'ਵਿਸ਼ਵ ਗੁਰੂ' ਤੋਂ ਲੈ ਕੇ ਸਿਲੰਡਰਾਂ ਲਈ ਲਾਈਨਾਂ ਤੱਕ ਦਾ ਸਫ਼ਰ': ਅਮਨ ਅਰੋੜਾ ਨੇ ਕੇਂਦਰ ਸਰਕਾਰ ਦੇ ਦਾਅਵਿਆਂ ਦੀ ਕੱਢੀ ਫੂਕ
*•ਅਰੋੜਾ ਨੇ ਵਿਦੇਸ਼ੀ ਤੇ ਘਰੇਲੂ ਫਰੰਟ ‘ਤੇ 'ਦੋਹਰੀ ਅਸਫਲਤਾ' ਦਾ ਕੀਤਾ ਪਰਦਾਫਾਸ਼; ਅਮਰੀਕੀ ਰਿਫਾਇਨਰੀ ਸੌਦੇ ਦੀ ਤੁਲਨਾ ਭਾਰਤ ਦੇ ਐਲਪੀਜੀ ਸੰਕਟ ਨਾਲ ਕੀਤੀ*
*•ਉਤਪਾਦਨ ਵਿੱਚ ਗਿਰਾਵਟ, ਖਪਤ ਅਤੇ ਆਯਾਤ ਵਧਣ ਨਾਲ 'ਆਤਮਨਿਰਭਰ' ਭੁਲੇਖੇ ਦਾ ਹੋਇਆ ਪਰਦਾਫਾਸ਼: ਅਮਨ ਅਰੋੜਾ*
ਚੰਡੀਗੜ੍ਹ, 12 ਮਾਰਚ:
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਇਸ ਨੂੰ ਵਿਦੇਸ਼ੀ ਅਤੇ ਘਰੇਲੂ ਮਾਮਲਿਆਂ ਵਿੱਚ "ਬਿਲਕੁਲ ਫੇਲ੍ਹ" ਦੱਸਿਆ। ਸਰਕਾਰੀ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਦਰਮਿਆਨ ਸਪੱਸ਼ਟ ਅੰਤਰ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ 'ਵਿਸ਼ਵ ਗੁਰੂ' ਅਤੇ 'ਆਤਮਨਿਰਭਰ' ਬਣਾਉਣ ਦੇ ਦੋਵੇਂ ਵਾਅਦੇ ਖੋਖਲੇ ਸਾਬਤ ਹੋਏ ਹਨ।
ਪੰਜਾਬ ਵਿਧਾਨ ਸਭਾ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪੇਸ਼ ਕੀਤੇ ਗਏ ਨਿੰਦਾ ਮਤੇ ਵਿੱਚ ਹਿੱਸਾ ਲੈਂਦਿਆਂ, ਸ੍ਰੀ ਅਮਨ ਅਰੋੜਾ ਨੇ ਅੱਜ ਦੇ ਅਖ਼ਬਾਰਾਂ ਵਿੱਚ ਕੀਤੇ ਜਾ ਰਹੇ ਵਿਰੋਧ ਵੱਲ ਧਿਆਨ ਦਵਾਇਆ। ਉਨ੍ਹਾਂ ਕਿਹਾ, "ਅਖਬਾਰਾਂ ਵਿੱਚ ਇੱਕ ਪਾਸੇ ਗੈਸ ਏਜੰਸੀਆਂ ਦੇ ਬਾਹਰ ਕਿਲੋਮੀਟਰ ਲੰਬੀਆਂ ਕਤਾਰਾਂ ਲੱਗਣ, ਹਜ਼ਾਰਾਂ ਹੋਟਲਾਂ ਦੇ ਬੰਦ ਹੋਣ ਨੇੜੇ ਪਹੁੰਚਣ, ਅਣਗਿਣਤ ਵਿਆਹ ਰੱਦ ਹੋਣ ਅਤੇ ਸਾਡੀਆਂ ਮਾਵਾਂ-ਭੈਣਾਂ ਦੇ ਆਪਣੀਆਂ ਰਸੋਈਆਂ ਬਾਰੇ ਚਿੰਤਤ ਹੋਣ ਦੀਆਂ ਖਬਰਾਂ ਸਨ। ਇਸ ਦੇ ਬਿਲਕੁਲ ਸਾਹਮਣੇ ਭਾਰਤ ਸਰਕਾਰ ਦੀ 'ਤੁਹਾਡਾ ਘਰ ਸਾਡੀ ਪਹਿਲੀ ਤਰਜੀਹ' ਦੇ ਬੈਨਰ ਹੇਠ ਇੱਕ ਪੂਰੇ ਪੰਨੇ ਦਾ ਇਸ਼ਤਿਹਾਰ ਲੱਗਿਆ ਹੋਇਆ ਸੀ ਜੋ ਮਹਿਜ਼ ਲੋਕਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਜਾਪਦਾ ਸੀ। ਅਸਲੀਅਤ ਇਹ ਹੈ ਕਿ ਉਹ ਇਸ਼ਤਿਹਾਰ ਜਾਰੀ ਕਰਕੇ, ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਸਥਿਤੀ ਗੰਭੀਰ ਹੈ ਅਤੇ ਦਿਨੋ-ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ।"
ਉਨ੍ਹਾਂ ਨੇ ਸਦਨ ਨੂੰ 2014 ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਮੋਦੀ ਦੇ ਚੋਣ ਭਾਸ਼ਣਾਂ ਦੀ ਯਾਦ ਦਿਵਾਈ, ਜਿੱਥੇ ਉਹ ਦੁਨੀਆ ਦੀ ਅਗਵਾਈ ਕਰਨ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਜ਼ੁਮਲੇ ਦੇ ਰਹੇ ਸਨ। ਉਨ੍ਹਾਂ ਕਿਹਾ, "ਚੌਦਾਂ ਸਾਲ ਪਹਿਲਾਂ, ਉਹ ਐਲਾਨ ਕਰਦੇ ਸਨ ਕਿ 140 ਕਰੋੜ ਭਾਰਤੀ ਦੁਨੀਆ ਦੀ ਅਗਵਾਈ ਕਰਨਗੇ ਅਤੇ ਕਦੇ ਵੀ ਦਰਾਮਦ ਦੀ ਲੋੜ ਨਹੀਂ ਪਵੇਗੀ। ਅੱਜ, ਦੇਖੋ ਕਿ ਅਸੀਂ ਕਿੱਥੇ ਖੜ੍ਹੇ ਹਾਂ। ਉਹ ਵਿਸ਼ਵ ਗੁਰੂ ਬਣਨ ਜਾਂ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ।"
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ 12 ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ, ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਜੇ ਵੀ ਦੋਸਤਾਂ ਅਤੇ ਵਿਰੋਧੀਆਂ ਵਿੱਚ ਫ਼ਰਕ ਨਹੀਂ ਕਰ ਸਕੀ। ਇੱਕ-ਇੱਕ ਕਰਕੇ, ਹਰ ਗੁਆਂਢੀ ਦੇਸ਼ ਸਾਡੇ ਤੋਂ ਦੂਰ ਹੋ ਗਿਆ ਹੈ ਅਤੇ ਚੀਨ ਨਾਲ ਨੇੜਤਾ ਵਧਾ ਰਿਹਾ ਹੈ। ਇਹ ਉਨ੍ਹਾਂ ਦੀ ਵਿਦੇਸ਼ ਨੀਤੀ ਦੀ ਕੋਝੀ ਮਹਾਨਤਾ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਹਾਲੀਆ ਇਜ਼ਰਾਈਲੀ ਦੌਰੇ 'ਤੇ ਸਵਾਲ ਉਠਾਉਂਦਿਆਂ ਕਿਹਾ, "ਉਹ ਇਜ਼ਰਾਈਲ ਜਾਂਦੇ ਹਨ, ਨੇਤਨਯਾਹੂ ਨੂੰ ਜੱਫੀ ਪਾ ਕੇ ਮਿਲਦੇ ਹਨ ਅਤੇ ਅਗਲੇ ਹੀ ਦਿਨ ਅਮਰੀਕਾ ਅਤੇ ਇਜ਼ਰਾਈਲ ਈਰਾਨ ਦੀ ਚੋਟੀ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਲੀਡਰਸ਼ਿਪ ਨੂੰ ਖਤਮ ਕਰ ਦਿੰਦੇ ਹਨ।"
