ਰਮਨ ਬਹਿਲ ਵਲੋਂ ਸੰਪਾਦਿਤ ਪੁਸਤਕ ‘ਬੀਬਾ ਬਲਵੰਤ’ ਲੋਕ ਅਰਪਣ
ਰੋਹਿਤ ਗੁਪਤਾ
ਗੁਰਦਾਸਪੁਰ, 30 ਜਨਵਰੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਚਿਤਰਕਾਰ, ਫੋਟੋਗ੍ਰਾਫਰ ਅਤੇ ਫਿਲਮ ਅਦਾਕਾਰ ਬੀਬਾ ਬਲਵੰਤ ਦੀ ਸ਼ਖਸੀਅਤ ਅਤੇ ਕਾਵਿ-ਚਿੰਤਨ ‘ਤੇ ਆਧਾਰਿਤ ਡਾ. ਪਰਮਜੀਤ ਸਿੰਘ ਢੀਂਗਰਾ ਦੁਆਰਾ ਸੰਪਾਦਿਤ ਪੁਸਤਕ ‘ਬੀਬਾ ਬਲਵੰਤ’ ਦਾ ਲੋਕ ਅਰਪਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ।
ਇਸ ਮੌਕੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਰਮਨ ਬਹਿਲ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਬੀਬਾ ਬਲਵੰਤ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਕਾਵਿ-ਸੰਵੇਦਨਾ ‘ਤੇ ਆਧਾਰਿਤ ਕੁੱਲ 52 ਲੇਖਕਾਂ ਨੇ ਉਨ੍ਹਾਂ ਦੀ ਜੀਵਨੀ ਅਤੇ ਕਵਿਤਾਵਾਂ ਨੂੰ ਵਿਸਥਾਰ ਨਾਲ ਉਜਾਗਰ ਕੀਤਾ ਹੈ।
ਇਸ ਦੌਰਾਨ ਬੀਬਾ ਬਲਵੰਤ ਨੇ ਆਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਕੁੱਲ 8 ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 2 ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੀਆਂ 2 ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਜੀਵਨ ‘ਤੇ ਆਧਾਰਿਤ 64 ਪੰਨਿਆਂ ਦੀ ਇੱਕ ਕਿਤਾਬ ਵੀ ਲਿਖੀ ਹੈ।
ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਅਵਤਾਰ ਸਿੰਘ, ਵਿਕਾਸ ਸ਼ਿੰਗਾਰੀ, ਕੇ.ਪੀ ਸਿੰਘ, ਬਲਾਕ ਸੰਮਤੀ ਦੇ ਮੈਬਰ ਲਖਵਿੰਦਰ ਸਿੰਘ, ਸਰਬਜੀਤ ਸਿੰਘ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਮੌਜੂਦ ਸਨ।