਨ੍ਹਾਂ ਕੁਝ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜਿੱਥੇ ਹਰ ਮਹੀਨੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਚੈੱਕਿੰਗ ਦੇ ਟੀਚੇ ਨੂੰ 100 ਫੀਸਦ ਮੁਕੰਮਲ ਕੀਤਾ ਜਾਂਦਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ, ਬਲਾਕ, ਜ਼ਿਲ੍ਹਾ ਪੱਧਰ ’ਤੇ ਕਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੜਕੀਆਂ ਦੀਆਂ ਪ੍ਰਾਪਤੀਆਂ ਨੂੰ ਦਿਖਾਇਆ ਜਾਂਦਾ ਰਿਹਾ ਹੈ ਤਾਂ ਜੋ ਲੜਕੀਆਂ ਪ੍ਰਤੀ ਸਮਾਜ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਣ ਦਿਵਾਇਆ ਜਾ ਸਕੇ।
ਇਸ ਸਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਆਪਣੇ ਸੁਨੇਹੇ ਵਿਚ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿਚ ਕੋਈ ਫਰਕ ਨਹੀਂ ਹੈ ਅਤੇ ਸਮਾਜ ਦੀ ਸੋਚ ਵਿਚ ਵੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਅੱਜ ਸਮਾਜ ਵਿਚ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਕੰਨਿਆ ਭਰੂਣ ਹੱਤਿਆ ਦੇ ਕਲੰਕ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲਈਏ। ਧੀਆਂ ਨੂੰ ਵੀ ਜਨਮ, ਵਧੀਆ ਸਿੱਖਿਆ, ਸਿਹਤ ਸੰਭਾਲ ਤੇ ਪੌਸ਼ਟਿਕ ਖੁਰਾਕ ਦਾ ਅਧਿਕਾਰ ਹੈ। ਇਸ ਲਈ ਸਾਡੀ ਇਹ ਜ਼ਿੰਮੇਵਾਰੀ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਧੀਆਂ ਨੂੰ ਜਨਮ ਲੈਣ ਦਾ ਅਧਿਕਾਰ ਦੇਈਏ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਨਿਧਾਰਣ ਟੈਸਟ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਦਰਜ ਹੋਣ 'ਤੇ ਫਰਜ਼ੀ ਮਰੀਜ਼ ਨੂੰ 1 ਲੱਖ ਰੁਪਏ ਤੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ।
Click to Follow Babushahi Facebook page →