ਨਸ਼ਿਆਂ ਵਿਰੁੱਧ ਅੰਦੋਲਨ ਕਿਸੇ ਰਾਜਸੀ ਪਾਰਟੀ ਜਾਂ ਗਵਰਨਰ ਦਾ ਅੰਦੋਲਨ ਹੀ ਨਹੀਂ ਸਗੋਂ ਆਮ ਲੋਕਾਂ ਦਾ ਅੰਦੋਲਨ ਹੈ-ਰਾਜਪਾਲ ਪੰਜਾਬ
ਨਸ਼ਿਆਂ ਦਾ ਖਾਤਮਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ- ਰਾਜਪਾਲ ਗੁਲਾਬ ਚੰਦ ਕਟਾਰੀਆ
ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਸ਼ਿਆਂ ਵਿਰੁੱਧ ਕੱਢੇ ਜਨ ਅੰਦੋਲਨ ਵਿੱਚ ਹੋਣ ਸ਼ਾਮਿਲ
ਰਾਜਪਾਲ ਪੰਜਾਬ ਦੀ ਅਗਵਾਈ ਹੇਠ ਸੰਜੀਵ ਪੈਲਸ ਤੋਂ ਘੰਟਾਘਰ ਤੱਕ ਕੱਢੀ ਗਈ ਨਸ਼ਿਆਂ ਖਿਲਾਫ ਪੈਦਲ ਯਾਤਰਾ
ਫਾਜਿਲਕਾ, 11 ਫ਼ਰਵਰੀ:
ਪੰਜਾਬ ਨੂੰ ਨਸ਼ਾ ਕਰਨਾ ਮੁਕਤ ਕਰਕੇ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਵਿੱਚ ਸਰਕਾਰ ਲੱਗੀ ਹੋਈ ਹੈ ਤੇ ਇਸੇ ਤਹਿਤ ਹੀ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਗਿਆ ਹੈ! ਨਸ਼ਿਆਂ ਦਾ ਖਾਤਮਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਵੀ ਬਣਦੀ ਹੈ ਤਾਂ ਹੀ ਪੰਜਾਬ ਮੁੜ ਤੋਂ ਪਹਿਲਾਂ ਵਰਗਾ ਰੰਗਲਾ ਪੰਜਾਬ ਬਣ ਸਕੇ। ਇਹ ਪ੍ਰਗਟਾਵਾ ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਫਾਜਿਲਕਾ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਸੰਜੀਵ ਪੈਲਸ ਤੋਂ ਘੰਟਾ ਘਰ ਤੱਕ ਕੱਢੀ ਗਈ ਵਿਸ਼ਾਲ ਪੈਦਲ ਯਾਤਰਾ ਦੀ ਅਗਵਾਈ ਕਰਨ ਮੌਕੇ ਕੀਤਾ! ਇਸ ਰੈਲੀ ਨੂੰ ਸਫਲ ਬਣਾਉਣ ਵਿੱਚ ਕੇ. ਜੀ. ਐਫ ਦਾ ਵੀ ਸਹਿਯੋਗ ਰਿਹਾ।
ਇਸ ਪੈਦਲ ਯਾਤਰਾ ਵਿੱਚ ਕਈ ਯੂਨਵਰਸਿਟੀਆਂ ਦੇ ਉਪਕੁਲਪਤੀ, ਸਕੂਲਾਂ ਅਤੇ ਕਾਲਜਾਂ ਦੇ ਮੁਖੀ, ਐਨ.ਜੀ.ਓਜ਼, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ।
ਇਸ ਦੌਰਾਨ ਰਾਜਪਾਲ ਪੰਜਾਬ ਨੇ ਕਿਹਾ ਕਿ ਨਸ਼ਿਆਂ ਕਾਰਨ ਸਿਰਫ਼ ਵਿਅਕਤੀ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਭਾਰੀ ਨੁਕਸਾਨ ਹੁੰਦਾ ਹੈ, ਇਸ ਲਈ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਸਾਂਝੀ ਕੋਸ਼ਿਸ਼ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਬਲੀਦਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਡੇ ਦੇਸ਼ ਭਗਤਾਂ ਤੇ ਬਹਾਦਰ ਫੌਜ ਦੇ ਜਵਾਨਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤੇ ਅਸੀਂ ਇਸ ਛੋਟੀ ਜਿਹੀ ਨਸ਼ਿਆਂ ਦੀ ਅਲਾਮਤ ਨੂੰ ਖਤਮ ਨਹੀਂ ਕਰ ਸਕਦੇ? ਇਹ ਸਾਡਾ ਧਾਰਮਿਕ ਅਤੇ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨੂੰ ਜੜੋਂ ਮਿਟਾਈਏ।
ਯਾਤਰਾ ਉਪਰੰਤ ਘੰਟਾ ਘਰ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸਿੱਖਿਆ ਸੰਸਥਾਵਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਲੋੜ ਹੈ ਕਿਉਂਕਿ ਨੌਜਵਾਨੀ ਦੇ ਸਹੀ ਰਾਹ ’ਤੇ ਪੈਣ ਨਾਲ ਹੀ ਸੂਬੇ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਫੇਜ਼ ਵਾਈਜ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਸਫਲ ਬਣਾਉਣ ਲਈ ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਮੂਹ ਰਾਜਨੀਤਿਕ ਪਾਰਟੀਆਂ, ਪੰਚਾਇਤਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੁਸ਼ਮਣ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਸਮੇਤ ਕਈ ਕੜੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਸਾਜ਼ਿਸ਼ ਨੂੰ ਨਾਕਾਮ ਬਣਾਇਆ ਜਾ ਸਕੇ।
ਅੰਤ ਵਿੱਚ ਮਾਨਯੋਗ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਾਂਝੇ ਤੌਰ ’ਤੇ ਹੀ ਜਿੱਤੀ ਜਾ ਸਕਦੀ ਹੈ ਅਤੇ ਸਮੂਹ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਇਸ ਮਿਸ਼ਨ ਵਿੱਚ ਜਲਦੀ ਸਫਲਤਾ ਮਿਲੇਗੀ। ਇਸ ਤੋਂ ਪਹਿਲਾ ਮਾਨਯੋਗ ਰਾਜਪਾਲ ਵੱਲੋਂ
ਨਸ਼ਾ ਮੁਕਤੀ ਕੇਂਦਰ ਜੱਟਵਾਲੀ ਦਾ ਦੌਰਾ ਕਰਕੇ ਉਥੇ ਰਹਿ ਰਹੇ ਵਿਅਕਤੀਆਂ ਨਾਲ ਗੱਲਬਾਤ ਕੀਤੀ!
ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵੀਪੀ ਸਿੰਘ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਡਾਇਰੈਕਟਰ ਜਨਗਣਨਾ ਸੰਚਾਲਨ ਲਲਿਤ ਜੈਨ, ਰੈੱਡ ਕਰਾਸ ਦੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ, ਐਸ.ਐਸ.ਪੀ. ਸ. ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸ਼ੁਭਾਸ ਚੰਦਰ, ਕੇਜੀਐਫ ਦੇ ਆਗੂ ਕਰਨ ਗਿਲਹੋਤਰਾ ਸਮੇਤ ਰਾਜਨੀਤਿਕ ਪਾਰਟੀਆਂ ਦੇ ਆਗੂ, ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ, ਵੱਖ-ਵੱਖ ਐਨ.ਜੀ.ਓਜ਼, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਿੱਖਿਆ ਸੰਸਥਾਵਾਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਆਦਿ ਹਾਜ਼ਰ ਸਨ।