ਲੁਧਿਆਣਾ ਦੀਆਂ ਸੜਕਾਂ 'ਤੇ ਨਜਾਇਜ ਕਬਜ਼ਿਆਂ ਦਾ ਜਾਲ! ਨਗਰ ਨਿਗਮ ਨੇ ਕਾਰਵਾਈ ਦੀ ਦਿੱਤੀ ਚੇਤਾਵਨੀ
ਸੁਖਮਿੰਦਰ ਭੰਗੂ
ਲੁਧਿਆਣਾ (21 ਮਾਰਚ, 2026)
ਉਦਯੋਗਿਕ ਨਗਰੀ ਲੁਧਿਆਣਾ ਵਿੱਚ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਜਨਤਕ ਸੜਕਾਂ ਨੂੰ 'ਨਿੱਜੀ ਜਾਗੀਰ' ਬਣਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਪੌਸ਼ ਇਲਾਕਿਆਂ ਵਿੱਚ ਨਗਰ ਨਿਗਮ (MCL) ਦੀ ਕਥਿਤ ਮਿਲੀਭੁਗਤ ਨਾਲ ਗੈਰ-ਕਾਨੂੰਨੀ ਤੌਰ 'ਤੇ ਪੱਕੇ ਗੇਟ ਲਗਾ ਕੇ ਆਮ ਜਨਤਾ ਦੇ ਮੌਲਿਕ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਸਰਕਾਰੀ ਹੁਕਮਾਂ ਦਾ ਨਹੀਂ ਕੋਈ ਖ਼ੌਫ਼
ਨਿਯਮਾਂ ਅਨੁਸਾਰ, MCL ਕਮਿਸ਼ਨਰ ਅਤੇ ਡਿਵੀਜ਼ਨਲ ਕਮਿਸ਼ਨਰ ਦੇ ਸਪੱਸ਼ਟ ਆਦੇਸ਼ ਹਨ ਕਿ ਗਲੀਆਂ ਵਿੱਚ ਲੱਗੇ ਗੇਟ ਸਿਰਫ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਸੁਰੱਖਿਆ ਦੇ ਮਕਸਦ ਲਈ ਬੰਦ ਕੀਤੇ ਜਾ ਸਕਦੇ ਹਨ, ਬਸ਼ਰਤੇ ਉੱਥੇ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਹੋਵੇ। ਪਰ ਹਕੀਕਤ ਇਹ ਹੈ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਗੇਟ 24 ਘੰਟੇ ਬੰਦ ਰਹਿੰਦੇ ਹਨ ਅਤੇ ਕਿਸੇ ਵੀ ਗੇਟ 'ਤੇ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੁੰਦਾ।
ਪ੍ਰਮੁੱਖ ਮਾਮਲੇ ਅਤੇ ਪ੍ਰਭਾਵਿਤ ਇਲਾਕੇ
ਮਾਡਲ ਟਾਊਨ (ਗੁਲਾਟੀ ਚੌਕ)
ਮਾਡਲ ਟਾਊਨ (ਗੁਲਾਟੀ ਚੌਕ) ਮੇਨ ਮਾਰਕੀਟ ਦੇ ਬਿਲਕੁਲ ਨੇੜੇ ਗਲੀ 'ਤੇ ਹੀ ਗੇਟ ਲਗਾ ਕੇ ਰਸਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨੇੜੇ ਸਕੂਲ, ਕਾਲਜ ਅਤੇ ਹਸਪਤਾਲ ਹੋਣ ਕਾਰਨ ਬੱਚਿਆਂ ਅਤੇ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
SBS ਨਗਰ (ਪੱਖੋਵਾਲ ਰੋਡ)
ਈ-ਬਲਾਕ ਦੇ ਦੋ ਗੇਟ ਪੱਕੇ ਤੌਰ 'ਤੇ ਬੰਦ ਕਰਕੇ ਜਨਤਕ ਗਲੀ ਨੂੰ 'ਪ੍ਰਾਈਵੇਟ ਪਾਰਕਿੰਗ' ਵਜੋਂ ਵਰਤਿਆ ਜਾ ਰਿਹਾ ਹੈ।
ਹੋਰ ਇਲਾਕੇ
ਰਾਜਗੁਰੂ ਨਗਰ, ਉਧਮ ਸਿੰਘ ਨਗਰ, ਹੈਬੋਵਾਲ, ਸਿਵਲ ਲਾਈਨਜ਼ ਅਤੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਵੀ ਇਹੀ ਆਲਮ ਹੈ, ਜਿੱਥੇ ਲੋਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਗੇਟ ਲਗਾ ਰਹੇ ਹਨ।
ਸਮਾਜਿਕ ਕਾਰਕੁਨਾਂ ਨੇ ਚੁੱਕੇ ਸਵਾਲ
ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ (PSHRC) ਦੇ ਸਖ਼ਤ ਹੁਕਮਾਂ ਦੇ ਬਾਵਜੂਦ ਨਗਰ ਨਿਗਮ ਅੱਖਾਂ ਅਤੇ ਕੰਨ ਬੰਦ ਕਰਕੇ ਬੈਠਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਮਿਸ਼ਨਰ ਸਾਹਿਬ ਇਸ ਸ਼ਰੇਆਮ ਹੋ ਰਹੀ 'ਜਨਤਕ ਗੁੰਡਾਗਰਦੀ' 'ਤੇ ਕੋਈ ਐਕਸ਼ਨ ਲੈਣਗੇ? "ਸੜਕਾਂ ਸਭ ਦੀ ਸਾਂਝੀ ਜਾਇਦਾਦ ਹਨ, ਕਿਸੇ ਦੀ ਨਿੱਜੀ ਜਾਗੀਰ ਨਹੀਂ। ਇਹ ਗੇਟ ਨਾ ਸਿਰਫ਼ ਟ੍ਰੈਫਿਕ ਜਾਮ ਲਗਾਉਂਦੇ ਹਨ, ਸਗੋਂ ਐਮਰਜੈਂਸੀ ਵੇਲੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਰਸਤਾ ਵੀ ਰੋਕਦੇ ਹਨ।"
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਇਨ੍ਹਾਂ ਗੈਰ-ਕਾਨੂੰਨੀ ਗੇਟਾਂ ਨੂੰ ਹਟਾਏ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ, ਤਾਂ ਜੋ ਆਮ ਲੋਕਾਂ ਦੀ ਆਵਾਜਾਈ ਸੁਖਾਲੀ ਹੋ ਸਕੇ।
ਜਦੋਂ ਇਸ ਬਾਰੇ ਲੁਧਿਆਣਾ ਨਗਰ ਨਿਗਮ ਦੇ ਟਾਊਨ ਪਲੈਨਰ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨੋਟਿਸ ਚ ਇਹ ਗੱਲ ਲਿਆਂਦੀ ਹੈ ਤੇ ਮੈਂ ਜਲਦ ਹੀ ਇਸ ਮੈਟਰ ਨੂੰ ਆਪਣੇ ਅਧਿਕਾਰੀਆਂ ਕਰਮਚਾਰੀਆਂ ਨੂੰ ਪੁੱਛ ਪੜਤਾਲ ਕਰਦਾ ਹਾਂ ਤੇ ਇਸ ਮੈਟਰ ਨੂੰ ਪਹਿਲ ਦੇ ਅਧਾਰ ਤੇ ਦੇਖਦਾ ਹਾਂ।
Click to Follow Babushahi Facebook page →