ਉਨ੍ਹਾਂ ਨੇ ਸਦਨ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਸਕੂਲ ‘ਤੇ ਕੀਤੇ ਉਸ ਭਿਆਨਕ ਹਮਲੇ ਬਾਰੇ ਵੀ ਯਾਦ ਦਿਵਾਇਆ ਜਿਸ ਵਿੱਚ ਸੈਂਕੜੇ ਤੋਂ ਵੱਧ ਬੱਚੇ ਮਾਰੇ ਗਏ ਸਨ ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਉਨ੍ਹਾਂ ਮਾਸੂਮ ਬੱਚਿਆਂ ਲਈ ਇੱਕ ਵੀ ਸ਼ਬਦ ਨਹੀਂ ਨਿਕਲਿਆ।
ਕੇਂਦਰ ਸਰਕਾਰ ਦੇ 12 ਸਾਲਾਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕੁਦਰਤੀ ਗੈਸ ਦਾ ਉਤਪਾਦਨ 2012 ਵਿੱਚ 40.68 ਬੀਸੀਐਮ ਤੋਂ ਘਟ ਕੇ 2024 ਵਿੱਚ 35 ਬੀਸੀਐਮ ਹੋ ਗਿਆ ਹੈ, ਜਦੋਂ ਕਿ ਇਸੇ ਸਮੇਂ ਦੌਰਾਨ ਖਪਤ 47 ਬੀਸੀਐਮ ਤੋਂ ਵੱਧ ਕੇ 69 ਬੀਸੀਐਮ ਹੋ ਗਈ ਹੈ। ਕੱਚੇ ਤੇਲ ਦਾ ਘਰੇਲੂ ਉਤਪਾਦਨ 2013-14 ਵਿੱਚ 37 ਮਿਲੀਅਨ ਮੀਟ੍ਰਿਕ ਟਨ ਤੋਂ ਘਟ ਕੇ 2023-24 ਵਿੱਚ 29 ਮਿਲੀਅਨ ਮੀਟ੍ਰਿਕ ਟਨ ਹੋ ਗਿਆ ਜਦਕਿ ਖਪਤ 158 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਕੇ 233 ਮਿਲੀਅਨ ਮੀਟ੍ਰਿਕ ਟਨ ਹੋ ਗਈ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਐਲਪੀਜੀ ਆਯਾਤ ਨਿਰਭਰਤਾ 2014 ਵਿੱਚ 45 ਫੀਸਦ ਤੋਂ ਵੱਧ ਕੇ 2025 ਵਿੱਚ 66 ਫੀਸਦ ਹੋ ਗਈ ਹੈ। ਉਨ੍ਹਾਂ ਕਿਹਾ, "ਇਹ ਉਨ੍ਹਾਂ ਦਾ 'ਆਤਮਨਿਰਭਰ ਭਾਰਤ' ਹੈ! ਅਸੀਂ ਅੱਜ ਆਪਣੀ ਰਸੋਈ ਗੈਸ ਦਾ ਦੋ ਤਿਹਾਈ ਹਿੱਸਾ ਆਯਾਤ ਕਰਦੇ ਹਾਂ। ਉਤਪਾਦਨ ਘਟ ਰਿਹਾ ਹੈ, ਖਪਤ ਅਸਮਾਨ ਛੂਹ ਰਹੀ ਹੈ ਅਤੇ ਉਹ ਆਤਮਨਿਰਭਰ ਦੀ ਗੱਲ ਕਰਦੇ ਹਨ। ਇਹ ਆਤਮਨਿਰਭਰ ਨਹੀਂ ਹੈ ਸਗੋਂ ਇਹ ਨਿਰਭਰਤਾ ਦਿਨੋ-ਦਿਨ ਵੱਧਦੀ ਜਾ ਰਹੀ ਹੈ।"
