ਪੰਜਾਬ 'ਚ ਜਨਗਣਨਾ 2026 ਦਾ ਸ਼ਡਿਊਲ ਜਾਰੀ: 15 ਮਈ ਤੋਂ ਸ਼ੁਰੂ ਹੋਵੇਗਾ ਪਹਿਲਾ ਪੜਾਅ; 65,000 ਮੁਲਾਜ਼ਮ ਸੰਭਾਲਣਗੇ ਜ਼ਿੰਮੇਵਾਰੀ
Babushahi Network
ਚੰਡੀਗੜ੍ਹ, 20 ਮਾਰਚ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਜਨਗਣਨਾ (Census) ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਜਨਗਣਨਾ ਡਾ. ਨਵਜੋਤ ਖੋਸਾ ਨੇ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਦੇ ਨਾਲ ਗੱਲਬਾਤ ਕਰਦਿਆਂ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ 'ਚ ਸਾਲ 2026 ਦੀ ਜਨਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ ਤੱਕ ਚੱਲੇਗਾ। ਇਸ 30 ਦਿਨਾਂ ਦੇ ਅਰਸੇ ਦੌਰਾਨ ਗਣਨਾਕਾਰ (Enumerators) ਘਰ-ਘਰ ਜਾ ਕੇ ਅੰਕੜੇ ਇਕੱਠੇ ਕਰਨਗੇ। ਪੰਜਾਬ ਵਿੱਚ ਇਸ ਪ੍ਰਕਿਰਿਆ ਲਈ 4 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਮੁੱਖ ਸਕੱਤਰ (Chief Secretary) ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਇਸ ਪੂਰੇ ਅਮਲ ਦੀ ਨਿਗਰਾਨੀ ਕਰੇਗੀ।
ਪਹਿਲਾ ਪੜਾਅ (Phase 1): ਇਸ ਵਿੱਚ ਮੁੱਖ ਤੌਰ 'ਤੇ 'ਹਾਊਸ ਲਿਸਟਿੰਗ' (ਘਰਾਂ ਦੀ ਸੂਚੀ) ਕੀਤੀ ਜਾਵੇਗੀ। ਇਸ ਦੌਰਾਨ ਘਰ ਦੀ ਹਾਲਤ, ਕਮਰਿਆਂ ਦੀ ਗਿਣਤੀ, ਛੱਤ ਅਤੇ ਕੰਧਾਂ ਦੀ ਕਿਸਮ (ਕੱਚੀ ਜਾਂ ਪੱਕੀ) ਅਤੇ ਪਰਿਵਾਰ ਦੇ ਜੀਆਂ ਦੀ ਗਿਣਤੀ ਬਾਰੇ ਜਾਣਕਾਰੀ ਲਈ ਜਾਵੇਗੀ।
ਦੂਜਾ ਪੜਾਅ (Phase 2): ਦੂਜੇ ਪੜਾਅ ਵਿੱਚ ਲਗਭਗ 34 ਸਵਾਲ ਪੁੱਛੇ ਜਾਣਗੇ। ਡਾ. ਖੋਸਾ ਨੇ ਦੱਸਿਆ ਕਿ ਇਸ ਵਾਰ ਜਾਤੀ ਅਧਾਰਿਤ ਅੰਕੜੇ (Caste Data) ਵੀ ਇਕੱਠੇ ਕੀਤੇ ਜਾਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਇਸ ਕੰਮ ਲਈ ਲਗਭਗ 65,000 ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ। ਇਹ ਸਾਰੇ ਸਟੇਟ ਜਾਂ ਲੋਕਲ ਅਥਾਰਟੀ ਦੇ ਰੈਗੂਲਰ ਮੁਲਾਜ਼ਮ ਹੋਣਗੇ, ਜਿਨ੍ਹਾਂ ਦੀ ਟ੍ਰੇਨਿੰਗ ਜਲਦ ਸ਼ੁਰੂ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਇਹ ਪ੍ਰਕਿਰਿਆ 1 ਮਈ ਤੋਂ 30 ਮਈ ਤੱਕ ਚੱਲੇਗੀ।
ਡਾਟਾ ਦੀ ਸੁਰੱਖਿਆ ਅਤੇ ਪਾਰਦਰਸ਼ਤਾ
ਡਾਟਾ ਦੇ ਮਿਸਯੂਜ਼ (ਗਲਤ ਵਰਤੋਂ) ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ. ਖੋਸਾ ਨੇ ਭਰੋਸਾ ਦਿੱਤਾ ਕਿ, ਲੋਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਇਸ ਨੂੰ 'ਐਨੋਨੀਮਾਈਜ਼' (ਬਿਨਾਂ ਪਛਾਣ ਉਜਾਗਰ ਕੀਤੇ) ਤਰੀਕੇ ਨਾਲ ਪ੍ਰੋਸੈਸ ਕੀਤਾ ਜਾਵੇਗਾ। ਡਾਟਾ ਦੀ ਕਰੌਸ-ਚੈਕਿੰਗ ਲਈ ਰੀਅਲ ਟਾਈਮ ਮੋਨੀਟਰਿੰਗ ਸਿਸਟਮ ਵਰਤਿਆ ਜਾਵੇਗਾ। ਜੇਕਰ ਕਿਤੇ ਕੋਈ ਗੜਬੜ ਲੱਗਦੀ ਹੈ, ਤਾਂ ਤੁਰੰਤ ਅਲਰਟ ਜਾਰੀ ਹੋਣਗੇ। ਜਨਗਣਨਾ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਉਚਿਤ ਮਿਹਨਤਾਨਾ (Honorarium) ਵੀ ਦਿੱਤਾ ਜਾਵੇਗਾ।
ਕੀ ਪੁੱਛਿਆ ਜਾਵੇਗਾ ਅਤੇ ਕੀ ਨਹੀਂ?
ਉਨ੍ਹਾਂ ਸਪੱਸ਼ਟ ਕੀਤਾ ਕਿ ਜਨਗਣਨਾ ਵਿੱਚ ਸਿਰਫ਼ ਰਿਹਾਇਸ਼ੀ ਹਾਲਤ ਅਤੇ ਪਰਿਵਾਰਕ ਮੈਂਬਰਾਂ ਦੀ ਗਿਣਤੀ (ਹੈੱਡ ਕਾਊਂਟ) 'ਤੇ ਧਿਆਨ ਦਿੱਤਾ ਜਾਂਦਾ ਹੈ। ਜ਼ਮੀਨ-ਜਾਇਦਾਦ ਜਾਂ ਨਿੱਜੀ ਪ੍ਰਾਪਰਟੀ ਬਾਰੇ ਵੇਰਵੇ ਨਹੀਂ ਪੁੱਛੇ ਜਾਂਦੇ, ਸਿਰਫ਼ ਇਹ ਪੁੱਛਿਆ ਜਾਂਦਾ ਹੈ ਕਿ ਘਰ ਆਪਣਾ ਹੈ ਜਾਂ ਕਿਰਾਏ ਦਾ।
Click to Follow Babushahi Facebook page →