ਸ਼੍ਰੀ ਅਮਨ ਅਰੋੜਾ ਨੇ ਅਮਰੀਕਾ ਵਿੱਚ ਇੱਕ ਵੱਡੇ ਰਿਫਾਇਨਰੀ ਸਮਝੌਤੇ ਬਾਰੇ ਖ਼ਬਰ ਦਾ ਹਵਾਲਾ ਦਿੱਤਾ, ਜਿਸ ਨੂੰ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਊਰਜਾ ਕੰਪਨੀ ਰਿਲਾਇੰਸ ਇੰਡਸਟਰੀਜ਼ ਵੱਲੋਂ ਸਮਰਥਿਤ ਕੀਤਾ ਗਿਆ ਹੈ। ਫਿਰ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਟਵੀਟ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਰਤ ਅਤੇ ਰਿਲਾਇੰਸ ਦੇ "ਜ਼ਬਰਦਸਤ ਨਿਵੇਸ਼" ਲਈ ਧੰਨਵਾਦ ਕੀਤਾ ਗਿਆ ਸੀ ਜੋ "ਵਿਸ਼ਵਵਿਆਪੀ ਨਿਰਯਾਤ ਨੂੰ ਮਜ਼ਬੂਤੀ" ਦੇਵੇਗਾ ਅਤੇ ਅਮਰੀਕਾ ਵਿੱਚ "ਈਂਧਨ ਅਤੇ ਨੌਕਰੀਆਂ" ਦੇ ਮੌਕੇ ਪੈਦਾ ਕਰੇਗਾ।
ਮੰਤਰੀ ਨੇ ਕਿਹਾ, "ਇੱਕ ਪਾਸੇ, ਦੇਸ਼ ਦੇ 140 ਕਰੋੜ ਲੋਕ ਐਲਪੀਜੀ ਸਿਲੰਡਰਾਂ ਲਈ ਲਾਈਨਾਂ ਵਿੱਚ ਖੜ੍ਹੇ ਹਨ। ਦੂਜੇ ਪਾਸੇ, ਉਨ੍ਹਾਂ ਦਾ 'ਸਭ ਤੋਂ ਚੰਗਾ ਦੋਸਤ' ਅਮਰੀਕਾ ਨਾਲ ਅਰਬਾਂ ਡਾਲਰ ਦਾ ਰਿਫਾਇਨਰੀ ਸਮਝੌਤਾ ਕਰ ਰਿਹਾ ਹੈ। ਇੱਕ ਪਾਸੇ, ਸਾਡੀਆਂ ਮਾਵਾਂ ਰੋਟੀ ਨਹੀਂ ਪਕਾ ਸਕਦੀਆਂ। ਦੂਜੇ ਪਾਸੇ, ਭਾਰਤੀ ਪੈਸੇ ਨਾਲ ਦੁਨੀਆ ਨੂੰ ਤੇਲ ਦੇਣ ਲਈ ਰਿਫਾਇਨਰੀਆਂ ਬਣਾਈਆਂ ਜਾ ਰਹੀਆਂ ਹਨ। ਕੀ ਦੇਸ਼ ਲਈ ਇਸ ਤੋਂ ਵੱਧ ਕੋਈ ਅਪਮਾਨਜਨਕ ਸਥਿਤੀ ਹੋ ਸਕਦੀ ਹੈ?"
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਨਹੀਂ ਛੱਡੇਗੀ। ਤੇਲ ਅਤੇ ਐਲਪੀਜੀ ਸੈਕਟਰ 'ਤੇ ਕੇਂਦਰ ਦੇ ਕੰਟਰੋਲ ਦੇ ਬਾਵਜੂਦ, ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਦਿਨ ਰਾਤ ਕੰਮ ਕਰੇਗੀ ਕਿ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਪਵੇ।"
Click to Follow Babushahi Facebook page →